ਭਵਿੱਖ ਵਿਚ ਵੀ ਹੋਰ ਮਦਦ ਦਾ ਭਰੋਸਾ
ਸੁਖਵੀਰ ਗਰੇਵਾਲ ਕੈਲਗਰੀ: ਅਲਬਰਟਾ ਸਰਕਾਰ ਦੇ ਸਰਵਿਸ ਅਲਬਰਟਾ ਵਿਭਾਗ ਦੇ ਮੰਤਰੀ ਮਨਮੀਤ ਸਿੰਘ ਭੁੱਲਰ ਦੇ ਯਤਨਾਂ ਸਦਕਾ ਅਲਬਰਟਾ ਸਰਕਾਰ ਵੱਲੋਂ ਕੈਲਗਰੀ ਦੀ ਹਾਕਸ ਫੀਲਡ ਹਾਕੀ ਅਕਾਦਮੀ ਨੂੰ ਗਰਾਂਟ ਦਾ ਚੈੱਕ ਭੇਂਟ ਕੀਤਾ ਗਿਆ। ਇਹ ਹਾਕੀ ਅਕਾਦਮੀ ਸ਼ਹਿਰ ਦੇ ਸੀਨੀਅਰ ਹਾਕੀ ਖਿਡਾਰੀਆਂ ਦੀ ਨਿਗਰਾਨੀ ਹੇਠ ਚਲਾਈ ਜਾ ਰਹੀ ਹੈ।
ਜੈਨਸਿਸ ਸੈਂਟਰ ਵਿਚ ਹੋਏ ਸਾਦਾ ਜਿਹੇ ਸਮਾਗਮ ਦੌਰਾਨ ਮੰਤਰੀ ਮਨਮੀਤ ਸਿੰਘ ਭੁੱਲਰ ਨੇ 6400 ਡਾਲਰ ਦੀ ਗਰਾਂਟ ਦਾ ਚੈੱਕ ਅਕਾਦਮੀ ਨੂੰ ਭੇਂਟ ਕੀਤਾ। ਸ੍ਰੀ ਭੁੱਲਰ ਨੇ ਬਾਅਦ ਵਿਚ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਵੀਂ ਪੀੜ੍ਹੀ ਨੂੰ ਖੇਡਾਂ ਨਾਲ ਜੋੜੀ ਰੱਖਣਾ ਇੱਕ ਚੰਗਾ ਕਾਰਜ ਹੈ। ਸ੍ਰੀ ਭੁੱਲਰ ਨੇ ਇਹ ਵੀ ਕਿਹਾ ਕਿ ਉਹ ਬਜ਼ੁਰਗਾਂ ਅਤੇ ਬੱਚਿਆਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਸਹਿਯੋਗ ਦੇਕੇ ਖੁਸ਼ੀ ਮਹਿਸੂਸ ਕਰਦੇ ਹਨ। ਉਹਨਾਂ ਕਲੱਬ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਜੈਨਸਿਸ ਸੈਂਟਰ ਦੀ ਮੈਨੇਜਮੈਂਟ ਨਾਲ ਗੱਲ ਕਰਕੇ ਖੇਡ ਮੈਦਾਨ ਦਾ ਕਿਰਾਇਆ ਘੱਟ ਕਰਵਾਉਣ ਦੀ ਗੱਲ ਤੋਰਨਗੇ।
ਕਲੱਬ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਦਿਲਪਾਲ ਸਿੰਘ ਅਤੇ ਦਿਲਜੀਤ ਸਿੰਘ ਪੁਰਬਾ ਨੇ ਕਿਹਾ ਕਿ ਕਲੱਬ ਅੱਗੇ ਸਭ ਤੋਂ ਵੱਡੀ ਚੁਣੌਤੀ ਸਾਰਾ ਸਾਲ ਹਾਕੀ ਗਤੀਵਿਧੀਆਂ ਨੂੰ ਜਾਰੀ ਰੱਖਣਾ ਹੈ ਜਿਸ ਲਈ ਭਾਰੀ ਰਕਮ ਦੇਣੀ ਪੈਂਦੀ ਹੈ। ਕਮੇਟੀ ਦੇ ਮੈਂਬਰਾਂ ਮਨਵੀਰ ਸਿੰਘ ਗਿੱਲ ਅਤੇ ਗੁਰਦੀਪ ਸਿੰਘ ਹਾਂਸ ਨੇ ਸ੍ਰੀ ਭੁੱਲਰ ਵੱਲੋਂ ਦਿੱਤੀ ਹੱਲਾਸ਼ੇਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਖਿਡਾਰੀਆਂ ਨੂੰ ਅਭਿਆਸ ਲਈ ਵੱਡੀ ਮੱਦਦ ਮਿਲੇਗੀ। ਗੁਰਲਾਲ ਸਿੰਘ ਗਿੱਲ ਮਣੂੰਕੇ ਨੇ ਸ੍ਰੀ ਭੁੱਲਰ ਵੱਲੋਂ ਭਵਿੱਖ ਵਿੱਚ ਵਿੱਢੇ ਜਾਣ ਵਾਲੇ ਸਮਾਜਸੇਵੀ ਕੰਮਾਂ ਵਿਚ ਕਲੱਬ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਇਸ ਮੌਕੇ ਲਿਬਰਲ ਪਾਰਟੀ ਦੇ ਆਗੂ ਅਵਿਨਾਸ਼ ਸਿੰਘ ਖੰਘੂੜਾ, ਦਲਜੀਤ ਸਿੰਘ ਕਾਕਾ ਲੋਪੋਂ, ਬਿਕਰਮਜੀਤ ਸਿੰਘ ਮਾਨ, ਕਰਮਜੀਤ ਸਿੰਘ ਢੁੱਡੀਕੇ, ਮਨਮੋਹਨ ਸਿੰਘ ਗਿੱਲ, ਹਰਵਿੰਦਰ ਸਿੰਘ ਖਹਿਰਾ, ਜੀਵਨ ਮਾਂਗਟ, ਸੁਖਦੀਪ ਸਿੰਘ ਹਾਂਸ, ਸੁਖਦੀਪ ਸਿੰਘ ਗਿੱਲ ਮਾਣੂੰਕੇ, ਧੀਰਾ ਢੁੱਡੀਕੇ ਹਾਜਰ ਸਨ।
ਖਿਡਾਰੀਆਂ ਦੀ ਰਜਿਸਟਰੇਸ਼ਨ ਸ਼ੁਰੂ
ਹਾਕੀ ਫੀਲਡ ਹਾਕੀ ਅਕਾਦਮੀ ਵੱਲੋਂ ਸਰਦੀਆਂ ਦੇ ਮਹੀਨਿਆਂ ਦੌਰਾਨ ਵੀ ਹਾਕੀ ਪ੍ਰੈਕਟਿਸ ਜਾਰੀ ਰੱਖਣ ਲਈ ਜੈਨਸਿਸ ਸੈਂਟਰ ਦੇ ਖੇਡ ਮੈਦਾਨ ਪੱਕੇ ਤੌਰ ‘ਤੇ ਬੁੱਕ ਕਰਵਾ ਲਏ ਗਏ ਹਨ। ਸੀਨੀਅਰ ਖਿਡਾਰੀਆਂ ਦੀ ਨਿਗਰਾਨੀ ਹੇਠ ਅਕਾਦਮੀ ਦੇ ਖਿਡਾਰੀਆਂ ਦਾ ਅਭਿਆਸ ਜਾਰੀ ਹੈ। ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਹਾਕੀ ਨਾਲ ਜੋੜਨਾ ਚਾਹੁੰਦੇ ਹਨ ਉਹ ਦਿਲਪਾਲ ਸਿੰਘ (403–681–0749) ਜਾਂ ਗੁਰਦੀਪ ਹਾਂਸ (403–690– 4267) ਨਾਲ ਸੰਪਰਕ ਕਰ ਸਕਦੇ ਹਨ।