ਬਲਜਿੰਦਰ ਸੰਘਾ-ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਗ਼ਜ਼ਲਗੋ ਗੁਰਦਰਸ਼ਨ ਬਾਦਲ (ਸਰੀ,ਕੈਨੇਡਾ) ਦੁਆਰਾ ਲਿਖ਼ੀ ਕਿਤਾਬ ‘ਸੁਖੈਨ ਗ਼ਜ਼ਲ’ ਜਿਸ ਵਿਚ ਗ਼ਜ਼ਲ ਦੇ ਰੂਪ-ਵਿਧਾਨ ਬਾਰੇ ਬਹੁਤ ਹੀ ਸਰਲ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਹੈ, ਮਾਰਚ 18, 2014 ਦਿਨ ਐਤਵਾਰ ਨੂੰ ਠੀਕ ਦੋ ਵਜੇ ਕੋਸੋ ਹਾਲ ਕੈਲਗਰੀ ਵਿਚ ਰੀਲੀਜ਼ ਕੀਤੀ ਜਾਵੇਗੀ। ਇਸ ਕਿਤਾਬ ਬਾਰੇ ਲੇਖਕ ਦਾ ਕਹਿਣਾ ਹੈ ਕਿ ਗ਼ਜ਼ਲ ਬਾਹਰੋਂ ਆਈ ਕਵਿਤਾ ਦੀ ਸਿਨਫ ਹੈ, ਇਸ ਲਈ ਇਸਦਾ ਰੂਪ-ਵਿਧਾਨ ਵੀ ਅਰਬੀ/ਫਾਰਸੀ ਭਾਵ ਬਾਹਰਲਾ ਹੈ, ਸੋ ਇਸਦਾ ਮੁੱਢਲਾ ਹੱਕ ਜਾਂ ਕਾਪੀ ਰਾਈਟ ਵੀ ਮੁੱਢਲੇ ਲੇਖਕ ਕੋਲ ਹੀ ਹੈ ਜਿਸਨੇ ਗ਼ਜ਼ਲ ਦੇ ਰੂਪ-ਵਿਧਾਨ ਦੀ ਕਾਢ ਕੱਢੀ। ਲੇਖਕ ਅਨੁਸਾਰ ਇਸ ਬਾਰੇ ਲਿਖਣ ਵਾਲੇ ਹੋਰ ਲੇਖਕਾਂ ਵਾਂਗ ਇਸ ਕਿਤਾਬ ਦੀ ਸਿਰਫ ਸ਼ਬਦਾਵਲੀ ਹੀ ਮੇਰੀ ਹੈ’ ਇਸ ਕਿਤਾਬ ਦੀ ਖ਼ਾਸੀਅਤ ਇਹ ਹੈ ਕਿ ਇਸ ਵਿਚ ਪਿੰਗਲ ਬਾਰੇ ਜਾਣਕਾਰੀ ਨਹੀਂ ਤੇ ਸਿਰਫ ਅਰੂਜ਼ ਬਾਰੇ ਹੀ ਬਹੁਤ ਸਰਲ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਹੈ,1965 ਤੋਂ ਕਾਵਿ-ਸੰਗਰਹਿ ‘ਜੰਗੀ ਨਗ਼ਮੇ’ ਨਾਲ ਆਪਣਾ ਸਾਹਿਤਕ ਸਫਰ ਸ਼ੁਰੂ ਕਰਨ ਵਾਲੇ ਇਸ ਲੇਖਕ ਦੁਆਰਾ ਲਿਖ਼ੀ ਇਹ ਕਿਤਾਬ ਗ਼ਜ਼ਲ ਦੇ ਖੇਤਰ ਵਿਚ ਆਉਣ ਦੇ ਚਾਹਵਾਨ ਨਵੇਂ ਸਿਖਿਆਰਥੀਆਂ ਲਈ ਪੰਦਰਾਂ ਸਾਲ ਦੀ ਮਿਹਨਤ ਨਾਲ ਤਿਆਰ ਕੀਤਾ ਇੱਕ ਅਣਮੁੱਲਾ ਤੋਹਫਾ ਹੈ। ਸਰੀ,ਕੈਨੇਡਾ ਵਸਦੇ ਇਸ ਲੇਖਕ ਦੁਆਰਾ ਹੁਣ ਤੱਕ 13 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਜਾ ਚੁੱਕੀਆਂ ਹਨ। ਸਭਾ ਦੇ ਜਨਰਲ ਸਕੱਤਰ ਸੁਖਪਾਲ ਪਰਮਾਰ ਅਨੁਸਾਰ ਕਿਤਾਬ ਰੀਲੀਜ਼ ਤੋਂ ਇਲਾਵਾ ਗੁਰਬਚਨ ਬਰਾੜ ਦੁਆਰਾ ਪੰਜਾਬੀ ਸੱਭਿਆਚਾਰ ਬਾਰੇ ਲਿਖਿਆ ਪਰਚਾ ਵੀ ਪੜਿਆ ਜਾਵੇਗਾ ਅਤੇ ਹੋਰ ਲੇਖਕਾਂ ਵੱਲੋਂ ਵੀ ਰਚਨਾਵਾਂ ਪੇਸ਼ ਕੀਤੀਆਂ ਜਾਣਗੀਆਂ। ਹੋਰ ਜਾਣਕਾਰੀ ਲਈ ਸਭਾ ਦੇ ਜਨਰਲ ਸਕੱਤਰ ਸੁਖਪਾਲ ਪਰਮਾਰ ਨਾਲ 403-830-2374 ਤੇ ਜਾਂ ਸਭਾ ਦੇ ਪ੍ਰਧਾਨ ਹਰੀਪਾਲ ਨਾਲ 403-714-4816 ਤੇ ਸਪੰਰਕ ਕੀਤਾ ਜਾ ਸਕਦਾ ਹੈ।