ਕੈਲਗਰੀ: ਨਵੰਬਰ, 1984 ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਵਿੱਚ ਮਾਰੇ ਗਏ ਬੇਗੁਨਾਹ ਲੋਕਾਂ ਦੀ ਯਾਦ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਦੁਨੀਆਂ ਭਰ ਵਿੱਚ ‘ਸਿੱਖ ਨੇਸ਼ਨ’ ਦੇ ਨਾਮ ਹੇਠ ਸਾਲ 1999 ਤੋਂ ਨਵੰਬਰ ਮਹੀਨੇ ਵਿੱਚ ਖੂਨਦਾਨ ਕੈਂਪ ਲਗਾਏ ਜਾਂਦੇ ਹਨ।ਇਸੇ ਲੜੀ ਵਿੱਚ ਕੈਲਗਰੀ ਵਿੱਚ ਵੀ ਪਿਛਲੇ 15 ਸਾਲਾਂ ਦੀ ਤਰ੍ਹਾਂ ਦੋ ਕੈਂਪ 16 ਤੇ 30 ਨਵੰਬਰ ਨੂੰ ਲਗਾਏ ਗਏ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਖੂਨਦਾਨ ਕਰਨ ਆਏ।ਸਮੇਂ ਦੀ ਘਾਟ ਕਾਰਨ ਬਹੁਤ ਸਾਰੇ ਵਿਅਕਤੀਆਂ ਨੂੰ ਵਾਪਿਸ ਵੀ ਮੁੜਨਾ ਪਿਆ।ਖੂਨਦਾਨ ਸਬੰਧੀ ਜਾਣਕਾਰੀ ਦਿੰਦੇ ਹੋਏ, ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ 15 ਸਾਲਾਂ ਵਿੱਚ ਕਨੇਡਾ ਭਰ ਵਿੱਚ ਸਿੱਖ ਨੇਸ਼ਨ ਦੇ ਨਾਮ ਹੇਠ ਦਾਨ ਕੀਤੇ ਖੂਨ ਨਾਲ ਹੁਣ ਤੱਕ ਇੱਕ ਲੱਖ ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ।ਜੋ ਕਿ ਸਾਰੀ ਕਮਿਉਨਿਟੀ ਲਈ ਮਾਣ ਵਾਲੀ ਗੱਲ ਹੈ।ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਹਰਚਰਨ ਸਿੰਘ ਪਰਹਾਰ ਨੇ ਦੱਸਿਆ ਕਿ ਸਿੱਖ ਨੇਸ਼ਨ ਵਲੋਂ ਅਸੀਂ ਸਭ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸਿੱਖ ਕੌਮ ਜਾਨਾਂ ਬਚਾਉਣ ਵਿੱਚ ਯਕੀਨ ਰੱਖਦੀ ਹੈ ਤੇ ਇਹ ਸ਼ਹੀਦਾਂ ਨੂੰ ਯਾਦ ਕਰਨ ਦਾ ਵਧੀਆ ਤਰੀਕਾ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ ਕੈਲਗਰੀ ਤੋਂ ਇਲਾਵਾ ਕਨੇਡਾ ਦੇ ਹੋਰ ਸ਼ਹਿਰਾਂ ਸਰੀ, ਐਡਮਿੰਟਨ, ਟਰਾਂਟੋ, ਮੌਂਟਰੀਅਲ ਆਦਿ ਵਿੱਚ ਵੀ ਕੈਂਪ ਲਗਾਏ ਜਾਂਦੇ ਹਨ।ਕੈਲਗਰੀ ਵਿੱਚ ਇਹ ਕੈਂਪ ਬਿਸ਼ਿਪ ਮੈਕਨੈਲੀ ਹਾਈ ਸਕੂਲ ਵਿੱਚ ਕੈਨੇਡੀਅਨ ਬਲੱਡ ਸਰਵਿਸ ਦੀ ਮੱਦਦ ਨਾਲ ਲਗਾਏ ਗਏ।ਇਸ ਵਾਰ ਇਨ੍ਹਾਂ ਕੈਂਪਾਂ ਵਿੱਚ ਜਿਥੇ ਨੌਜਵਾਨਾਂ ਤੇ ਔਰਤਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ, ਉਥੇ ਨੌਜਵਾਨ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਵਲੰਟੀਅਰ ਸੇਵਾਵਾਂ ਨਿਭਾਈਆਂ। ਇਨ੍ਹਾਂ ਕੈਂਪਾਂ ਦੇ ਇੱਕ ਹੋਰ ਪ੍ਰਬੰਧਕ ਬਲਵਿੰਦਰ ਸਿੰਘ ਕਾਹਲੋਂ ਨੇ ਇਨ੍ਹਾਂ ਕੈਂਪਾਂ ਦੀ ਕਾਮਯਾਬੀ ਤੇ ਤਸੱਲੀ ਪ੍ਰਗਟ ਕਰਦਿਆਂ ਸਾਰੀ ਸਿੱਖ ਕਮਿਉਨਿਟੀ, ਗੁਰਦੁਆਰਾ ਕਮੇਟੀਆਂ ਅਤੇ ਵਲੰਟੀਅਰਜ਼ ਦਾ ਇਨ੍ਹਾਂ ਕੈਂਪਾਂ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।