ਨਸ਼ਿਆਂ ਦੇ ਮਾੜੇ ਪ੍ਰਭਾਵਾਂ ਵਿਰੁੱਧ ਇਸ ਕਾਫਲੇ ਦਾ ਹਿੱਸਾ ਬਣਨ ਦੀ ਬੇਨਤੀ
ਬਲਜਿੰਦਰ ਸੰਘਾ- ਕਿਹਾ ਜਾਂਦਾ ਹੈ ਕਿ ਜਦੋਂ ਨਸ਼ੇ ਸਰੀਰ ਦੇ ਅੰਦਰ ਜਾਂਦੇ ਹਨ ਤਾਂ ਦਿਮਾਗ ਸਰੀਰ ਵਿਚੋਂ ਬਾਹਰ ਚਲਿਆ ਜਾਂਦਾ ਹੈ। ਨਸ਼ੇ ਸਮਾਜ ਦਾ ਕੋਹੜ ਸਮਝੇ ਜਾਂਦੇ ਹਨ। ਸ਼ਰਾਬ, ਤੰਬਾਕੂ ਤੋਂ ਲੈਕੇ ਅਨੇਕਾਂ ਪ੍ਰਕਾਰ ਦੇ ਅਜਿਹੇ ਨਸ਼ੇ ਹਨ ਜੋ ਦੁਨੀਆਂ ਭਰ ਵਿਚ ਸਮਾਜ ਨੂੰ ਘੁਣ ਵਾਂਗ ਖਾ ਰਹੇ ਹਨ। ਸਾਲ 2006 ਛੇ ਤੋਂ ਕੈਲਗਰੀ ਵਿਚ ਲੋਕਾਂ ਅਤੇ ਖਾਸ ਕਰਕੇ ਨੌਜਵਾਨ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੁਕ ਕਰਨ ਲਈ ਕੁਝ ਸੱਜਣਾਂ ਵੱਲੋਂ ‘ਡਰੱਗ ਅਵੇਅਰਨੈਸ ਫਾਂਊਡੇਸ਼ਨ’ ਬਣਾਈ ਗਈ ਸੀ, ਜੋ ਉਦੋ ਤੋਂ ਲੈਕੇ ਹਰੇਕ ਸਾਲ ਡਰੱਗ ਅਵੇਅਰਨੈਸ ਦੇ ਹਰ ਸਾਲ ਕਈ ਤਰ੍ਹਾਂ ਦੇ ਸੈਮੀਨਾਰ ਉਲੀਕਦੀ ਆ ਰਹੀ ਹੈ,ਇੱਥੋ ਤੱਕ ਕਿ ਕੈਲਗਰੀ ਅਤੇ ਵੈਨਕੂਵਰ ਵਿਚ ਹੋਣ ਵਾਲੀਆਂ ਖਾਲਸਾ ਸਾਜਨਾ ਪਰੇਡਾਂ ਵਿਚ ਵੀ ਇਸਦੇ ਵਲੰਟੀਅਰ ਹੱਥਾਂ ਵਿਚ ਡਰੱਗ ਪ੍ਰਭਾਵਾਂ ਦੇ ਵਿਰੋਧ ਵਿਚ ਬੈਨਰ ਫੜੀ ਹਿੱਸਾ ਲੈਕੇ ਸੰਗਤਾਂ ਵਿਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਚੇਤਨਾ ਪੈਦਾ ਕਰਦੇ ਦੇਖੇ ਜਾਂਦੇ ਹਨ। ਇਸੇ ਕੜੀ ਦਾ ਹਿੱਸਾ ਹੈ ਹਰੇਕ ਸਾਲ ਹੋਣ ਵਾਲੀ 5 ਕਿਲੋਮੀਟਰ ਡਰੱਗ ਅਵੇਰਨੈਸ ਵਾਕ ਜੋ ਕੈਲਗਰੀ ਸ਼ਹਿਰ ਦੇ ਪ੍ਰੈਰੀਵਿੰਡ ਪਾਰਕ ਵਿਚ ਹਰੇਕ ਸਾਲ ਮਈ ਦੇ ਦੂਸਰੇ ਹਫਤੇ ਚੱਲਣ ਵਾਲੇ ਨਸ਼ਿਆ ਵਿਰੋਧੀ ਪ੍ਰੋਗਰਾਮਾਂ ਦਾ ਹਿੱਸਾ ਹੈ। ਇਸ ਸਾਲ ਇਹ ਵਾਕ 11 ਮਈ 2014 ਦਿਨ ਐਤਵਾਰ ਨੂੰ ਪ੍ਰੈਰੀਵਿੰਡ ਪਾਰਕ ਵਿਚ ਦੁਪਹਿਰ ਦੇ ਦੋ ਵਜੇ ਤੋਂ ਪੰਜ ਵਜੇ ਤੱਕ ਹੋ ਰਹੀ ਹੈ। ਜਿਸ ਵਿਚ ਹਰੇਕ ਸਾਲ ਬਹੁਤ ਸਾਰੇ ਮਾਪੇ ਅਤੇ ਬੱਚੇ ਬੜੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਆਪਣੇ ਆਪ ਅਤੇ ਹੋਰਾਂ ਨੂੰ ਜਾਗਰੁਕ ਕਰਦੇ ਹਨ। ਡਰੱਗ ਅਵੇਅਰਨੈਸ ਫਾਊਡੇਸ਼ਨ ਵੱਲੋਂ ਹਰ ਕਮਿਊਨਟੀ ਨੂੰ ਇਸ ਵਾਕ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਜਾਂਦੀ ਹੈ। ਸੰਸਥਾਂ ਦੇ ਮੁੱਖ ਵਲੰਟੀਅਰ ਬਲਵਿੰਦਰ ਸਿੰਘ ਕਾਹਲੋ ਨੇ ਇਸ ਪ੍ਰਤੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਵਾਕ ਬਾਰੇ ਹੋਰ ਜਾਣਕਾਰੀ ਲਈ ਉਹਨਾਂ ਨਾਲ 403-617-9045 ਤੇ ਸਪੰਰਕ ਕੀਤਾ ਜਾ ਸਕਦਾ ਹੈ।