ਕੈਨੇਡਾ ਵਿਚ ਪੰਜਾਬੀ ਪਰਵਾਸ ਇੱਕ ਸਦੀ ਤੋਂ ਪੁਰਾਣਾ ਹੈ। ਇਸਦੇ ਸੂਬਲੇ ਅਲਬਰਟਾ ਦਾ ਸ਼ਹਿਰ ਕੈਲਗਰੀ ਪੰਜਾਬੀਆਂ ਲਈ ਹੁਣ ਨਵਾਂ ਨਹੀਂ ਬਲਕਿ 21ਵੀਂ ਸਦੀ
ਦੇ ਸ਼ੁਰੂ ਹੋਣ ਤੋਂ ਕਈ ਦਹਾਕੇ ਪਹਿਲਾ ਪੰਜਾਬੀਆਂ ਨੇ ਇਸ ਸ਼ਹਿਰ ਦੀਆਂ ਮਿੱਲਾਂ ਵਿਚ ਕੰਮ ਕਰਨ ਦੇ ਨਾਲ-ਨਾਲ ਆਪਣੇ ਕਾਰੋਬਾਰ ਸਥਾਪਿਤ ਕਰ ਲਏ ਸਨ। ਸੁਰਜੀਤ ਇਸਦਾ ਜਿਉਂਦਾ ਜਾਗਦਾ ਸਬੂਤ ਹੈ ਜੋ ਪਿਛਲੇ ਤਿੰਨ ਦਹਾਕਿਆ ਤੋਂ ਫਰਨੀਚਰ ਦੀ ਸਾਊਥ-ਈਸਟ ਵਿਚ ਸਥਿਤ ਫੈਕਟਰੀ ਦੀ ਮਸ਼ੀਨ ਹੀ ਨਜ਼ਰ ਆਉਂਦਾ। ਉਸਦਾ ਅੱਧਾ ਸਿਰ ਵਾਲਾ ਤੋਂ ਸੱਖਣਾ ਹੋਇਆ ਪਿਆ ਹੈ ਤੇ ਮੱਥੇ ਨੇ ਕਿਸੇ ਰਾਜਨੀਤਕ ਪਹੁੰਚ ਵਾਲੇ ਭਾਰਤੀ ਵਿਆਕਤੀ ਦੇ ਸ਼ਾਮਲਾਟ ਤੇ ਕਬਜੇ ਵਾਂਗ ਉਸਨੂੰ ਆਪਣਾ ਹੀ ਹਿੱਸਾ ਸਿੱਧ ਕਰਨਾ ਸ਼ੁਰੂ ਕਰ ਦਿੱਤਾ ਹੈ। ਬਾਕੀ ਸਿਰ ਤੇ ਜੋ ਵਾਲ ਬਚੇ ਸਨ ਉਹ ਝੱੜਿਆਂ ਨਾਲੋ ਭੈੜੇ ਜਿਵੇਂ ਕੰਘਾ ਤੇ ਤੇਲ ਜੁੜਿਆ ਹੀ ਨਾ ਹੋਵੇ,ਜਿਵੇਂ ਉਸਦੇ ਹੱਥਾਂ ਵਿਚ ਸਿਰ ਤੱਕ ਪਹੁੰਚਣ ਦੀ ਤਾਕਤ ਹੀ ਨਾ ਰਹੀ ਹੋਵੇ।
ਇਸਦੇ ਬਾਵਜ਼ੁਦ ਓਵਰ-ਟਾਈਮ ਦਾ ਨਾਮ ਸੁਣਕੇ ਉਹ ਆਪਣੀ ਮਸ਼ੀਨ ਤੇ ਹੱਥਲਾ ਕੰਮ ਛੱਡਕੇ ਬੜੀ ਉੱਚੀ ਛਾਲ ਮਾਰਦਾ। ਪਰ ਇਹ ਉਸਦਾ ਭਰਮ ਹੀ ਸੀ, ਪੈਰ ਤਾਂ ਉਹਦੇ ਮਸਾਂ 4 ਜਾਂ 5 ਇੰਚ ਹੀ ਉੱਚਾ ਉੱਠਦੇ ਸਨ ਪਰ ਉਹ ਆਪਣੇ ਆਪ ਨੂੰ ਹਾਈ ਜੰਪਰ ਜੈਵਰ ਸੋਟੋਮੇਅਰ ਵਾਂਗ ਅਸਮਾਨ ਵਿਚੋਂ ਮੁੜਿਆ ਮਹਿਸੂਸ ਕਰਦਾ। ਚਾਹੇ ਕੈਨੇਡਾ, ਅਮਰੀਕਾ ਪੱਕੇ ਤੌਰ ਆਕੇ ਵਸੇ ਪਰਵਾਸੀਆਂ ਦੇ ਪਹਿਲੇ ਕੁਝ ਸਾਲ ਜੋ ਪੰਜ ਤੋਂ ਦਸ ਸਾਲ ਦੇ ਵਿਚਕਾਰ ਹੋ ਸਕਦੇ ਹਨ ਕਾਫੀ ਮਿਹਨਤ ਕਰਨ ਦੇ ਹੁੰਦੇ ਹਨ ਤਾਂ ਕਿ ਉਹ ਆਪਣੇ-ਆਪ ਨੂੰ ਇੱਥੋਂ ਦੀ ਲਾਈਫ ਵਿਚ ਆਰਥਿਕ ਤੌਰ ਤੇ ਥੋੜਾ ਸਥਾਪਿਤ ਕਰ ਲੈਣ ਪਰ ਜੇਕਰ ਸੱਤੇ ਦਿਨ ਕੰਮ ਤੇ ਬਿਝੀ ਰਹਿਣਾ ਫਿਰ ਵੀ ਜਾਰੀ ਰਹਿੰਦਾ ਹੈ ਤਾਂ ਇਹ ਇਸ਼ਾਵਾਂ ਦੀ ਲੋੜਾਂ ਤੇ ਭਾਰੂ ਹੋਣ ਦੀ ਬਿਰਤੀ ਹੀ ਹੈ, ਕਿਉਂਕਿ ਲੋੜਾਂ ਭਿਖ਼ਾਰੀ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਹਨ ਤੇ ਇਸ਼ਾਵਾਂ ਇਕ ਰਾਜੇ ਦੀਆਂ ਵੀ ਅਧੂਰੀਆਂ ਹੀ ਰਹਿੰਦੀਆਂ ਹਨ।
ਸੁਰਜੀਤ ਵੀ ਇੱਛਾਵਾਂ ਦੇ ਲੋੜਾਂ ਉੱਪਰ ਪਏ ਗਲਬੇ ਅਧੀਨ ਕੈਨੇਡਾ ਦੇ ਪਹਾੜਾਂ, ਝੀਲਾ, ਪੱਬਾਂ, ਕਲੱਬਾਂ ਅਤੇ ਖੱਲ੍ਹੇ ਸੈਰਗਾਹਾਂ ਤੋਂ ਅਣਜਾਣ ਹੀ ਰਹਿ ਗਿਆ ਤੇ ਹਫਤੇ ਦੇ ਸੱਤੇ ਦਿਨ ਕੰਮ ਕਰਦਾ ਉਹ ਲੋੜ ਪੈਣ ਤੇ ਓਵਰ-ਟਾਇਮ ਲਈ ਵੀ ਤਿਆਰ ਰਹਿੰਦਾ। ਅੱਧੀ ਰਾਤ ਘਰ ਮੁੜਦਿਆਂ ਰੱਜ ਕੇ ਦਾਰੂ ਪੀਣੀ, ਥਕੇਵਾ ਲਾਹੁਣ ਲਈ ਸਰੂਰ ਵਿਚ ਆਉਂਦਿਆ ਉਹ ਆਪਣੀ ਇਸ ਵੱਧ ਕੰਮ ਕਰਨ ਵਾਲੀ ਅਤੇ ਓਵਰ-ਟਾਈਮ ਲਾਉਣ ਵਾਲੀ ਆਦਤ ਅਤੇ ਕਮਾਏ ਡਾਲਰਾਂ ਕਰਕੇ ਆਪਣੇ-ਆਪ ਨੂੰ ਕਦੇ ਕੈਨੇਡਾ ਦੇ ਤਖ਼ਤ ਅਤੇ ਕਦੇ ਇੰਡੀਆ ਦੇ ਤਖ਼ਤ ਦਾ ਮਹਾਰਾਜਾ ਸਮਝਦਾ, ਉਸਨੂੰ ਆਪਣਾ-ਆਪ ਉੱਚਾ-ਉੱਚਾ ਅਤੇ ਵੱਡਾ-ਵੱਡਾ ਲੱਗਦਾ। ਫਿਰ ਉਸਨੂੰ ਪਤਾ ਨਾ ਲੱਗਦਾ ਕਦੋਂ ਇਹ ਮਹਾਰਾਜਾ ਕਮਰ ਦਰਦ ਕਾਰਨ ਬੈੱਡ ਦੀ ਥਾਂ ਕਈ ਸਾਲਾਂ ਤੋਂ ਘਰ ਦੀ ਇਕ ਨੁੱਕਰ ਵਿਚ ਲਾਏ ਲੱਕੜ ਦੇ ਕਰੜੇ ਫੱਟੇ ਤੇ ਜਾ ਲਿੱਟਦਾ ਤੇ ਸਵੇਰੇ ਅਲਾਰਮ ਦੀ ਘੰਟੀ ਉਹਨੂੰ ਫੇਰ ਵਾਸ਼ਰੂਮ, ਕਿਚਨ,ਕਾਰ, ਕੰਮ ਤੇ ਫੇਰ ਉਸ ਫੱਟੇ ਤੇ ਪਹੁੰਚਾ ਦਿੰਦੀ। ਬੱਚੇ ਪੜ੍ਹੇ ਵੱਡੇ ਹੋਏ ਤੇ ਇਸ ਸਿਸਟਮ ਦੀ ਲਾਈਫ ਤੋਂ ਕਿਨਾਰਾ ਕਰਦੇ-ਕਰਦੇ ਅਲੱਗ ਹੋ ਗਏ ਤੇ ਪਤਨੀ ਵੀ ਇਸੇ ਕਸ਼ਮਸ਼ ਦਾ ਹਿੱਸਾ ਬਣੀ ਓਵਰਟਾਈਮ, ਘਰ ਦਾ ਕੰਮ, ਕੰਮ ਦੀ ਸਨਿਓਟਰੀ ਤੇ ਇੱਕ ਦੋ ਭੱਜ-ਨੱਸ ਦੇ ਇੰਡੀਆ ਚੱਕਰ ਲਾਕੇ ਦੋ ਸਾਲ ਪਹਿਲਾ ਲਾਈਫ ਦਾ ਚੱਕਰ ਪੂਰਾ ਕਰ ਗਈ ਸੀ।
ਹੁਣ ਇਸ ਘਰ ਵਿਚ ਉਹ ਇਕੱਲਾ ਹੀ ਰਹਿੰਦਾ ਤੇ ਉਸੇ ਤਰਾਂ ਦੇ ਕੰਮ, ਘਰ ਤੇ ਫਿਰ ਕੰਮ ਦੇ ਚੱਕਰ ਵਿਚ ਅਗਲੇ ਡੇਢ ਕੁ ਸਾਲ ਨੂੰ ਲੱਗਣ ਵਾਲੀ ਪੈਨਸ਼ਨ ਅਤੇ ਹੁਣੇ ਹੀ ਪੈਨਸ਼ਨ ਤੋਂ ਬਾਅਦ ਕੈਸ਼ ਉੱਤੇ ਕੰਮ ਕਰਨ ਲਈ ਕਈ ਲੋਕਾਂ ਨਾਲ ਕੀਤੇ ਗੰਢਤੁੱਪ ਕਰਕੇ ਨਸ਼ਿਆਇਆ ਰਹਿੰਦਾ। ਉਹ ਬਾਪੂ ਦੇ ਇਹਨਾਂ ਸ਼ਬਦਾਂ ਨਾਲ ਧੁਰ ਅੰਦਰ ਤੱਕ ਬੱਝ ਗਿਆ ਸੀ ‘ਕਿ ਪ੍ਰਦੇਸ ਚੱਲਿਆ…ਰੱਜ ਕੇ ਕਮਾਈ ਕਰੀ’ ਤੇ ਉਸਨੇ ਕਮਾਈ ਦੀ ਪਰਿਭਾਸ਼ਾ ਨੂੰ ਅਨਪੜ੍ਹ ਬਾਪੂ ਦੇ ਸਿੱਧੇ-ਸਾਧੇ ਸ਼ਬਦਾਂ ਨਾਲ ਇਸ ਤਰ੍ਹਾਂ ਬੰਨਿਆਂ ਕਿ ਬੱਸ ਆਪ ਹੀ ਬੰਨ੍ਹਿਆ ਗਿਆ।
ਸੁਰਜੀਤ ਦੇ ਦੋ ਹੋਰ ਦੋਸਤ ਨੇਕੀ ਅਤੇ ਜੂਪਾ ਜੋ ਪਹਿਲਾ ਉਸਦੇ ਨਾਲ ਉਸੇ ਹੀ ਫਰਨੀਚਰ ਫੈਕਟਰੀ ਵਿਚ ਕੰਮ ਕਰਦੇ ਸਨ ਤੇ ਹੁਣ ਪੰਜ ਕੁ ਸਾਲ ਪਹਿਲਾ ਨੇਕੀ ਇਕ ਉਸੇ ਤਰ੍ਹਾਂ ਦੀ ਹੋਰ ਫੈਕਟਰੀ ਵਿਚ ਜਾ ਲੱਗਿਆ ਸੀ ਤੇ ਜੂਪੇ ਨੇ ਸਾਫ-ਸਫਾਈ ਦੇ ਠੇਕੇ ਲੈਣੇ ਸ਼ੁਰੂ ਕਰ ਦਿੱਤੇ ਸਨ ਪਰ ਇਹਨਾਂ ਦੇ ਦਿਲਾਂ ਦੀ ਸਾਂਝ ਤਿੰਨ ਦਹਾਕੇ ਪੁਰਾਣੀ ਸੀ ਜੋ ਬਿਜਲੀ ਪਾਣੀ ਦੇ ਬਿੱਲ, ਕੰਮ ਦੇ ਘੱਟ-ਵੱਧ ਘੰਟੇ, ਕਾਰਾਂ ਦੀ ਇੰਸ਼ੋਰਸ਼, ਗਰੌਸਰੀ ਦੀ ਮਹਿੰਗਾਈ ਅਤੇ ਪ੍ਰਾਰਟੀ ਟੈਕਸ ਵਿਚ ਹੋਏ ਵਾਧੇ ਦੀ ਗੱਲ-ਬਾਤ ਤੱਕ ਜਾਂਦੀ ਸੀ ਤੇ ਜਿਸਨੂੰ ਆਪਣੇ ਘਰ ਦੇ ਪਿਛਲੇ ਦੋ ਸਾਲਾਂ ਦੇ ਸਾਰੇ ਪੇਅ ਕੀਤੇ ਬਿੱਲਾਂ ਦਾ ਵੇਰਵਾ ਜ਼ੁਬਾਨੀ ਯਾਦ ਹੁੰਦਾ ਉਹ ਇਹਨਾਂ ਦੀ ਲੱਗਣ ਵਾਲੀ ਮਹਿਫਲ ਦਾ ਹੀਰੋ ਹੋ ਨਿੱਬੜਦਾ।
ਇਹਨਾਂ ਮਹਿਫਲਾਂ ਵਿਚ ਉਹ ਆਪਣੇ ਨਵੀਂ ਉਮਰ ਦੇ ਪੰਜਾਬੀ ਸੁਪਰਵਾਈਜ਼ਰ ਦੀਆਂ ਗੱਲਾਂ ਕਿ ‘ਹੁਣ ਦੇ ਸਮੇਂ ਵਿਚ ਪੰਜਾਬੀ ਪਰਵਾਸ ਕੈਨੇਡਾ ਜਿਹੇ ਦੇਸਾਂ ਵਿਚ ਸਿਰਫ ਡਾਲਰ ਕਮਾਉਣ ਤੱਕ ਸੀਮਤ ਨਹੀਂ ਹੋਣਾ ਚਾਹੀਦਾ, ਇਹ ਦੇਸ ਸਾਨੂੰ ਬੜੇ ਮਾਨ-ਸਨਮਾਣ ਨਾਲ ਨਾਗਰਿਕਤਾ ਵੀ ਦੇ ਰਿਹਾ ਹੈ ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਵੀ ਇਸੇ ਕਰਕੇ ਸਾਨੂੰ ਆਪਣੇ ਰਹਿਣ-ਸਹਿਣ ਅਤੇ ਸੋਚ ਵਿਚ ਕੁਝ ਤਬਦੀਲੀ ਦੀ ਲੋੜ ਹੈ’ ਆਦਿ ਦਾ ਇਹ ਰੱਜਕੇ ਮਖੌਲ ਉਡਾਦੇ ਤੇ ਅਨੰਦ ਲੈਂਦੇ,ਹਾਸਾ ਖ਼ਤਮ ਹੁੰਦਾ ਤਾਂ ਦੂਸਰਾ ਉਸ ਸੁਪਰਵਾਈਜ਼ਰ ਦੀਆ ਗੱਲਾਂ ਕਿ ‘ਅਸੀਂ ਇੱਥੇ ਕਮਾਈ ਕਰਨ ਨਹੀਂ ਬਲਕਿ ਰਹਿਣ ਆਏ ਹਾਂ ਅਤੇ ਵਧੀਆਂ ਜ਼ਿੰਦਗੀ ਜਿਉਣ ਆਏ ਹਾਂ ਨੂੰ ਧਿਆਨ ਵਿਚ ਰੱਖਦਿਆ ਡਾਲਰ ਬਿਰਤੀ ਤੋਂ ਪਾਸੇ ਹੋਕੇ ਵੀ ਕੁਝ ਸੋਚਣ ਦੀ ਲੋੜ ਹੈ, ਅਸੀ ਇਸ ਦੇਸ ਵਿਚ ਵਲੰਟੀਅਰ ਕੰਮ ਵੀ ਕਰੀਏ, ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਹੁੰਦੀਆਂ ਰੈਲੀਆਂ ਵਿਚ ਭਾਗ ਲਈਏ, ਵਧੀਆ ਸਿਟੀਜਨ ਹੋਣ ਦੇ ਨਾਤੇ ਵੋਟ ਦੇ ਹੱਕ ਦਾ ਇਸਤੇਮਾਲ ਕਰੀਏ’ ਦੀ ਗੱਲ ਖ਼ਤਮ ਹੁੰਦੀ ਤਾਂ ਤੀਸਰਾ ਉਸੇ ਲਹਿਜੇ ਵਿਚ ਉਸ ਸੁਪਰਵਾਈਜ਼ਰ ਦੀ ਹੋਰ ਕਹੀ ਗੱਲ ਛੇੜ ਲੈਂਦਾ ਕਿ ‘ਬੱਚਿਆਂ ਨੂੰ ਇੱਕ ਮਲਟੀਕਲਚਰ ਸਿਸਟਮ ਦਾ ਹਿੱਸਾ ਹੁੰਦੇ ਹੋਏ ਕੰਮ ਵਿਚ ਲੋੜੋ ਵੱਧ ਬਿੱਝੀ ਰਹਿਣ ਦੀ ਬਜਾਇ ਆਪਣੇ ਵਿਰਸੇ ਬਾਰੇ ਸਹੀ ਜਾਣਕਾਰੀ ਦੇਈਏ ਤਾਂ ਕਿ ਉਹ ਇਸ ਮਲਟੀਕਲਚਰ ਵਿਚ ਆਪਣੇ ਕਲਚਰ ਦੇ ਨਿੱਗਰ ਰੰਗ ਭਰਨ ਦੇ ਨਾਲ-ਨਾਲ ਇਸ ਵਿਚ ਸਹੀ ਢੰਗ ਨਾਲ ਵਿਚਰਨ ਦੇ ਯੋਗ ਹੋਣ, ਕੁਝ ਗੱਲਾਂ ਨਵੀਆਂ ਗ੍ਰਹਿਣ ਕਰੀਏ ਤੇ ਕੁਝ ਬਿਲਕੁੱਲ ਤਿਆਗ ਦੇਈਏ’ ਤੇ ਉਹ ਹੱਸਦੇ ਤੇ ਅਗਲਾ ਪੈਗ ਬਣਾਉਂਦੇ।
ਜੂਪਾ ਆਪਣੇ-ਆਪ ਨੂੰ ਖਾਸ ਸਿੱਧ ਕਰਨ ਲਈ ਇਹ ਕਹਿਣਾ ਸ਼ੁਰੂ ਕਰ ਦਿੰਦਾ ਕਿ ਕਿਸ ਤਰ੍ਹਾਂ ਉਹ ਜਦੋਂ ਦਾ ਸਾਫ-ਸਫਾਈ ਦੇ ਠੇਕੇ ਲੈਣ ਲੱਗਿਆ ਹੈ ਕਈ ਤਰ੍ਹਾਂ ਦੇ ਟਾਵਲ ਪੇਪਰ, ਬਾਥ ਟੱਬ ਸਾਫ ਕਰਨ ਵਾਲੀਆਂ ਸਪਰੇਹਾਂ ਅਤੇ ਇੱਥੋਂ ਤੱਕ ਬਾਲ ਪਿੰਨ ਵੀ ਗੋਰਿਆਂ ਦੇ ਦਫਤਰਾਂ ਵਾਲੇ ਹੀ ਵਰਤਦਾ ਹੈ ਅਤੇ ਇਸ ਤਰ੍ਹਾਂ ਕਈ ਹੋਰ ਵੀ ਘਰੇਲੂ ਨਿੱਕ-ਸੁੱਕ ਦੇ ਖਰਚੇ ਬਚਾ ਲੈਂਦਾ ਹੈ, ਇਹ ਗੱਲ ਉਹ ਉਹਨਾਂ ਤਿੰਨਾਂ ਦੀ ਮਹਿਫਲ ਵਿਚ ਗਾਹੇ-ਬਗਾਹੇ ਜਰੂਰ ਕਰਦਾ ਤੇ ਆਪਣੀ ਚਲਾਕੀ ਤੇ ਚੁਸਤੀ ਤੇ ਦਾਦ ਲੈਂਦਾ, ਫੇਰ ਉਹ ਵੀਹ-ਪੱਚੀ ਸਾਲ ਪਹਿਲਾ ਫੈਕਟਰੀ ਵਿਚ ਇਕ ਦੂਸਰੇ ਦਾ ਕਾਰਡ ਛੁੱਟੀ ਤੇ ਹੋਣ ਦੇ ਬਾਵਜ਼ੂਦ ਪੰਚ ਕਰਕੇ ਬਣਾਏ ਵਾਧੂ ਡਾਲਰਾਂ ਦੀਆਂ ਗੱਲਾਂ ਕਰਦੇ ਤੇ ਉਸ ਸਮੇਂ ਨੂੰ ਸੁਨਹਿਰੀ ਸਮਾਂ ਦੱਸਦੇ ਜਦ ਗੋਰੇ ਸੁਪਰਵਾਈਜ਼ਰਾਂ ਅਤੇ ਮੈਨੇਜ਼ਰਾਂ ਨੂੰ ਅਸਾਨੀ ਨਾਲ ਬੁੱਧੂ ਬਣਾਉਂਦੇ ਸਨ। ਇਹ ਗੱਲਾਂ ਉਹ ਕਈ ਵਾਰ ਕੰਮ ਤੇ ਨਵੇਂ ਲੱਗੇ ਬੰਦਿਆਂ ਨੂੰ ਬੜੇ ਉਤਸ਼ਹ ਨਾਲ ਸੁਣਾਉਂਦੇ ਤੇ ਆਪਣੇ-ਆਪ ਨੂੰ ਇਸ ਸ਼ਹਿਰ ਦੇ ਪੁਰਾਣੇ ਵਾਸੀ ਹੋਣ ਦੇ ਨਾਲ-ਨਾਲ ਉੱਚੇ ਬੁਰਜ ਸਿੱਧ ਕਰਦੇ।
ਸੁਰਜੀਤ ਦੇ ਘਰ ਅੱਜ ਲੱਗੀ ਮਹਿਫਲ ਵਿਚ ਹਮੇਸ਼ਾਂ ਵਾਂਗ ਉਹਨਾਂ ਨੇ ਇਹ ਸਭ ਦੁਹਰਾਇਆ ਅਤੇ ਹੋਰ ਇਹੋ ਜਿਹੇ ਕੰਮਾਂ ਨਾਲ ਮਹਾਰਥੀ ਹੋਣ ਦਾ ਭਰਮ ਪਾਲਦਿਆ ਵੱਡਾ-ਵੱਡਾ ਅਤੇ ਉੱਚਾ-ਉੱਚਾ ਮੁਹਿਸੂਸ ਕੀਤਾ। ਟੀ.ਵੀ. ਤੇ ਸ੍ਰੀ ਲੰਕਾ ਵਿਚ ਫੌਜ ਵੱਲੋਂ ਮਾਰੇ ਗਏ ਬੇਗੁਨਾਹਾਂ ਦੀ ਡਾਕੂਮੈਂਟਰੀ ਨੂੰ ਉਹ ਅਗਲੇ ਚੈਨਲ ਤੇ ਬਦਲਦੇ ਹਨ ਜਿੱਥੇ ਭਾਰਤ ਵਿਚ ਹੋਏ ਦਿੱਲੀ ਦੇ ਸਿੱਖ ਕਤਲੇਆਮ ਦੇ ਪੀੜ੍ਹਤ ਆਪਣੀ ਹੱਡਬੀਤੀ ਦੱਸ ਰਹੇ ਹਨ, ਉਹ ਅਗਲੇ ਚੈਨਲ ਤੇ ਜਾਂਦੇ ਹਨ ਜਿੱਥੇ ਸੁਨਾਮੀ ਕਹਿਰ ਬਾਰੇ ਪ੍ਰੋਗਰਾਮ ਚੱਲ ਰਿਹਾ ਹੈ, ਫਿਰ ਅਗਲੇ ਚੈਨਲ ਤੇ ਆਤਮਘਾਤੀ ਬੰਬ ਵੱਲੋਂ ਕੀਤੇ ਮਨੁੱਖੀ ਘਾਣ ਦੀ ਖ਼ਬਰ ਹੈ, ਉਸਤੋਂ ਅਗਲੇ ਚੈਨਲ ਤੇ ਇੱਕ ਕੈਨੇਡੀਅਨ ਸਰਜਨ ਖੂਨਦਾਨ ਕਰਨ ਬਾਰੇ ਵਿਸ਼ੇਸ਼ ਪ੍ਰੋਗਰਾਮ ਵਿਚ ਦੱਸ ਰਿਹਾ ਹੈ ਕਿ ਇਹ ਮਨੁੱਖਤਾ ਦੇ ਭਲੇ ਲਈ ਕਿੰਨਾ ਵਧੀਆ ਦਾਨ ਹੇ, ਛੇਵੇ ਚੈਨਲ ਤੇ ਭਾਰਤ ਦੀ ਅਜ਼ਾਦੀ ਲਈ ਗਦਰੀ ਯੋਧਿਆਂ ਦੀ ਕੁਰਬਾਨੀ ਦਾ ਜਿਕਰ ਹੋ ਰਿਹਾ ਹੈ, ਸੱਤਵੇ ਚੈਨਲ ਤੇ ਕੈਨੇਡਾ ਵਿਚ ਅਲਬਰਟਾ ਦੀ ਸਟੇਟ ਸਰਕਾਰ ਵੱਲੋਂ ਸਿਵਲ ਕਰਮਚਾਰੀਆਂ ਦੇ ਹੱਕਾਂ ਤੇ ਡਾਕਾ ਸਿੱਧ ਹੋ ਰਹੇ ਅਤੇ ਹਾਲ ਹੀ ਵਿਚ ਪਾਸ ਕੀਤੇ ਬਿੱਲ 45 ਦੀ ਗੱਲਬਾਤ ਹੈ, ਇੰਨੇ ਨੂੰ ਸੁਰਜੀਤ ਆਪਣੀ ਲੜਕੀ ਦੇ ਗੋਰੇ ਲੜਕੇ ਨਾਲ ਕਰਵਾਏ ਵਿਆਹ ਤੋਂ ਨਾ ਖੁਸ਼ ਹੁੰਦਾ ਹੋਰ ਪੈਗ ਬਣਾਉਣ ਲਈ ਕਹਿੰਦਾ ਹੈ, ਬਾਕੀ ਦੋਵੇ ਉਸਦੇ ਦੁੱਖ ਵਿਚ ਸ਼ਰੀਕ ਹੁੰਦੇ ਹਮਦਰਦੀ ਜਾਹਿਰ ਕਰਦੇ ਹਨ। ਅਗਲੇ ਚੈਨਲ ਤੇ ਖੂਬ ਧੂਮ-ਧੜੱਕਾ ਹੈ ਤੇ ਗੀਤ ਚੱਲ ਰਿਹਾ ਹੈ ” ਜੱਟ ਨੱਚਿਆ ਗੋਰੀਆਂ ਨਾਲ ‘ਤੇ ਹੋਗੀ ਬੱਲੇ-ਬੱਲੇ” ਉਹ ਤਿੰਨੇ ਨੱਚਣ ਲੱਗਦੇ ਹਨ।
ਫੋਨ ਨੰ:403-680-3212
sanghabal@yahoo.ca