ਕੁੱਲ 459 ਵੋਟਾਂ ਦੇ ਫਰਕ ਨਾਲ ਅਗਲੇ ਦੋ ਸਾਲਾਂ ਲਈ ਲਿਆ ਸੇਵਾ ਦਾ ਮੌਕਾ
ਬਲਜਿੰਦਰ ਸੰਘਾ- ਕਿਸੇ ਵੀ ਸੰਸਥਾ ਦਾ ਪ੍ਰਬੰਧ ਚਲਾਉਣ ਲਈ ਕਿਸੇ ਕਮੇਟੀ ਦਾ ਹੋਣਾ ਜਰੂਰੀ ਹੈ। ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ, ਕੈਨੇਡਾ ਦੇ ਪ੍ਰਬੰਧ ਨੂੰ ਚਲਾਉਣ ਲਈ ਦੋ ਸਾਲਾਂ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ। ਸਰਬਸੰਮਤੀ ਨਾ ਹੋਣ ਦੀ ਸੂਰਤ ਵਿਚ ਦੂਸਰਾ ਲੋਕਤੰਤਰੀ ਢੰਗ ਵੋਟਾਂ ਹੀ ਹੈ, ਇਸ ਵਾਰ ਸਰਬਸੰਮਤੀ ਨਾ ਹੋ ਸਕੀ ਅਤੇ ਦੋ ਸਲੇਟਾ ਵਿਚ ਵੋਟਾ ਰਾਹੀ ਫੈਸਲਾ ਕਰਨ ਦਾ ਰਾਹ ਅਪਣਾਇਆ ਗਿਆ। ਸਿੱਖ ਯੂਥ ਕੈਲਗਰੀ ਦੀ ਸਲੇਟ ਨੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਅਤੇ ਦੂਸਰੀ ਸਲੇਟ ਨੇ ਰਣਬੀਰ ਸਿੰਘ ਪਰਮਾਰ ਦੀ ਅਗਵਾਈ ਵਿਚ 19 ਅਕਤੂਬਰ 2013 ਨੂੰ ਗੁਰਦੁਆਰਾ ਦਸ਼ਮੇਸ਼ ਕਲਚਰ ਸੈਟਰ ਕੈਲਗਰੀ ਦੀ ਕਮੇਟੀ ਦੀ ਚੋਣ ਲੜੀ। ਸਵੇਰ ਦੇ 8 ਵਜੇ ਤੋਂ ਲੈਕੇ ਸ਼ਾਮ ਦੇ ਸੱਤ ਵਜੇ ਤੱਕ ਵੋਟਾ ਪਾਈਆ ਗਈਆ। ਅੰਕਿੜਆਂ ਅਨੁਸਾਰ ਕੁੱਲ 13000 ਦੀ ਵੋਟ ਵਿਚ 6010 ਵੋਟਾਂ ਪੋਲ ਹੋਈ ਜਿਹਨਾਂ ਵਿਚੋ 95 ਵੋਟਾਂ ਰੱਦ ਹੋਈਆ। ਇਹਨਾਂ ਚੋਣਾ ਵਿਚ ਸਿੱਖ ਯੂਥ ਕੈਲਗਰੀ ਦੀ ਸਲੇਟ ਨੇ 2728 ਵੋਟਾਂ ਦੇ ਮੁਕਾਬਲੇ 3187 ਵੋਟਾ ਲੈਕੇ ਜਿੱਤ ਪ੍ਰਾਪਤ ਕੀਤੀ। ਇਸ ਵਾਰ ਸਿੱਖ ਸੰਗਤ ਵਿਚ ਵੋਟਾਂ ਪ੍ਰਤੀ ਉਤਸ਼ਾਹ ਹੈਰਾਨੀਜਨਕ ਰਿਹਾ। ਬੇਸ਼ਕ ਪਿਛਲੇ ਹਿਸਾਬ ਨਾਲ ਵਧੀਆ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਬਦਲਦੇ ਮੌਸਮ ਅਤੇ ਸੰਗਤਾਂ ਦੀ ਵੋਟਾਂ ਪ੍ਰਤੀ ਰੁਚੀ ਅਤੇ ਬਣੀਆਂ ਵੋਟਾਂ ਦੇ ਹਿਸਾਬ ਨਾਲ ਵੋਟਾਂ ਪਵਾਉਣ ਦਾ ਪ੍ਰਬੰਧ ਕਾਫੀ ਢਿੱਲਾ ਨਜ਼ਰ ਆ ਰਿਹਾ ਸੀ, ਦੁਪਹਿਰ ਤੋਂ ਬਾਅਦ ਸੰਗਤਾਂ ਨੂੰ ਤਕਰੀਬਰ 1 ਘੰਟਾ 40 ਮਿੰਟ ਤੱਕ ਲਾਇਨ ਵਿਚ ਖੜਨਾ ਪਿਆ। ਲੰਬੀ ਲਾਈਨ ਦੇਖਦਿਆ ਬਹੁਤੇ ਪਰਿਵਾਰ ਮੁੜਦੇ ਦੇਖੇ ਗਏ। ਜਿੱਥੇ ਰਣਬੀਰ ਸਿੰਘ ਪਰਮਾਰ ਦੀ ਅਗਵਾਈ ਵਾਲੀ ਸਲੇਟ ਨੇ ਆਪਣੇ ਵੱਲੋਂ ਪਹਿਲਾ ਕੀਤੇ ਕੰਮਾਂ ਦਾ ਹਵਾਲਾ ਦੇਕੇ ਸੰਗਤਾਂ ਤੋਂ ਵੋਟਾਂ ਦੀ ਮੰਗ ਕੀਤੀ ਗਈ। ਉੱਥੇ ਸਿੱਖ ਯੂਥ ਨੇ ਸਿਰਫ ਇਹ ਕਹਿਕੇ ਵੋਟਾਂ ਦੀ ਮੰਗ ਕੀਤੀ ਕਿ ਉਹ ਬਿਲਕੁਲ ਨਵੇਂ ਹਨ ਪਰ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਤੇ ਉਹਨਾਂ ਦਾ ਇਸੇ ਸਟੈਡ ਤੇ ਡਟੇ ਰਹਿਣਾ ਸ਼ਾਇਦ ਉਹਨਾਂ ਦੀ ਜਿੱਤ ਦਾ ਕਾਰਨ ਬਣਿਆ ਤੇ ਬਦਲਾਅ ਚਾਹੁੰਣ ਵਾਲੀ ਸਿੱਖ ਸੰਗਤ ਨੇ ਉਹਨਾਂ ਦਾ ਸਾਥ ਦਿੰਦਿਆ ਉਹਨਾਂ ਨੂੰ ਸੇਵਾ ਦਾ ਮੌਕਾ ਪ੍ਰਦਾਨ ਕੀਤਾ। ਉਹ ਕੀ-ਕੀ ਬਦਲਾਅ ਕਰਦੇ ਹਨ ਜਿਸ ਨਾਲ ਗੁਰਦੁਆਰੇ ਅਤੇ ਸਕੂਲ ਦਾ ਪ੍ਰਬੰਧ ਹੋਰ ਪਾਰਦਰਸ਼ੀ ਹੋ ਸਕੇ। ਇਹ ਆਉਣ ਵਾਲੇ ਸਮੇ ਦੀ ਬੁੱਕਲ ਵਿਚ ਹੈ।