ਬਲਜਿੰਦਰ ਸੰਘਾ- ਨਾਟਕ ‘ਇਕ ਸੁਪਨੇ ਦਾ ਪੁਲਿਟੀਕਲ ਮਰਡਰ’ ਦੀ ਕੈਲਗਰੀ ਵਿਚ ਸਫਲ ਪੇਸ਼ਕਾਰੀ ਸ਼ਹਿਰ ਦੇ ਡਾਊਨ ਟਾਉਨ ਸਥਿਤ ਪਬਲਿਕ ਲਾਇਬ੍ਰੇਰੀ ਦੇ ਜੋਹਨ ਡਟਨ ਥੀਏਟਰ ਵਿਚ ਹੋਈ। ਸ਼ੁਰੂ ਵਿਚ ਨਾਟਕ ਦੇ ਮੁੱਖ ਪ੍ਰਬੰਧਕ ਡੈਨ ਸਿੱਧੂ ਵੱਲੋਂ ਜਿੱਥੇ ਠੰਡੇ ਮੌਸਮ ਦੇ ਬਾਵਜੂਦ ਪਹੁੰਚੇ ਦਰਸ਼ਕਾਂ ਨੂੰ ਜੀ ਆਇਆ ਕਿਹਾ ਗਿਆ ਉੱਥੇ ਹੀ ਮਾਸਟਰ ਭਜਨ ਸਿੰਘ ਗਿੱਲ ਅਤੇ ਰਿਸ਼ੀ ਨਾਗਰ ਵੱਲੋਂ ਦਰਸ਼ਕਾਂ ਨਾਲ ਦੇਸ਼ ਲਈ ਆਪਾ ਕੁਰਬਾਨ ਕਰਨ ਵਾਲੇ ਯੋਧਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਰਿਸ਼ੀ ਨਾਗਰ ਨੇ ਬੜੇ ਰੋਚਕ ਪਰ ਸੰਜੀਦਾ ਢੰਗ ਨਾਲ 23 ਮਾਰਚ ਦੇ ਸ਼ਹੀਦਾਂ ਦੀ ਗੱਲ ਕਰਦੇ ਹੋਏ ਸ਼ਹੀਦ ਰਾਜਗੁਰੂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਕੈਲਗਰੀ ਦੇ ਗਾਇਕ ਦਲਜੀਤ ਸੰਧੂ ਨੇ ਆਪਣੀ ਸੁਰੀਲੀ ਅਵਾਜ ਵਿਚ ਭਗਤ ਸਿੰਘ ਬਾਰੇ ਆਪਣੇ ਲਿਖੇ ਗੀਤ ਨਾਲ ਹਾਜ਼ਰੀ ਲਵਾਈ। ਬਲਜਿੰਦਰ ਲੇਲ੍ਹਣਾ ਵੱਲੋਂ ਨਾਟਕ ਦੇ ਬਾਰੇ ਅਤੇ ਨਾਟਕ ਦੀ ਟੀਮ ਬਾਰੇ ਕੁਝ ਸ਼ਬਦ ਆਖੇ ਗਏ ਤੇ ਫੇਰ ਸ਼ੁਰੂ ਹੋਇਆ ਪੰਜਾਬੀ ਆਰਟ ਅਸੋਸਿਏਸ਼ਨ ਕੈਲਗਰੀ ਦੀ ਪੇਸ਼ਕਸ਼ ਅਤੇ ਪੰਜਾਬੀ ਆਰਟ ਅਸੋਸਿਏਸ਼ਨ ਟੰਰਾਂਟੋ ਦੀ ਟੀਮ ਵੱਲੋਂ ਤਿਆਰ ਕੀਤਾ ਨਾਟਕ ‘ਇਕ ਸੁਪਨੇ ਦਾ ਪੁਲਿਟੀਕਲ ਮਰਡਰ’ ਜਿਸਦੇ ਲੇਖਕ ਹਨ ਪਾਲੀ ਭੁਪਿੰਦਰ ਸਿੰਘ ਅਤੇ ਨਿਰਦੇਸ਼ਨ ਸੀ ਬਲਜਿੰਦਰ ਲੇਲ੍ਹਣਾ ਦਾ। ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਗਦਰੀ ਯੋਧਿਆ ਨੂੰ ਸਮਰਪਤ ਇਹ ਨਾਟਕ ਭਾਰਤ ਦੀ ਅੰਗਰੇਜਾਂ ਤੋਂ ਅਜਾæਦੀ ਤੋਂ ਬਾਅਦ ਦੀ ਤਸਵੀਰ ਇਕ ਸਧਾਰਨ ਪਾਤਰ ਰਾਹੀ ਪੇਸ਼ ਕਰਦਾ ਹੋਇਆ ਅੱਗੇ ਵੱਧਦਾ ਹੈ। ਇੰਦਰਾ ਗਾਂਧੀ ਵੱਲੋਂ ਲਗਾਈ ਗਈ ਐਮਰਜੈਸੀ, ਨਕਸਲੀ ਲਹਿਰ, ਖਾਲਸਤਾਨੀ ਲਹਿਰ, ਜਾਤ-ਪਾਤ, ਧਰਮ ਵਿਚ ਰਾਜਨੀਤੀ ਦਾ ਦਖਲ ਆਦਿ ਦੀ ਗੱਲ ਕਰਦਾ ਹੋਇਆ ਨਾਟਕ ਬਹੁਤ ਹੀ ਘੱਟ ਸਮੇਂ ਵਿਚ ਬਹੁਤ ਸਾਰੀਆਂ ਗੱਲਾਂ ਕਰਦਾ ਹੈ ਜੋ ਸਵਾਲ ਬਣਕੇ ਹਰ ਦਰਸ਼ਕ ਦੇ ਸਾਹਮਣੇ ਖੜ੍ਹਦੀਆਂ ਹਨ। ਚਲਾਕ ਰਾਜਨੀਤਕ ਲੋਕ ਕਿਵੇਂ ਜਾਤ-ਪਾਤ ਧਰਮ ਦੇ ਮਸਲੇ ਆਪਣੇ ਨਿੱਜੀ ਹਿੱਤ ਲਈ ਖੜ੍ਹੇ ਕਰਦੇ ਹਨ। ਵਧੀਆਂ ਲਾਈਟਿੰਗ, ਸਾਊਡ ਸਿਰਸਟਮ, ਸੰਗੀਤ ਅਤੇ ਪਾਤਰਾਂ ਦੀ ਪ੍ਰਭਾਵਸ਼ਾਲੀ ਕਾਰਗੁਜਰੀ ਹੋਣ ਕਾਰਨ ਦਰਸ਼ਕਾ ਨੇ ਜਿੱਥੇ ਨਾਟਕ ਦਾ ਅਨੰਦ ਮਾਣਿਆ ਉੱਥੇ ਹਰ ਦਿਲ-ਦਿਮਾਗ ਵਿਚ ਗਿਆਨ ਦੀ ਅਜਿਹੀ ਚਿਣਗ ਵੀ ਮਘੀ ਜੋ ਧਰਮਾ, ਜਾਤਾਂ-ਪਾਤਾਂ ਤੋਂ ਉੱਪਰ ਉੱਠਕੇ ਮਨੁੱਖਤਾ ਦੀ ਗੱਲ ਕਰਦੀ ਹੈ। ਮੌਸਮ ਵਿਚ ਥੋੜੇ ਦਿਨਾਂ ਦੀ ਗਰਮੀ ਤੋਂ ਬਾਅਦ ਆਈ ਅਚਾਨਕ ਗਿਰਾਵਟ ਅਤੇ ਠੰਡ ਦੇ ਬਾਵਜੂਦ ਪਰਿਵਾਰਾਂ ਨੇ ਆਪਣੇ ਨਿੱਜੀ ਕੰਮਕਾਰ ਛੱਡਕੇ ਇਸ ਨਾਟਕ ਦੇ ਅਸਲ ਉਦੇਸ਼ ਨੂੰ ਪਿੰਨ ਡਰਾਪਸ ਸਾਈਲੈਸ ਦੇ ਮਹੌਲ ਵਿਚ ਮਾਣਿਆ ਤੇ ਮਹਿਸੂਸ ਕੀਤਾ। ਮਾਸਟਰ ਭਜਨ ਸਿੰਘ ਗਿੱਲ ਵੱਲੋ ਤਰਕਸ਼ੀਲ ਅਤੇ ਅਗਾਂਹ-ਵਧੂ ਸਾਹਿਤਕ ਕਿਤਾਬਾਂ ਦਾ ਸਟਾਲ ਲਗਾਇਆ ਗਿਆ।