ਮਾਸਟਰ ਭਜਨ ਗਿੱਲ (ਕੈਲਗਰੀ) : ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਤੇ ਆਯੋਜਿਤ ਪ੍ਰੋਗਰਾਮ ਵਿੱਚ ਵੱਖ ਵੱਖ ਬੁਲਾਰਿਆਂ ਨੇ ਵਿਚਾਰ ਚਰਚਾ ਕੀਤੀ । ਸੋਸ਼ਲ ਵਰਕਰ ਲੀਜ਼ਾ ਲਾਰਨ ਜੈਟੀ, ਜੋ ਕੈਲਗਰੀ ਯੂਨੀਵਰਸਿਟੀ ਤੋਂ ਵਰਕਰਜ਼ (ਸੋਸ਼ਲ) ਤੇ ਪੀ ਐੱਚ ਡੀ ਕਰ ਰਹੇ ਹਨ, ਮੁੱਖ ਬੁਲਾਰੇ ਦੇ ਤੌਰ ਤੇ ਪੁੱਜੇ ਹੋਏ ਸਨ । ਓਹਨਾਂ ਕਿਹਾ ਕਿ ਵਰਕਰਜ਼ ਦੀਆਂ ਬੁਰੀਆਂ ਹਾਲਤਾਂ ਲਈ ਪੂੰਜੀਵਾਦ ਪ੍ਰਬੰਧ ਜੁੰਮੇਵਾਰ ਹੈ । ਜੇ ਵਰਕਰਜ਼ ਇਸ ਲਈ ਜਾਗਰੂਕ ਨਹੀਂ ਹੋਣਗੇ ਤਾਂ ਓਹ ਇਸ ਨਾ-ਬਰਾਬਰੀ ਪੈਦਾ ਕਰਨ ਵਾਲੇ ਸਿਸਟਮ ਖ਼ਿਲਾਫ ਠੀਕ ਦਿਸ਼ਾ ਵਿੱਚ ਲੜਾਈ ਨਹੀਂ ਲੜ ਸਕਣਗੇ । ਅੱਜ ਸਮਾਂ ਮਿਨੀਮਮ ਵੇਜ ਦੀ ਗੱਲ ਕਰਨ ਦਾ ਨਹੀਂ ਸਗੋਂ ਮੈਕਸੀਮਮ ਵੇਜ ਬਾਰੇ ਗੱਲ ਕਰਨ ਦਾ ਹੈ ਕਿ ਐਨਾ ਵੱਧ ਕਿਓਂ ? ਓਹਨਾਂ ਕਿਹਾ ਕਿ 2010 ਦੇ ਅੰਕੜਿਆਂ ਅਨੁਸਾਰ ਦੁਨੀਆਂ ਦੇ 100 ਘਰਾਣਿਆਂ ਦੀ ਇੱਕ ਸਾਲ ਦੀ ਕਮਾਈ ਨਾਲ ਚਾਰ ਵਾਰੀ ਦੁਨੀਆਂ ਦੇ ਗਰੀਬਾਂ ਦੀ ਗਰੀਬੀ ਦੂਰ ਕੀਤੀ ਜਾ ਸਕਦੀ ਹੈ । ਨਸਲੀ ਵਿਤਕਰੇ ਬਾਰੇ ਬੋਲਦਿਆਂ ਓਹਨਾਂ ਦੱਸਿਆ ਕਿ ਗੋਰਿਆਂ ਤੋਂ ਬਿਨਾਂ ਵੱਖੋ ਵੱਖ ਕਮਿਊਨਿਟੀਆਂ/ਦੇਸ਼ਾਂ ਤੋਂ ਪੁੱਜੇ ਲੋਕਾਂ ਨੂੰ 65% ਘੱਟ ਤਨਖ਼ਾਹ ਦੇ ਕੇ ਵਿਤਕਰਾ ਕੀਤਾ ਜਾ ਰਿਹਾ ਹੈ । ਮਰਦਾਂ ਦੇ ਮੁਕਾਬਲੇ ਔਰਤਾਂ 55% ਘੱਟ ਤਨਖ਼ਾਹ ਲੇ ਕੇ ਲਿੰਗਕ ਭੇਦ-ਭਾਵ ਦਾ ਸ਼ਿਕਾਰ ਹੋ ਰਹੀਆਂ ਹਨ । ਵਰਕ ਪਰਮਿਟ ਤੇ ਆਏ ਲੋਕਾਂ ਨੂੰ ਪੀ ਆਰ ਲੈਣ ਲਈ ਭਾਰੀ ਮੁਸ਼ਕਲਾਂ ਨਾਲ ਜੂਝਣਾ ਪੈ ਰਿਹਾ ਹੈ । ਉਨ੍ਹਾਂ ਨੂੰ ਪੱਕੇ ਕਰਨ Ḕਚ ਸਾਜਿਸ਼ ਕਿਓਂ ? ਲੀਜ਼ਾ ਲਾਰਨ ਜੈਟੀ ਕੈਲਗਰੀ ਦੀਆਂ ਕਈ ਸੋਸ਼ਲ ਜੱਥੇਬੰਦੀਆਂ ਨਾਲ ਲੰਮੇ ਸਮੇਂ ਤੋਂ ਸਰਗਰਮੀ ਨਾਲ ਕੰਮ ਕਰ ਰਹੀ ਹੈ । ਕਮਲਪ੍ਰੀਤ ਪੰਧੇਰ ਨੇ ਪੰਜਾਬੀ ਤਰਜਮਾਂ ਕੀਤਾ ।
ਪ੍ਰਧਾਨ ਸੋਹਨ ਮਾਨ ਨੇ ਮਈ ਦਿਨ ਦੇ ਇਤਿਹਾਸ ਬਾਰੇ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕੀਤੀ । ਓਹਨਾਂ ਕਿਹਾ ਕਿ ਅਮਰੀਕਾ ਦੇ ਸ਼ਹਿਰ ਸ਼ਿਕਾਗੋ Ḕਚ 1886 ਵਿੱਚ ਸ਼ਾਂਤਮਈ ਹੜਤਾਲ ਕਰ ਰਹੇ ਮਜ਼ਦੂਰਾਂ ਉੱਪਰ ਕਾਰਖਾਨੇ ਦੇ ਮਾਲਕਾਂ ਅਤੇ ਪੁਲੀਸ ਵੱਲੋਂ ਗੋਲੀਆਂ ਚਲਾ ਕੇ 6 ਮਜ਼ਦੂਰਾਂ ਨੂੰ ਸ਼ਹੀਦ ਕਰ ਦਿੱਤਾ ਗਿਆ । ਮਜ਼ਦੂਰਾਂ ਦੇ ਖੂਨ ਨੇ ਚਿੱਟੇ ਝੰਡੇ ਨੂੰ ਲਾਲ ਫਰੇਰਾ ਬਣਾ ਦਿੱਤਾ । ਗੁਰਬਚਨ ਬਰਾੜ ਨੇ ਬੋਲਦਿਆਂ ਕਿਹਾ ਕਿ ਕੈਨੇਡਾ ਵਿੱਚ ਉੱਪਰਲੇ 10% ਲੋਕਾਂ ਦੀ ਆਮਦਨ 87% ਹੈ ਜਦੋਂ ਕਿ ਬਾਕੀ 90% ਲੋਕਾਂ ਨੂੰ ਸਿਰਫ 13% ਤਨਖ਼ਾਹ ਮਿਲਦੀ ਹੈ । ਓਹਨਾਂ ਕਿਹਾ ਕਿ ਅਮੀਰ-ਗਰੀਬ ਦਾ ਵੱਧ ਰਿਹਾ ਪਾੜਾ ਹੀ ਰਾਜ ਪ੍ਰਬੰਧ ਦੀ ਅਸਫਲਤਾ ਦਾ ਸੰਕੇਤ ਹੈ । ਓਹਨਾਂ ਕੈਨੇਡਾ ਦੇ ਮਜ਼ਦੂਰ ਵਿਰੋਧੀ ਕਾਨੂੰਨੀ ਪੱਖਾਂ ਦੀ ਵੀ ਭਰਵੀਂ ਵਿਆਖਿਆ ਕੀਤੀ । ਰਿਸ਼ੀ ਨਾਗਰ ਹੁਰਾਂ ਨੇ ਵੀ ਕੈਨੇਡਾ ਦੀ ਸਰਕਾਰ ਵੱਲੋਂ ਲੋਕ ਵਿਰੋਧੀ ਕੀਤੇ ਫੈਸਲਿਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਲੋਕਾਂ ਨੂੰ ਦਖ਼ਲ-ਅੰਦਾਜ਼ੀ ਕਰਨ ਲਈ ਪ੍ਰੇਰਿਆ । ਹਰਚਰਨ ਪਰਹਾਰ ਨੇ ਵੱਖ ਵੱਖ ਧਰਮਾਂ ਦੇ ਨਾਂ ਤੇ ਕੰਮ ਕਰਨ ਵਾਲੀਆਂ ਜੱਥੇਬੰਦੀਆਂ/ਪਾਰਟੀਆਂ ਅਤੇ ਅਦਾਰਿਆਂ ਵੱਲੋਂ ਕਿਰਤੀ ਵਰਗ ਦੇ ਸੰਘਰਸ਼ Ḕਚ ਸ਼ਾਮਲ ਨਾ ਹੋਣ ਤੇ ਟਿੱਪਣੀ ਕਰਦਿਆਂ ਹੈਰਾਨੀ ਪ੍ਰਗਟ ਕੀਤੀ । ਸਤਪਾਲ ਕੌਸ਼ਲ, ਮਾਸਟਰ ਬਚਿੱਤਰ ਗਿੱਲ ਅਤੇ ਮਾਸਟਰ ਭਜਨ ਗਿੱਲ ਨੇ ਵੀ ਵਿਚਾਰ ਸਾਂਝੇ ਕੀਤੇ । ਓਹਨਾਂ ਕਿਹਾ ਕਿ ਇਸ ਮਹਾਨ ਦਿਨ ਤੇ ਦੁਨੀਆਂ ਭਰ ਦੇ ਮਿਹਨਤਕਸ਼ ਲੋਕ ਇਸ ਪੂੰਜੀਵਾਦ/ਸਾਮਰਾਜਵਾਦੀ ਪ੍ਰਬੰਧ ਨੂੰ ਖ਼ਤਮ ਕਰਕੇ ਲੋਕਾਂ ਦਾ ਰਾਜ ਸਥਾਪਤ ਕਰਨ ਦੀ ਕਸਮ ਖਾਂਦੇ ਹਨ । ਉਪਸਥਿੱਤ ਮਰਦਾਂ ਔਰਤਾਂ ਦਾ ਭਾਰੀ ਇਕੱਠ ਕਿਰਤੀਆਂ ਦੇ ਸੰਘਰਸ਼ਾਂ ਨਾਲ ਇਕਮੁੱਠਤਾ ਦਾ ਇਜ਼ਹਾਰ ਅਤੇ ਮਜ਼ਦੂਰਾਂ ਉੱਪਰ ਜਬਰ ਦੀ ਨਿੰਦਾ ਕਰ ਰਿਹਾ ਸੀ ।
ਮਾ ਬਚਿੱਤਰ ਗਿੱਲ ਨੇ ਕਰਨੈਲ ਪਾਰਸ ਦੀ ਲਿਖੀ ਕਵਿਤਾ ” ਤੈਨੂੰ ਨਮਸਕਾਰ ਮਜ਼ਦੂਰ ” ਸੁਣਾਈ । ਇੰਜੀ: ਗੁਰਦਿਆਲ ਸਿੰਘ ਖਹਿਰਾ ਨੇ ” ਖ਼ੂਨ ਪੀਣੀਆਂ ਪੰਜਾਬ ਦੀਆਂ ਸੜਕਾਂ, ਹਾਕਮਾਂ ਜਹਾਜ ਲੈ ਲਏ ” ਰਚਨਾ ਸੁਣਾ ਕੇ ਚੋਟ ਮਾਰੀ । 8 ਸਾਲਾ ਬੱਚੀ ਗੁਰਬੀਨ ਚੱਠਾ ਨੇ ਭਗਤ ਸਿੰਘ ਦੀ ਘੋੜੀ ਸੁਣਾ ਕੇ ਸਭ ਦਾ ਪਿਆਰ ਲਿਆ । ਜਗਵੰਤ ਗਿੱਲ, ਅਵੀ ਜਸਵਾਲ, ਜਸਵੰਤ ਸਿੰਘ ਸੇਖੋਂ, ਗੁਰਿੰਦਰ ਬਰਾੜ, ਸੁਰਜੀਤ ਸਿੰਘ ਪੰਨੂੰ ਅਤੇ ਅਜਾਇਬ ਸਿੰਘ ਸੇਖੋਂ ਨੇ ਕਿਰਤੀਆਂ ਦੇ ਸੰਘਰਸ਼ਾਂ ਨੂੰ ਸਲਾਮ ਕਹਿੰਦੀਆਂ ਕਵਿਤਾਵਾਂ, ਗੀਤਾਂ, ਗਜ਼ਲਾਂ ਰਾਹੀਂ ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ।
ਮਾਸਟਰ ਭਜਨ ਗਿੱਲ ਵੱਲੋਂ ਹਾਜ਼ਰ ਇਕੱਠ ਤੋਂ ਇੱਕ ਮਤਾ ਪਾਸ ਕਰਵਾਇਆ ਗਿਆ ” ਅੱਜ ਦਾ ਇਕੱਠ ਲੋਕ ਆਗੂ ਡਾ: ਧਰਮਵੀਰ ਗਾਂਧੀ (ਪਟਿਆਲਾ) ਉੱਤੇ ਅਕਾਲੀ ਗੁੰਡਾ ਗਿਰੋਹ ਵੱਲੋਂ ਕੀਤੇ ਕਾਤਲਾਨਾ ਹਮਲੇ ਦੀ ਜ਼ੋਰਦਾਰ ਨਿੰਦਾ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ । ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਦਵਿੰਦਰ ਅਤੇ ਹੋਰ ਲੋਕਾਂ ਤੇ ਸਰਕਾਰੀ ਸ਼ਹਿ ਨਾਲ ਕੀਤੇ ਗਏ ਹਮਲਿਆਂ ਦੀ ਵੀ ਨਿੰਦਾ ਕਰਦਾ ਹੈ । ” ਸਾਰਿਆਂ ਨੇ ਦੋਵੇਂ ਬਾਹਵਾਂ ਖੜੀਆਂ ਕਰਕੇ ਮਤੇ ਨੂੰ ਪ੍ਰਵਾਨਗੀ ਦਿੱਤੀ ।
ਡਰੱਗ ਅਵੇਅਰਨੈੱਸ ਦੇ ਆਗੂ ਬਲਵਿੰਦਰ ਕਾਹਲੋਂ ਨੇ ਅਗਲੇ ਹਫਤੇ ਹੋ ਰਹੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ । 17 ਮਈ ਨੂੰ ਅਜਾਇਬ ਸਿੰਘ ਸੇਖੋਂ ਦੀ ਕਿਤਾਬ ਰਿਲੀਜ਼ ਕਰਨ ਅਤੇ ਗਲੋਬਲ ਪਰਵਾਸੀ ਸੀਨੀਅਰ ਸੁਸਾਇਟੀ ਵੱਲੋਂ 24 ਤਾਰੀਖ ਨੂੰ ਹੋ ਰਹੇ ਪ੍ਰੋਗਰਾਮ ਦੀ ਵੀ ਜਾਣਕਾਰੀ ਦਿੱਤੀ ਗਈ । ਪੱਤਰਕਾਰ ਨਵੀ ਨਵਜੀਤ ਨੇ ਅਪਣੀਆਂ ਸੇਵਾਵਾਂ ਲੋਕਾਂ ਨੂੰ ਸਮਰਪਿਤ ਕਰਨ ਦਾ ਭਰੋਸਾ ਦਿੱਤਾ । ਮੰਚ ਸੰਚਾਲਨ ਜਨਰਲ ਸਕੱਤਰ ਮਾਸਟਰ ਭਜਨ ਗਿੱਲ ਨੇ ਕੀਤਾ । ਫੋਟੋਗਰਾਫੀ ਅਤੇ ਮੁੱਖ ਪ੍ਰਬੰਧਕ ਦੀ ਜਿੰਮੇਵਾਰੀ ਜਤਿੰਦਰ ਸਵੈਚ ਨੇ ਪੂਰੀ ਤਨਦੇਹੀ ਨਾਲ ਨਿਭਾਈ । ਇਸ ਇਕੱਠ ਵਿੱਚ 95 ਦੇ ਕਰੀਬ ਮਹਿਮਾਨ ਸ਼ਾਮਲ ਹੋਏ ਜਿਨ੍ਹਾਂ ਵਿੱਚ 25 ਦੇ ਕਰੀਬ ਔਰਤਾਂ ਅਤੇ ਕਾਫੀ ਸੰਖਿਆਂ ਵਿੱਚ ਨੌਜਵਾਨ ਲੜਕੇ ਲੜਕੀਆਂ ਹਾਜਰ ਸਨ । ਅੰਤ ਵਿੱਚ ਆਗੂਆਂ ਵੱਲੋਂ ਸਭ ਦਾ ਧੰਨਵਾਦ ਕਰਦੇ ਹੋਏ ਦੱਸਿਆ ਗਿਆ ਕਿ ਅਗਲੀ ਮੀਟਿੰਗ ਜੂਨ ਮਹੀਨੇ ਦੇ ਪਹਿਲੇ ਐਤਵਾਰ ਨੂੰ ਹੋਵੇਗੀ । ਵਧੇਰੇ ਜਾਣਕਾਰੀ ਲਈ ਮਾਸਟਰ ਭਜਨ ਗਿੱਲ ਨਾਲ 403 455 4220 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ ।