ਕਨੇਡੀਅਨ ਲੇਖਕ ਮੋਹਨ ਗਿੱਲ ਨੂੰ ਦਿੱਤਾ ਜਾਵੇਗਾ 15ਵਾਂ ‘ਇਕਬਾਲ ਅਰਪਨ ਯਾਦਗਾਰੀ ਅਵਾਰਡ’
ਕੈਲਗਰੀ ਦੇ ਨੌਜਵਾਨ ਕਹਾਣੀਕਾਰ ਦਵਿੰਦਰ ਮਲਹਾਂਸ ਨੂੰ ਦਿੱਤਾ ਜਾਵੇਗਾ ਡਾ ਦਰਸ਼ਨ ਗਿੱਲ ਯਾਦਗਾਰੀ ਅਵਾਰਡ
ਬਲਜਿੰਦਰ ਸੰਘਾ – ਪੰਜਾਬੀ ਲਿਖ਼ਾਰੀ ਸਭਾ ਕੈਲਗਰੀ (ਰਜਿ) ਜਿਸਦਾ ਮੁੱਖ ਟੀਚਾ ਪੰਜਾਬੀ ਸਾਹਿਤ ਅਤੇ ਬੋਲੀ ਨੂੰ ਪ੍ਰਫੁੱਲਤ ਕਰਨਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਨਾਲ ਜੋੜਨਾ ਹੈ। ਸਮੇਂ-ਸਮੇਂ ਅਜਿਹੇ ਪ੍ਰੋਗਾਰਮ ਉਲਕੀਦੀ ਰਹਿੰਦੀ ਹੈ ਅਤੇ ਪਿਛਲੇ 14 ਸਾਲ ਤੋਂ ਹਰ ਸਾਲ ਇਕ ਸਲਾਨਾ ਸਮਾਗਮ ਕੀਤਾ ਜਾਂਦਾ ਹੈ। ਜਿਸ ਵਿਚ ਕੈਨੇਡਾ ਦੀ ਧਰਤੀ ਤੇ ਰਹਿੰਦੇ ਪੰਜਾਬੀ ਮਾਂ ਬੋਲੀ ਨਾਲ ਜੁੜੇ ਕਿਸੇ ਪ੍ਰਸਿੱਧ ਲੇਖਕ ਜਾਂ ਲੇਖਿਕਾ ਦਾ ਸਨਮਾਨ ਕੀਤਾ ਜਾਂਦਾ ਹੈ, ਸ਼ਾਨਦਾਰ ਕਵੀ ਦਰਬਾਰ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ। ਇਸ ਸਾਲ 15ਵੇਂ ਸਲਾਨਾ ਸਮਾਗਮ ਵਿਚ ਕੈਨੇਡਾ ਵਿਚ ਰਹਿੰਦਿਆਂ ਪੰਜਾਬੀ ਬੋਲੀ ਅਤੇ ਸਾਹਿਤ ਲਈ ਕੰਮ ਕਰਨ ਵਾਲੇ ਮੋਹਨ ਗਿੱਲ ਜੀ (ਸਰ੍ਹੀ) ਨੂੰ ਸਭਾ ਦੇ ਬਾਨੀ ਸਵ: ‘ਇਕਬਾਲ ਅਰਪਨ ਯਾਦਗਾਰੀ ਅਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਅਵਾਰਡ ਵਿਚ ਇਕ ਪਲੈਕ ਅਤੇ 1000 ਕਨੇਡੀਅਨ ਡਾਲਰ ਦੀ ਰਾਸ਼ੀ ਦਿੱਤੀ ਜਾਂਦੀ ਹੈ। ਇਹ ਪ੍ਰੋਗਰਾਮ 31 ਮਈ 2014 ਦਿਨ ਸ਼ਨਿੱਚਰਵਾਰ ਨੂੰ ਵਾਈਟਹੌਰਨ ਕਮਿਊਨਟੀ ਹਾਲ ਨਾਰਥ ਈਸਟ ਕੈਲਗਰੀ ਵਿਚ ਠੀਕ 12:30 ਤੋਂ 3:30 ਤੱਕ ਹੋਵੇਗਾ। ਜੇਕਰ ਮੋਹਨ ਗਿੱਲ ਜੀ ਦੇ ਸਾਹਿਤਕ ਸਫਰ ਦੀ ਗੱਲ ਕਰੀਏ ਤਾਂ ਉਹ ਕਾਲਜ ਪੜ੍ਹਦੇ ਸਮੇਂ ਕਾਲਜ ਦੇ ਮੈਗਜ਼ੀਨ ਦੇ ਸੰਪਾਦਕ ਰਹੇ ਅਤੇ 1977 ਵਿਚ ਆਪਣੇ ਪਿੰਡ ਡੇਹਲੋਂ (ਲੁਧਿਆਣਾ) ਤੋਂ ਕੈਨੇਡਾ ਪਰਵਾਸ ਕਰਨ ਉਪਰੰਤ ਵੀ ਆਪਣੀ ਸਾਹਿਤਕ ਲਗਨ ਉੱਪਰ ਡਾਲਰਾਂ ਦਾ ਪ੍ਰਭਾਵ ਨਹੀਂ ਪੈਣ ਦਿੱਤਾ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਬਾਨੀ ਮੈਂਬਰਾਂ ਵਿਚੋਂ ਹਨ ਅਤੇ ਉਹਨਾਂ ਹੁਣ ਤੱਕ ਗਿਰਝਾਂ ਦੀ ਹੜਤਾਲ,ਬਨਵਾਸ ਤੋਂ ਬਾਅਦ, ਤ੍ਰੇਲ ਤੁਪਕੇ,ਮੋਖਸ਼, ਜੀਵਨ ਪੰਧ ਦਾ ਸੁਹਜ,ਮੋਖਸ਼ (ਹਿੰਦੀ ਅਨੁਵਾਦ) ਪੁਸਤਕਾਂ ਸਾਹਿਤ ਦੀ ਝੋਲੀ ਪਾਈਆ ਅਤੇ ਅੱਧੀ ਦਰਜ਼ਨ ਦੇ ਕਰੀਬ ਪੁਸਤਕਾਂ ਦੀ ਸੰਪਾਦਨਾ ਕੀਤੀ। ਜਿੱਥੇ ਉਹ ਸਾਹਿਤਕ ਹਲਕਿਆਂ ਵਿਚ ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਸਰਗਰਮ ਹਨ ਉੱਥੇ, ਟੀ.ਵੀ. ਪ੍ਰੋਗਰਾਮਾਂ ਵਿਚ ਲੇਖਕਾਂ ਨਾਲ ਰੂਬਰੂ ਕਰਨ, ਸੱਭਿਆਚਾਰਕ ਗਤੀਵਿਧੀਆਂ, ਸਵੈ-ਸੇਵੀ ਸੰਸਥਾਵਾਂ ਨਾਲ ਵੀ ਲਗਾਤਾਰ ਵਲੰਟੀਅਰ ਕਰ ਰਹੇ ਹਨ। ਉਹਨਾਂ ਦਾ ਕਾਵਿ-ਨਾਟਕ ‘ਗਿਰਝਾਂ ਦੀ ਹੜਤਾਲ’ ਪੰਜਾਹ ਵਾਰ ਤੋਂ ਵੱਧ ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਸਟੇਜ ਤੇ ਖੇਡਿਆ ਜਾ ਚੁੱਕਾ ਹੈ। ਪੰਜਾਬੀ ਲਿਖ਼ਾਰੀ ਸਭਾ ਕੈਲਗਰੀ (ਕੈਨੇਡਾ) ਦੇ ਪ੍ਰਧਾਨ ਹਰੀਪਾਲ ਤੇ ਜਨਰਲ ਸਕੱਤਰ ਸੁਖਪਾਲ ਪਰਮਾਰ ਅਨੁਸਾਰ ਜਿੱਥੇ ਸਭਾ ਦੇ ਇਸ ਸਲਾਨਾ ਸਮਾਗਮ ਵਿਚ ਮੋਹਨ ਗਿੱਲ ਨੂੰ ‘ਇਕਬਾਲ ਅਰਪਨ ਯਾਦਗਾਰੀ ਅਵਾਰਡ’ਨਾਲ ਸਨਮਾਨਿਤ ਕੀਤਾ ਜਾਵੇਗਾ, ਉੱਥੇ ਹੀ ਸਭਾ ਵੱਲੋਂ ਸ਼ੁਰੂ ਕੀਤਾ ਗਿਆ ਡਾ ਦਰਸ਼ਨ ਗਿੱਲ ਯਾਦਗਾਰੀ ਅਵਾਰਡ ਕੈਲਗਰੀ ਦੇ ਨੌਜਵਾਨ ਕਹਾਣੀਕਾਰ ਦਵਿੰਦਰ ਮਲਹਾਂਸ ਨੂੰ ਦਿੱਤਾ ਜਾਵੇਗਾ। ਉਹਨਾਂ ਉਪਰੋਤਕ ਤਰੀਕ ਨੂੰ ਇਸ ਪ੍ਰੋਗਰਾਮ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਮੀਡੀਏ ਨੂੰ ਵਿਸ਼ੇਸ਼ ਸਹਿਯੋਗ ਦੀ ਅਪੀਲ ਵੀ ਕੀਤੀ।