Get Adobe Flash player

ਗੁਰਚਰਨ ਕੌਰ ਥਿੰਦ-ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਮਾਰਚ ਮਹੀਨੇ ਦੀ ਇਕੱਤਰਤਾ ਸ਼ੋਰੀ ਲਾਅ ਪਲਾਜ਼ਾ ਵਿੱਚ ਹੋਈ।ਸਭਾ ਦੇ ਮੈਂਬਰਾਂ ਨੂੰ ਜੀ ਆਇਆਂ RW12ਕਹਿਣ ਅਤੇ ਭਜਨ ਕੌਰ ਭੈਣ ਜੀ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦੇਣ ਉਪਰੰਤ ਪ੍ਰਧਾਨ ਗੁਰਮੀਤ ਸਰਪਾਲ ਨੇ ਸਭਾ ਦੀ ਕਾਰਵਾਈ ਸ਼ੁਰੂ ਕੀਤੀ।ਪਿਛਲੇ ਦਿਨੀਂ ਗੁਰਚਰਨ ਥਿੰਦ ਤੇ ਅਮਰਜੀਤ ਸੱਗੂ ਦੇ ਮਾਤਾ ਜੀ ਅਤੇ ਜਗਦੀਸ਼ ਸਰੋਆ ਦੇ ਵੀਰ ਜੀ ਸਵਰਗ ਸਿਧਾਰ ਗਏ ਸਨ, ਉਹਨਾਂ ਦੀ ਸ਼ਰਧਾਂਜਲੀ ਹਿੱਤ ਇੱਕ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਗੁਰਚਰਨ ਥਿੰਦ ਨੇ ਆਪਣੀ ਮਾਤਾ ਜੀ ਨੂੰ ਸਮਰਪਿਤ ਲਿਖੀ ਕਵਿਤਾ ‘ਫਿਰ ਕਦੋਂ ਆਵੇਂਗੀ’ ਸੁਣਾਈ ਤਾਂ ਲਗਪਗ ਹਰ ਇੱਕ ਦੇ ਹਿਰਦੇ ਅੰਦਰਲਾ ਦਰਦ ਤੇ ਵਿਯੋਗ ਹੰਝੂ ਬਣ ਵਹਿ ਤੁਰਿਆ।ਅਵਿਨਾਸ਼ ਨੇ ਆਪਣੀ ਦਾਦੀ ਨੂੰ ਯਾਦ ਕਰਦਿਆਂ ਦਰਦਭਿੰਨੀ ਰਚਨਾ ਪੇਸ਼ ਕੀਤੀ।
ਫਿਰ ਇਸ ਦਰਦ-ਭਿੰਨੇ ਮਾਹੌਲ ਵਿਚੋਂ ਬਾਹਰ ਨਿਕਲ ਕਾਰਵਾਈ ਦਾ ਦੂਜਾ ਹਿੱਸਾ ਸ਼ੁਰੂ ਹੋਇਆ, ਜਿਸ ਵਿੱਚ ਬਲਜਿੰਦਰ ਗਿੱਲ ਨੇ ਅੱਜ ਦੇ ਵਿਸ਼ੇ, ‘ਖੁਸ਼ ਕਿੰਵੇਂ ਰਿਹਾ ਜਾਵੇ’ ਨੂੰ ਫੈਸੀਲੀਟੇਟ ਕੀਤਾ।ਉਹਨਾਂ ਨੇ ਖੁਸ਼ ਰਹਿਣ ਲਈ ‘ਰੱਬ ਦਾ ਸ਼ੁਕਰਾਨਾ ਕਰਨਾ, ਹਰੇਕ ਦੀ ਪ੍ਰਵਾਹ ਕਰਨਾ, ਭਵਿੱਖ ਤੋਂ ਨਾ ਡਰਨਾ, ਬਹੁਤੀ ਆਸ ਉਮੀਦ ਨਾ ਰਖਣਾ, ਲੈਣ ਦੇਣ ਦਾ ਨਿੱਕਾ ਨਿੱਕਾ ਹਿਸਾਬ ਨਾ ਰਖਣਾ ਆਦਿ ਨੁੱਕਤਿਆਂ ਬਾਰੇ ਗੱਲ ਕੀਤੀ।ਉਪਰੰਤ ਹਾਜ਼ਰ ਹਰ ਮੈਂਬਰ ਨੇ ਇਸ ਸਬੰਧੀ ਆਪੋ ਆਪਣੇ ਰਾਏ ਪੇਸ਼ ਕੀਤੀ।ਸਰੋਆ ਭੈਣ ਜੀ ਨੇ ਆਪਣੇ ਫ਼ਰਜ਼ਾਂ ਤੋਂ ਪਿੱਛੇ ਨਾ ਹੱਟਣ ਦੀ, ਅਮਰਜੀਤ ਸੱਗੂ ਨੇ ਪਿਆਰ ਨਾਲ ਰਹਿਣ ਦੀ, ਹਰਚਰਨ ਬਾਸੀ ਨੇ ਕਿਸੇ ਦੇ ਕਹੇ ਮਾੜੇ ਲਫ਼ਜ਼ਾਂ ਨੂੰ ਭੁੱਲਣ ਦੀ, ਹਰਮਿੰਦਰ ਢਿਲੋਂ ਨੇ ਸਾਂਝ ਵਧਾਉਣ ਦੀ, ਸਤਵਿੰਦਰ ਨੇ ਦੂਸਰੇ ਦੀਆਂ ਗਲਤੀਆਂ ਨੂੰ ਉਜਾਗਰ ਨਾ ਕਰਕੇ ਪਰਦਾ ਪਾਉਣ ਦੀ ਅਤੇ ਬਲਜੀਤ ਨੇ ਕਿਸੇ ਲਈ ਕੁੱਝ ਕਰਕੇ ਭੁੱਲ ਜਾਣ ਦੀ ਗੱਲ ਕੀਤੀ।ਇਸ ਵਿਸ਼ੇ ਨੂੰ ਅੱਗੇrw2 ਤੋਰਦਿਆਂ ਗੁਰਮੀਤ ਮੱਲ੍ਹੀ ਨੇ ਜ਼ਿੰਦਗੀ ਦੇ ਤੱਥਾਂ ਬਾਰੇ ਆਪਣੇ ਵਿਚਾਰ ਦੱਸੇ।ਮਹਿੰਦਰ ਕੌਰ ਨੇ ਦੱਸਿਆ ਕਿ ਜਦੋਂ ਦੇ ਉਹ ਸਭਾ ਵਿੱਚ ਆਉਣ ਲੱਗੇ ਹਨ ਬਹੁਤ ਖੁਸ਼ ਹਨ। ਉਹਨਾਂ ਨੇ ‘ਹੀਰਾ ਮਨ ਤੋਤਾ ਉੱਡ ਜਾਏਗਾ ਕਿਸੇ ਦਿਨ’ ਕਵਿਤਾ ਵੀ ਸੁਣਾਈ। ਮਨੋਹਰ ਕੌਰ ਜੀ ਨੇ ਦੋਸਤੀ ਵਿਚੋਂ ਖੁਸ਼ੀ ਲਭਦੇ ਆਪਣੇ ਬੋਲ, ‘ਕਹਿੰਦੇ ਨੇ ਦੋਸਤੀ ਉਹ ਨਹੀਂ ਜੋ ਅਸੀਂ ਇੱਕ ਸਾਲ ਵਿੱਚ ਕਿੰਨਿਆਂ ਨਾਲ ਕਰਦੇ ਹਾਂ ਦੋਸਤੀ ਉਹ ਹੈ ਜੋ ਕਿਸੇ ਨਾਲ ਕਿੰਨੇ ਸਾਲ ਰਖਦੇ ਹਾਂ’ ਸਾਂਝੇ ਕੀਤੇ। ਕੁਲਵੰਤ ਕੌਰ ਨੇ ਵੀ ਕੁੱਝ ਅਜਿਹੇ ਹੀ ਭਾਵ ਪ੍ਰਗਟਾਏ।
ਗੁਰਮੀਤ ਸਰਪਾਲ ਨੇ ਖੁਸ਼ੀ ਪ੍ਰਾਪਤ ਕਰਨ ਲਈ ਹਰੇਕ ਨੂੰ ਅਨਕੰਡੀਸ਼ਨਲ ਪਿਆਰ ਵੰਡਣ ਲਈ ਕਿਹਾ, ‘ਜੋ ਕਿ ਨਿਰਸਵਾਰਥ, ਅਬੋਲ ਅਤੇ ਧੁਰ ਅੰਦਰੋਂ ਨਿਕਲਿਆ ਅਹਿਸਾਸ ਹੁੰਦਾ ਹੈ। ਕਿਸੇ ਕਵੀ ਦੀ ਅਤਿ ਭਾਵ-ਪੂਰਤ ਕਵਿਤਾ, ਜਿਸ ਵਿੱਚ ਉਹ ਆਪਣੀ ਧੀ ਨੂੰ ਖੁਸ਼ੀ ਪ੍ਰਾਪਤੀ ਦੀ ਆਸ਼ੀਰਵਾਦ ਬੜੇ ਵਖਰੇ ਢੰਗ ਨਾਲ ਦੇਂਦਾ ਹੈ, ਦੀਆਂ ਕੁੱਝ ਪੰਕਤੀਆਂ ਸਾਂਝੀਆਂ ਕੀਤੀਆਂ ਸਰਬਜੀਤ ਜਵੰਦਾ ਨੇ ਕਿਹਾ ਕਿ ‘ਖੁਸ਼ੀ ਤੇ ਗ਼ਮ ਜ਼ਿੰਦਗੀ ਦੇ ਦੋ ਪੱਖ ਹਨ। ਜ਼ਿੰਦਗੀ ਭਰ ਖੁਸ਼ ਰਹਿਣ ਦੀ ਜਾਚ ਸਿੱਖਦੇ ਹਾਂ ਪਰ ਸਿੱਖ ਨਹੀਂ ਪਾਉਂਦੇ ਹਾਂ। ਖੁਸ਼ ਰਹਿਣ ਲਈ ਹਾਂ-ਪੱਖੀ ਰਵਈਆ ਅਪਨਾਉਣ ਦੀ ਲੋੜ ਹੈ।ਗਦਗਦ ਪਹਿਲਾਂ ਹੋ ਜਾਓ, ਤਾਰੀਫ਼ ਬਾਦ ਵਿੱਚ ਕਰੋ। ਪਹਿਲਾਂ ਮੁਸਕਰਾਓ, ਖੁਸ਼ੀ ਆਪਣੇ ਆਪ ਆ ਜਾਂਦੀ ਹੈ। ਖੁਸ਼ੀ ਆਉਣ ਤੋਂ ਬਾਦ ਮੁਸਕਰਾਇਆ ਨਹੀਂ ਜਾਂਦਾ।’
ਗੁਰਮੀਤ ਮੱਲ੍ਹੀ ਜੀ ਦੇ ਜਨਮ ਦਿਨ ਦਾ ਕੇਕ ਕੱਟਿਆ ਗਿਆ। ਮਨੋਹਰ ਕੌਰ ਅਤੇ ਕੁਲਵੰਤ ਕੌਰ ਹੁਰਾਂ ਵਲੋਂ ਕੀਤੀ ਗਈ ਚਾਹ ਪਾਣੀ ਦੀ ਸੇਵਾ ਦਾ ਸਭ ਨੇ ਭਰਪੂਰ ਆਨੰਦ ਮਾਣਿਆ।ਇਸ ਤਰ੍ਹਾਂ ਅੱਜ ਦੀ ਮੀਟਿੰਗ ਬਹੁਤ ਸਫਲਤਾ ਪੂਰਵਕ ਸੰਪਨ ਹੋਈ। ਸਭ ਦੇ ਚਿਹਿਰਿਆਂ ਤੇ ਪ੍ਰਸੰਨਤਾ ਤੇ ਸੰਤੁਸ਼ਟਤਾ ਦੇ ਪ੍ਰਭਾਵ ਪ੍ਰਤੱਖ ਦਿਖਾਈ ਦੇਂਦੇ ਸਨ।ਸੰਪਰਕ ਕਰ ਸਕਦੇ ਹੋ :  ਗੁਰਮੀਤ ਸਰਪਾਲ,  403-280-6090, ਗੁਰਚਰਨ ਕੌਰ ਥਿੰਦ ਫੋਨ :403-293-2625