ਸੰਤ ਰਾਮ ਉਦਾਸੀ ਅਤੇ ਲੋਕ ਕਵੀ ਅਵਤਾਰ ਪਾਸ਼ ਨੂੰ ਵੀ ਯਾਦ ਕੀਤਾ ਗਿਆ
ਮਾ. ਭਜਨ ਗਿੱਲ਼ ਕੈਲਗਰੀ -: ਪ੍ਰੌਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ ਵੱਲੋਂ ਕੋਸੋ ਹਾਲ ਵਿਖੇ 13 ਅਪਰੈਲ 1919 ਨੂੰ ਬਰਤਾਨਵੀ ਸਾਮਰਾਜਵਾਦੀ ਸਰਕਾਰ ਵੱਲੋਂ ਜਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਸੈਂਕੜੇ ਨਿਹੱਥੇ ਭਾਰਤੀਆਂ ਨੂੰ ਮੌਤ ਦੇ ਘਾਟ ਉਤਾਰਨ ਅਤੇ ਹਜਾਰਾਂ ਨੂੰ ਜ਼ਖ਼ਮੀ ਕਰਨ ਦੀ ਘਟਨਾ ਸਬੰਧੀ ਅਤੇ ਹੁਣੇ ਹੁਣੇ ਕਾਲ਼ਿਆਂਵਾਲਾ ਖੂਹ ‘ਚੋਂ 1857 ਗਦਰ ਸਮੇਂ ਕਤਲ ਕਰ ਕੇ ਸੁੱਟੇ ਬਗਾਵਤ ਕਰਨ ਵਾਲੇ ਫੌਜੀਆਂ ਦੇ ਮਨੁੱਖੀ ਪਿੰਜਰ ਮਿਲਣ ਸਬੰਧੀ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ ।
ਮਾ: ਭਜਨ ਗਿੱਲ ਨੇ ਦੱਸਿਆ ਕਿ 7 ਅਪਰੈਲ ਵਿਸ਼ਵ ਸਿਹਤ ਦਿਵਸ,8 ਅਪਰੈਲ ਮੰਗਲ ਪਾਂਡੇ ਨੂੰ ਫਾਂਸੀ (1857), 8 ਅਪਰੈਲ ਨੂੰ ਹੀ ਭਗਤ ਸਿੰਘ ਅਤੇ ਬੀ ਕੇ ਦੱਤ ਵੱਲੋਂ ਦੋ ਕਾਲ਼ੇ ਕਾਨੂੰਨਾਂ ਖ਼ਿਲਾਫ ਅਸੈਂਬਲੀ ‘ਚ ਬੰਬ ਸੁੱਟਿਆ ਗਿਆ, 10 ਅਪਰੈਲ ਨੂੰ ਤਰਕਸ਼ੀਲ ਲਹਿਰ ਦੇ ਮੋਢੀ ਡਾ: ਅਬਰਾਹਮ ਟੀ ਕਾਵੂਰ ਦਾ ਜਨਮ (1898), 22 ਅਪਰੈਲ ਵਿਸ਼ਵ ਧਰਤ ਦਿਵਸ, 22 ਅਪਰੈਲ ਨੂੰ ਹੀ ਰੂਸੀ ਇਨਕਲਾਬ ਦੇ ਆਗੂ ਵੀ ਆਈ ਲੈਨਿਨ ਦਾ ਜਨਮ (1870) ਅਤੇ 23 ਅਪਰੈਲ ਨੂੰ ਵਿਸ਼ਵ ਪੁਸਤਕ ਦਿਵਸ ਹੈ ।
ਪ੍ਰਧਾਨ ਸੋਹਣ ਮਾਨ ਨੇ ਸੈਮੀਨਾਰ ਸ਼ੁਰੂ ਕਰਦਿਆਂ ਕਿਹਾ ਕਿ ਭਾਂਵੇਂ ਉੱਪਰ ਦਿੱਤੇ ਸਾਰੇ ਵਿਸ਼ੇ ਹੀ ਕਾਫੀ ਮਹੱਤਵਪੂਰਨ ਹਨ ਪਰੰਤੂ ਜਲ੍ਹਿਆਂਵਾਲਾ ਬਾਗ ਅਤੇ ਕਾਲ਼ਿਆਂਵਾਲਾ ਦੋ ਘਟਨਾਵਾਂ ਸਭ ਤੋਂ ਵੱਧ ਮਹੱਤਵਪੂਰਨ ਹੋਣ ਕਾਰਨ ਅੱਜ ਦੇ ਬੁਲਾਰੇ ਅਪਣੇ ਵਿਚਾਰ ਇਨ੍ਹਾਂ ਵਿਸ਼ਿਆਂ ਤੇ ਕੇਂਦਰਤ ਕਰਨਗੇ । ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ 95 ਸਾਲ ਬਾਅਦ ਵੀ ਸਾਡੀ ਭਾਰਤ ਸਰਕਾਰ ਉਹਨਾਂ ਸ਼ਹੀਦਾਂ ਦੀ ਲਿਸਟ ਫਾਈਨਲ ਨਹੀਂ ਕਰ ਸਕੀ । ਉਹਨਾਂ ਸ਼ਹੀਦਾਂ ਨੂੰ ਬਣਦਾ ਸਨਮਾਨਯੋਗ ਸਥਾਨ ਜਾਂ ਪਰਿਵਾਰਾਂ ਦੀ ਸਹਾਇਤਾ ਤਾਂ ਕੀ ਕਰਨੀ ਸੀ ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸਥਾਨਕ ਰੇਡਿਓ ਰੈੱਡ ਐਫ ਐਮ ਦੇ ਨਿਊਜ਼ ਡਾਇਰੈਕਟਰ ਰਿਸ਼ੀ ਨਾਗਰ ਨੇ ਜਲ੍ਹਿਆਂਵਾਲੇ ਬਾਗ ਦੇ ਸਾਕੇ ਦੇ ਮੁਢਲੇ ਕਾਰਨਾਂ ਅਤੇ ਇਸ ਤੋਂ ਪਿੱਛੋਂ ਆਮ ਲੋਕਾਂ ਉੱਪਰ ਕੀਤੇ ਗਏ ਅੰਨ੍ਹੇਵਾਹ ਤਸ਼ੱਦਦ ਦੀ ਵਿਸਥਾਰ ਵਿੱਚ ਚਰਚਾ ਕੀਤੀ । ਹੈਲਨ ਫ਼ਾਈਨ ਦੀ ਪੁਸਤਕ ‘ ਇੰਮਪੀਰੀਅਲ ਕ੍ਰਾਈਮ ਐਂਡ ਪਨਿਸ਼ਮੈਂਟ ‘, ਹਰਬੰਸ ਸਿੰਘ ਦੀ ਪੁਸਤਕ ‘ ਜਲ੍ਹਿਆਂ ਵਾਲਾ ਬਾਗ ਮਾਸੈਕਰ ‘ ਅਤੇ ਨਾਈਜਰ ਕੋਲੈੱਟ ਦੀ ਪੁਸਤਕ ‘ ਦ ਬੁੱਚਰ ਆਫ ਅੰਮ੍ਰਿਤਸਰ : ਜਨਰਲ ਰੈਜੀਨੌਲਡ ਡਾਇਰ ‘ ਦੇ ਹਵਾਲਿਆਂ ਨਾਲ ਰਿਸ਼ੀ ਨਾਗਰ ਨੇ ਦੱਸਿਆ ਕਿ ਪਹਿਲੀ ਸੰਸਾਰ ਜੰਗ ਤੋਂ ਲੈ ਕੇ ਮਹਾਤਮਾ ਗਾਂਧੀ ਦੇ ਦੱਖਣੀ ਅਫ਼ਰੀਕਾ ਤੋਂ ਭਾਰਤ ਵਾਪਸ ਪਰਤਣ ਨਾਲ ਪੈਦਾ ਹੋਈਆਂ ਸਥਿਤੀਆਂ, ਰਾਉਲੈਟ ਐਕਟ ਪਾਸ ਕਰਨ ਤੋਂ ਬਾਅਦ ਬਣੇ ਹਾਲਾਤ, ਪੰਜਾਬ ਵਿੱਚ ਡਾ: ਸੈਫ-ਉਦ-ਦੀਨ ਕਿਚਲੂ ਅਤੇ ਸਤਿਆਪਾਲ ਨੂੰ ਗੁਪਤ ਢੰਗ ਨਾਲ ਪੰਜਾਬ ਵਿੱਚੋਂ ਬਾਹਰ ਕੱਢ ਦੇਣ ਤੇ ਰੋਸ ਵਜੋਂ ਅੰਮ੍ਰਿਤਸਰ ਵਿੱਚ ਭੜਕੀ ਭੀੜ ਵੱਲੋਂ 5 ਅੰਗਰੇਜ਼ ਵਿਅਕਤੀਆਂ ਦਾ ਕਤਲ ਅਤੇ ਵੱਡੀ ਪੱਧਰ ਤੇ ਹੋਈ ਸਾੜ-ਫੂਕ ਅਤੇ ਪੰਜਾਬ ਵਿੱਚ ਲਗਾ ਦਿੱਤੇ ਗਏ ਮਾਰਸ਼ਲ-ਲਾਅ ਨੂੰ ਅਣਡਿੱਠ ਕਰਕੇ ਹੋਏ ਲੋਕਾਂ ਦਾ ਇਕੱਠ ਹੀ ਜਲ੍ਹਿਆਂਵਾਲੇ ਬਾਗ਼ ਵਿੱਚ ਹੋਏ ਸਾਕੇ ਦੇ ਮੁੱਖ ਕਾਰਣ ਬਣੇ ਸਨ । ਹੰਟਰ ਕਮਿਸ਼ਨ ਦੇ ਸਾਹਮਣੇ ਬੇਸ਼ਰਮੀ ਨਾਲ ਪੇਸ਼ ਹੋਏ ਜਨਰਲ ਡਾਇਰ ਦੀ ਫੌਜ ਵਿੱਚੋਂ ਛੁੱਟੀ ਕਰਨ ਅਤੇ ਉਸ ਨੂੰ ਇੰਗਲੈਂਡ ਵਿੱਚ ਮਿਲੇ ਸਨਮਾਨ ਦੇ ਨਾਲ ਨਾਲ ਉਸ ਦੇ ਅੰਤਲੇ ਦਿਨਾਂ ਦਾ ਵੀ ਜ਼ਿਕਰ ਰਿਸ਼ੀ ਨਾਗਰ ਨੇ ਕੀਤਾ । ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਤੋਂ ਅਗਲੇ ਦਿਨ ਹੀ ਅੰਮ੍ਰਿਤਸਰ ਦੇ ਲੋਕਾਂ ਨੂੰ ਕੂਹਣੀਆਂ ਤੇ ਗੋਡਿਆਂ ਭਾਰ ਚੱਲਣ, ਅੰਗਰੇਜ਼ਾਂ ਨੂੰ ਸੈਲਿਊਟ ਮਾਰਨ ਅਤੇ ਕਿਸੇ ਅੰਗਰੇਜ਼ ਨੂੰ ਵੇਖਦਿਆਂ ਹੀ ਸਵਾਰੀ ਤੋਂ ਹੇਠਾਂ ਉਤਰ ਜਾਣ ਦੇ ਹੁਕਮ ਜਾਰੀ ਕੀਤੇ ਜਾਣ ਦਾ ਵੀ ਖ਼ੁਲਾਸਾ ਕੀਤਾ ।
ਗੁਰਬਚਨ ਬਰਾੜ ਨੇ ਦੱਸਿਆ ਕਿ ਕਾਲ਼ਿਆਂਵਾਲਾ ‘ਚੋਂ ਉਥੇ ਬਣੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਖੋਜੀ ਵਿਦਵਾਨ ਸੁਰਿੰਦਰ ਕੋਛੜ ਦੇ ਉਪਰਾਲਿਆਂ ਨਾਲ 90 ਮਨੁੱਖੀ ਪਿੰਜਰ ਕੱਢੇ ਗਏ ਹਨ । ਯਾਦ ਰਹੇ ਕਿ 1857 ਦੇ ਗਦਰ ਸਮੇਂ ਅੰਗਰੇਜ਼ ਹਕੂਮਤ ਦੇ ਜੁਲਮਾਂ ਵਿਰੁੱਧ ਬਗਾਵਤ ਕਰਕੇ 500 ਦੇ ਕਰੀਬ ਫੌਜੀ ਲਾਹੌਰ ਛਾਉਣੀ ਤੋਂ ਬੈਰਕਾਂ ਛੱਡ ਕੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਰਾਵੀ ਕੰਢੇ ਪੈਦਲ ਅੰਮ੍ਰਿਤਸਰ ਨੂੰ ਚੱਲ ਪਏ ਸਨ । ਅਜਨਾਲ਼ੇ ਗ੍ਰਿਫਤਾਰੀ ਉਪਰੰਤ 217 ਨੂੰ ਸ਼ਹੀਦ ਕਰਕੇ ਰਾਵੀ ਦਰਿਆ ਵਿੱਚ ਸੁੱਟ ਦਿੱਤਾ ਗਿਆ ਅਤੇ 282 ਨੂੰ ਕਤਲ ਕਰਕੇ ਕਾਲ਼ਿਆਂਵਾਲਾ ਵਿਖੇ ਸੁੱਟ ਦਿੱਤਾ ਗਿਆ । ਇਹ ਖ਼ੁਲਾਸਾ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਫਰੈਡਰਿਕ ਕੂਪਰ ਨੇ ਅਪਣੀ ਕਿਤਾਬ ‘ ਦਾ ਕਰਾਈਸਿਸ ਆਫ ਪੰਜਾਬ ‘ ਵਿੱਚ ਕੀਤਾ । ਸਰਕਾਰ ਦਾ ਪੁਰਾਤਵ ਵਿਭਾਗ ਕੋਈ ਸਹਿਯੋਗ ਨਹੀਂ ਕਰ ਰਿਹਾ । ਉਨ੍ਹਾਂ ਕਿਹਾ ਕਿ ਸਾਨੂੰ ਦੇਸ਼ ਭਗਤ ਯਾਦਗਾਰੀ ਕਮੇਟੀ ਜਲੰਧਰ, ਜਮਹੂਰੀ ਅਧਿਕਾਰ ਸਭਾ ਪੰਜਾਬ ਆਦਿ ਜਥੇਬੰਦੀਆਂ ਵੱਲੋਂ ਸ਼ਹੀਦਾਂ ਦੀ ਲਿਸਟ ਬਰਤਾਨਵੀ ਸਰਕਾਰ ਤੋਂ ਮੰਗਵਾਉਣ ਅਤੇ ਸ਼ਹੀਦਾਂ ਦੀ ਢੁਕਵੀਂ ਯਾਦਗਾਰ ਬਣਾਉਣ ਲਈ ਭਾਰਤ ਸਰਕਾਰ ਤੇ ਦਬਾਅ ਪਾਉਣ ਦੀ ਮੁੰਹਿਮ ‘ਚ ਹਰ ਪੱਖੋਂ ਸਹਿਯੋਗ ਦੇਣਾ ਚਾਹੀਦਾ ਹੈ ।
ਮਾਸਟਰ ਭਜਨ ਸਿੰਘ ਨੇ ਆਮ ਇਜਲਾਸ ਤੋਂ ਆਗੂ ਟੀਮ ਦੀ ਪਰਵਾਨਗੀ ਲਈ । ਪ੍ਰਤੀਬੱਧ ਅਤੇ ਸੁਹਿਰਦ ਨੌਜਵਾਨ ਜਤਿੰਦਰ ਸਵੈਚ ਦੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਐਗਜ਼ੈਕਟਿਵ ਕਮੇਟੀ ਮੈਬਰ ਲੈ ਕੇ ਆਗੂ ਟੀਮ ‘ਚ ਸ਼ਾਮਲ ਕੀਤਾ ਗਿਆ । ਵਿੱਤ ਸਕੱਤਰ ਜੀਤ ਇੰਦਰਪਾਲ ਨੇ ਸਲਾਨਾ ਵਿੱਤ ਰੀਪੋਰਟ ਪੇਸ਼ ਕੀਤੀ ।
ਤਰਲੋਚਨ ਦੂਹਰਾ ਨੇ ਦੱਸਿਆ ਕਿ ਜਗੀਰਦਾਰਾਂ ਅਤੇ ਫੌਜ ਦੇ ਗੱਠਜੋੜ ਅੱਗੇ ਸਿੰਥਾਲ ਦੇ ਹਜ਼ਾਰਾਂ ਲੋਕਾਂ ਨੇ ਸ਼ਹੀਦੀਆਂ ਪਾਈਆਂ । ਕਮਾਲ ਦੀ ਉਦਾਹਰਣ ਪੇਸ਼ ਕਰਦਿਆਂ ਉਹਨਾਂ ਕਿਹਾ ਕਿ ਇੱਕ ਬਜ਼ੁਰਗ ਝੁੱਗੀ ਵਿੱਚ ਬੈਠਾ ਸੀ ਤਾਂ ਫੌਜ ਨੇ ਉਸਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਉਸਨੇ ਕੋਲ ਪਈ ਕੁਹਾੜੀ ਨਾਲ ਫੌਜ ਉੱਪਰ ਹਮਲਾ ਕਰ ਦਿੱਤਾ । ਉਨ੍ਹਾਂ ਕਿਹਾ ਕਿ ਇਹ ਲੜਾਈ ਅੱਜ ਵੀ ਜਾਰੀ ਹੈ । ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਹਰੀਪਾਲ ਨੇ ਸੰਤ ਰਾਮ ਉਦਾਸੀ ਅਤੇ ਅਵਤਾਰ ਪਾਸ਼ ਬਾਰੇ ਦੱਸਿਆ ਕਿ ਦੋਵੇਂ ਦੱਬੇ ਕੁਚਲੇ ਲੋਕਾਂ ਦੇ ਕਵੀ ਸਨ । ਸੰਤ ਰਾਮ ਉਦਾਸੀ ਨੂੰ ਆਮ ਲੋਕਾਂ ਵਿੱਚ ਅਤੇ ਪਾਸ਼ ਨੂੰ ਬੁੱਧੀਜੀਵੀਆਂ ਵਿੱਚ ਜ਼ਿਆਦਾ ਮਕਬੂਲਤਾ ਮਿਲੀ ।
ਤਰਲੋਚਨ ਸੈਂਬੀ, ਰਵੀ ਜਨਾਗਲ, ਹਰਨੇਕ ਬੱਧਨੀਂ, ਸੁਰਜੀਤ ਪੰਨੂੰ, ਜਗਵੰਤ ਗਿੱਲ, ਅਵੀ ਜਸਵਾਲ ਨੇ ਉਦਾਸੀ ਅਤੇ ਪਾਸ਼ ਦੇ ਇਨਕਲਾਬੀ ਗੀਤਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ । ਹਰਚਰਨ ਪਰਿਹਾਰ ਸੰਪਾਦਕ ਸਿੱਖ ਵਿਰਸਾ, ਪ੍ਰਸ਼ੋਤਮ ਭਾਰਦਵਾਜ,ਜਸਵੀਰ ਸਿਹੋਤਾ ਆਦਿ ਤੋਂ ਸਮੇਂ ਦੀ ਘਾਟ ਕਾਰਨ ਮੁਆਫੀ ਮੰਗਣੀ ਪਈ । ਤਿੰਨ ਘੰਟੇ ਨਿੱਠ ਕੇ ਸੁਣਨ ਵਾਲੇ ਭਾਰੀ ਗਿਣਤੀ ਵਿੱਚ ਪੁੱਜੇ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਮਾ: ਭਜਨ ਗਿੱਲ ਨੇ ਦੱਸਿਆ ਕਿ ਅਗਲੇ ਮਹੀਨੇ ਦੀ ਮੀਟਿੰਗ ਮਈ ਦੇ ਪਹਿਲੇ ਐਤਵਾਰ ਨੂੰ ਮਈ ਦਿਵਸ ਸਬੰਧੀ ਹੋਵੇਗੀ । ਵਧੇਰੇ ਜਾਣਕਾਰੀ ਲਈ ਮਾ: ਭਜਨ ਗਿੱਲ ਨਾਲ 403 455 4220 ਤੇ ਸੰਪਰਕ ਕੀਤਾ ਜਾ ਸਕਦਾ ਹੈ ।