ਸ਼ਾਹਿਰ ਦੇ ਨਾਰਥ-ਈਸਟ ਇਲਾਕੇ ਵਿਚ ਨਵੀਂ ਬਣ ਰਹੀ ਬਹੁ-ਮੰਜ਼ਲੀ ਆਲੀਸ਼ਾਨ ਬਿੰਲਡਿੰਗ ਦੇ ਮੁੱਖ ਸੜਕ ਵਾਲੇ ਪਾਸੇ ਇਕ ਵੱਡਾ ਬੋਰਡ ਵੀ ਲੱਗਾ ਸੀ, ਜਿਸਦੇ ਉੱਪਰ ਲਿਖਿਆ ਸੀ ‘ਆਧੁਨਿਕ ਸਹੂਲਤਾਂ ਵਾਲਾ ਬਜ਼ੁਰਗ ਸੰਭਾਲ ਘਰ।’ ਇਸ ਸੜਕ ਦੇ ਸੱਜੇ ਹੱਥ ਤੇ ਇਸ ਬਿੰਲਡਿੰਗ ਦੇ ਬਿਲਕੁਲ ਸਾਹਮਣੇ ਇਕ ਹੋਰ ਆਲੀਸ਼ਾਨ ਬਿੰਲਡਿੰਗ ਉਸਰ ਰਹੀ ਸੀ,ਜਿਸਦੇ ਬੋਰਡ ਤੇ ਲਿਖਿਆ ਸੀ ਸ਼ਹਿਰ ਦਾ ਪਹਿਲਾ ਕਲੱਬ ਜਿਸ ਵਿਚ ਡਾਂਸ ਤੋਂ ਡਿਨਰ ਤੱਕ ਸਭ ਸਹੂਲਤਾਂ ਹਨ। ਸ਼ਾਮ ਹੁੰਦਿਆਂ ਸੈਰ ਨੂੰ ਚੱਲਿਆ ਇੱਕ ਨੌਜਵਾਨ ਜੋੜਾ ਆਪਸ ਵਿਚ ਨਿੱਕੀਆਂ-ਨਿੱਕੀਆਂ ਸ਼ਰਾਰਤਾਂ ਕਰਦਾ, ਭੱਜਦਾ ਤੇ ਰੁਕਦਾ ਰੋਜ਼ਾਨਾ ਇਸ ਸੜਕ ਤੋਂ ਲੰਘਦਾ ਤੇ ਸੱਜੇ ਪਾਸੇ ਬਣਦੇ ਇਸ ਡਾਂਸ ਕਲੱਬ ਵੱਲ ਦੇਖਕੇ ਕੇ ਮੱਚਲ ਉੱਠਦਾ, ਉਹਨਾਂ ਤੋਂ ਥੋੜੀ ਦੇਰ ਬਾਅਦ ਇਕ ਬਜ਼ੁਰਗ ਜੋੜਾ ਹੋਲੀ-ਹੋਲੀ ਤੇ ਰਾਹ ਵਿਚ ਪਏ ਕੰਕਰ ਤੇ ਹੋਰ ਨਿੱਕ-ਸੁੱਕ ਆਪਣੀਆਂ ਖੂੰਡੀਆਂ ਨਾਲ ਪਾਸੇ ਕਰਦਾ ਇੱਕ ਸਾਰ ਤੁਰਦਾ ਆਉਂਦਾ,ਉਹ ਦੋਵੇ ਜੀਅ ਬਜ਼ੁਰਗ ਘਰ ਦੀ ਅਲੀਸ਼ਾਨ ਬਿੰਲਡਿਗ ਵੱਲ ਰੁਕ-ਰੁਕ ਕੇ ਵੇਖਦੇ ਤੇ ਆਪਸ ਵਿਚ ਗੱਲਾਂ ਕਰਦੇ ਬਾਰ-ਬਾਰ ਐਨਕਾਂ ਲਾਹਕੇ ਅੱਖਾ ਨੂੰ ਤਾਜਗੀ ਦਿੰਦੇ, ਪਰ ਸੱਜੇ ਹੱਥ ਦੀ ਬਿੰਲਡਿੰਗ ਵੱਲ ਬਿਲਕੁੱਲ ਨਾ ਝਾਕਦੇ। ਇਕ ਹੋਰ ਜੋੜਾ ਹਫਤੇ ਕੁ ਬਾਅਦ ਹਮੇਸ਼ਾਂ ਉਸੇ ਸੜਕ ਤੋਂ ਉਹਨਾਂ ਦੇ ਅੱਗੇ-ਪਿੱਛੇ ਲੰਘਦਾ, ਔਰਤ ਦੀ ਗੋਦੀ ਇਕ ਬੱਚਾ ਹੁੰਦਾ ਤੇ ਇਕ ਨੇ ਉਸਦੀ ਉਂਗਲ ਫੜੀ ਹੁੰਦੀ, ਮਰਦ ਦੀ ਪੈਂਟ ਤੇ ਲੱਗੀ ਬਿਲਟ ਦਾ ਬੱਕਲ ਸਹੀਂ ਜਗ੍ਹਾਂ ਦੀ ਥਾਂ ਥੋੜਾ ਖੱਬੇ ਜਾਂ ਸੱਜੇ ਸਰਕਿਆ ਤੇ ਸ਼ਰਟ ਅੱਧ-ਪਚੱਧੀ ਪੈਂਟ ਤੋਂ ਬਾਹਰ ਹੁੰਦੀ, ਦੋ ਰਾਸ਼ਨ ਦੇ ਬੈਗ ਉਸਦੇ ਦੋਹਾਂ ਹੱਥਾਂ ਵਿਚ ਫੜ੍ਹੇ ਹੁੰਦੇ ਤੇ ਇਕ ਵੱਡਾ ਥੈਲਾ ਸੱਜੇ ਮੋਢੇ ਦੇ ਪਿੱਛੇ ਲਟਕਦਾ ਹੁੰਦਾ, ਉਹ ਵਾਹੋ-ਦਾਹੀ ਲੰਘ ਜਾਂਦੇ, ਨਾ ਸੱਜੇ ਦੇਖਦੇ ਤੇ ਨਾ ਖੱਬੇ।
ਬਲਜਿੰਦਰ ਸੰਘਾ
ਫੋਨ : 1403-680-3212