ਕੈਲਗਰੀ: 100 ਸਾਲ ਪਹਿਲਾਂ ਵਾਪਰੇ ਕਾਮਾਗਾਟਾ ਮਾਰੂ ਦੁਖਾਂਤ ਲਈ ਕਨੇਡਾ ਸਰਕਾਰ ਪਾਰਲੀਮੈਂਟ ਵਿੱਚ ਮੁਆਫੀ ਮੰਗੇ, ਦੀ ਮੰਗ ਹੁਣ ਜ਼ੋਰ ਫਡ਼ਦੀ ਜਾ ਰਹੀ ਹੈ।ਬੇਸ਼ਕ ਕੁਝ ਸਾਲ ਪਹਿਲਾਂ ਬੀ. ਸੀ. ਦੇ ਇੱਕ ਸ਼ਹਿਰ ਵਿੱਚ ਕਨੇਡਾ ਦੇ ਪ੍ਰਧਾਨ ਮੰਤਰੀ ਮਾਨਯੋਗ ਸਟੀਫਨ ਹਾਰਪਰ ਵਲੋਂ ਇਸ ਕਾਂਡ ਲਈ ਜਨਤਕ ਮੁਆਫੀ ਮੰਗੀ ਗਈ ਸੀ।ਪਰ ਇਸ ਨਾਲ ਭਾਰਤੀ ਭਾਈਚਾਰੇ ਨੂੰ ਤਸੱਲੀ ਨਹੀਂ ਹੋਈ ਸੀ। ਇਸ ਲਈ ਇਹ ਮੰਗ ਵਾਰ ਵਾਰ ਉਠਦੀ ਰਹੀ ਕਿ ਮੁਆਫੀ ਪਾਰਲੀਮੈਂਟ ਵਿੱਚ ਮੰਗੀ ਜਾਣੀ ਚਾਹੀਦੀ ਹੈ ਕਿਉਂਕਿ ਪਾਰਲੀਮੈਂਟ ਵਲੋਂ ਪਾਸ ਕੀਤੇ ਕਨੂੰਨ ਅਨੁਸਾਰ ਹੀ ਕਾਮਾਗਾਟਾ ਮਾਰੂ ਜਹਾਜ ਦੇ 376 ਯਾਤਰੀਆਂ ਨੂੰ 2 ਮਹੀਨੇ ਕਰੀਬ ਪਾਣੀ ਵਿੱਚ ਖਡ਼ਾ ਰੱਖਣ ਤੋਂ ਬਾਅਦ ਧੱਕੇ ਨਾਲ ਵਾਪਿਸ ਭੇਜ ਦਿੱਤਾ ਗਿਆ ਸੀ।ਹੁਣ ਜਦੋਂ ਕਿ ਕਨੇਡਾ ਭਰ ਵਿੱਚ ਕਾਮਾਗਾਟਾ ਮਾਰੂ ਕਾਂਡ ਦੀ 100 ਸਾਲਾ ਬਰਸੀ ਮਨਾਈ ਜਾ ਰਹੀ ਹੈ ਤਾਂ ਕੈਲਗਰੀ ਦੀਆਂ 8 ਸੰਸਥਾਵਾਂ ਵਲੋਂ ਜਾਰੀ ਸਾਂਝੇ ਬਿਆਨ ਵਿੱਚ ਇਹ ਮੰਗ ਉਠਾਈ ਹੈ ਕਿ ਕਨੇਡੀਅਨ ਪਾਰਲੀਮੈਂਟ ਨੂੰ ਕਾਮਾਗਾਟਾ ਮਾਰੂ ਦੁਖਾਂਤ ਲਈ ਮੁਆਫੀ ਮੰਗ ਕੇ ਇੱਕ ਨਵੇਂ ਚੈਪਟਰ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਕਿ ਅੱਜ ਦੇ ਮਲਟੀ ਕਲਰਲ ਕਨੇਡਾ ਵਿੱਚ ਧੱਕੇ, ਬੇਇਨਸਾਫੀ ਜਾਂ ਨਸਲਵਾਦ ਨੂੰ ਕੋਈ ਥਾਂ ਨਹੀਂ ਹੈ।ਇਸ ਮੰਗ ਦੀ ਹਮਾਇਤ ਕਰਨ ਵਾਲੀਆਂ ਸੰਸਥਾਵਾਂ ਵਿੱਚ ਪੰਜਾਬੀ ਲਿਖਾਰੀ ਸਭਾ ਕੈਲਗਰੀ, ਪੰਜਾਬੀ ਸਾਹਿਤ ਸਭਾ ਕੈਲਗਰੀ, ਅਰਪਨ ਲਿਖਾਰੀ ਸਭਾ ਕੈਲਗਰੀ, ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਸਿੱਖ ਵਿਰਸਾ ਇੰਟਰਨੈਸ਼ਨਲ ਕੈਲਗਰੀ, ਇੰਕਾ ਸੀਨੀਅਰ ਸਿਟੀਜ਼ਨ ਸੁਸਾਇਟੀ ਕੈਲਗਰੀ, ਦਸ਼ਮੇਸ਼ ਕਲਚਰ ਸੀਨੀਅਰ ਸਿਟੀਜ਼ਨ ਸੁਸਾਇਟੀ ਕੈਲਗਰੀ, ਆਮ ਆਦਮੀ ਪਾਰਟੀ ਕੈਲਗਰੀ ਦੇ ਨਾਮ ਸ਼ਾਮਿਲ ਹਨ। ਉਪੁਰੋਕਤ ਸੰਸਥਾਵਾਂ ਦੇ ਸਹਿਯੋਗ ਨਾਲ ‘ਡੈਮੋਕਰੈਟਿਕ ਐਂਡ ਹਿਊਮਨ ਰਾਈਟਸ ਕਮੇਟੀ’ ਵਲੋਂ ਜਾਰੀ ਇਸ ਬਿਆਨ ਵਿੱਚ ਜਾਣਕਾਰੀ ਦਿੱਤੀ ਗਈ ਕਿ ਕਿਵੇਂ ਕਾਮਾਗਾਟਾ ਮਾਰੂ ਜਹਾਜ਼, ਜਿਸਦੀ ਅਗਵਾਈ ਭਾਈ ਗੁਰਦਿੱਤ ਸਿੰਘ ਕਰ ਰਹੇ ਸਨ, ਸਮੇਤ ਸਾਰੇ ਯਾਤਰੀਆਂ ਨਾਲ ਨਾ ਸਿਰਫ ਅਣਮਨੁੱਖੀ ਵਿਵਹਾਰ ਕੀਤਾ ਗਿਆ, ਸਗੋਂ ਮੁਢਲੀਆਂ ਮਨੁੱਖੀ ਲੋਡ਼ਾਂ ਦੀ ਪੂਰਤੀ ਤੋਂ ਬਿਨਾਂ ਹੀ 2 ਮਹੀਨੇ ਬਾਅਦ ਧੱਕੇ ਨਾਲ ਜਹਾਜ਼ ਵਾਪਿਸ ਭੇਜ ਦਿੱਤਾ ਗਿਆ, ਜਿਸ ਨਾਲ ਜਹਾਜ਼ ਦੇ ਇੰਡੀਆ ਪਹੁੰਚਣ ਤੇ ਅੰਗਰੇਜ਼ ਪੁਲਿਸ ਵਲੋਂ ਚਲਾਈ ਗੋਲੀ ਨਾਲ ਕਈ ਯਾਤਰੀ ਮਾਰੇ ਗਏ ਸਨ ਤੇ ਬਹੁਤ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਨ੍ਹਾਂ ਦੀ ਜ਼ਾਇਦਾਦਾਂ ਜ਼ਬਤ ਕਰ ਲਈਆਂ ਗਈਆਂ ਸਨ। ‘ਡੈਮੋਕਰੈਟਿਕ ਐਂਡ ਹਿਊਮਨ ਰਾਈਟਸ ਕਮੇਟੀ’ ਦੇ ਬੁਲਾਰੇ ਹਰਚਰਨ ਪਰਹਾਰ ਨੇ ਅੱਗੇ ਕਿਹਾ ਕਿ ਕਨੇਡਾ ਸਰਕਾਰ ਵਲੋਂ ਪਾਰਲੀਮੈਂਟ ਵਿੱਚ ਮੁਆਫੀ ਮੰਗਣ ਨਾਲ ਨਾ ਸਿਰਫ ਇੰਡੋ ਕਨੇਡੀਅਨ ਭਾਈਚਾਰੇ ਨੂੰ ਰਾਹਤ ਮਹਿਸੂਸ ਹੋਵੇਗੀ, ਸਗੋਂ ਕਨੇਡਾ ਦੇ ਇਤਿਹਾਸ ਦੇ ਇਸ ਕਾਲੇ ਧੱਬੇ ਨੂੰ ਸਾਫ ਕਰਨ ਵਿੱਚ ਵੀ ਮੱਦਦ ਮਿਲੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਮੁਆਫੀ ਲਈ ਸਾਂਝਾ ਮੰਗ ਪੱਤਰ ਅਗਲੇ ਦਿਨਾਂ ਵਿੱਚ ਕੈਲਗਰੀ ਦੇ ਸਾਰੇ ਐਮ. ਪੀਜ਼ ਨੂੰ ਮੈਮੋਰੰਡਮ ਦੇ ਰੂਪ ਵਿੱਚ ਉਨ੍ਹਾਂ ਦੇ ਦਫਤਰਾਂ ਵਿੱਚ ਦਿੱਤਾ ਜਾਵੇਗਾ ਤਾਂ ਕਿ ਉਹ ਇਹ ਮੰਗ ਪੱਤਰ ਪਾਰਲੀਮੈਂਟ ਤੱਕ ਪਹੁੰਚਾ ਸਕਣ।ਇਸ ਸਬੰਧੀ ਕਿਸੇ ਵਧੇਰੇ ਜਾਣਕਾਰੀ ਲਈ ਹਰਚਰਨ ਪਰਹਾਰ ਨਾਲ 403-681-8689 ਜਾਂ dhrccalgary@gmail.com ਤੇ ਸੰਪਰਕ ਕੀਤਾ ਜਾ ਸਕਦਾ ਹੈ।