ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਸਭ ਨੂੰ ਪਹੁੰਚਣ ਦੀ ਅਪੀਲ
ਬਲਜਿੰਦਰ ਸੰਘਾ- ਪਾਸ਼ ਦੀ ਕਵਿਤਾ ਤੋਂ ਤਾਂ ਬਹੁਤ ਸਾਰੇ ਜਾਣੂ ਹਨ। ਉਸਦੀ ਕਵਿਤਾ ਮਨੁੱਖਤਾ ਦੀ ਬਰਾਬਰਤਾ ਦੀ ਗੱਲ ਕਰਦੀ ਹੋਈ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਗੱਲ ਕਰਦੀ ਹੈ। ਉਸਨੇ ਆਪਣੀਆਂ ਰਚਨਾਵਾਂ ਵਿਚ ਹਰ ਉਸ ਬੁਰਾਈ ਬਾਰੇ ਖੁੱਲਕੇ ਅਤੇ ਪੂਰੀ ਪ੍ਰਤੀਬੱਧਤਾ ਨਾਲ ਲਿਖਿਆ ਜੋ ਦੋਗੇਲੇਪਾਣ ,ਚਾਲਬਾਜੀ ਨਾਲ ਲੋਕਾਂ ਤੇ ਰਾਜ ਕਰਦੀਆਂ ਹਨ ਜਾਂ ਗੁੰਮਰਾਹ ਕਰਦੀਆਂ ਹਨ। ਆਪਣੀ ਪ੍ਰਤੀਬੱਧਤਾ ਤੇ ਲੋਕ-ਪੱਖੀ ਜਗਿਆਸੂ ਅਤੇ ਜੁਝਾਰੂ ਕਵਿਤਾ ਨਾਲ ਉਹ ਆਮ ਲੋਕਾਂ ਦਾ ਕਵੀ ਹੋ ਨਿਬੋੜਿਆ। ਅਵਤਾਰ ਪਾਸ਼ ਦੇ ਪਿਤਾ ਸਵ.ਸੋਹਣ ਸਿੰਘ ਸੰਧੂ ਦੁਆਰਾ ਸੰਕਲਨ ਤੇ ਸੰਪਾਦਨ ਕੀਤੀ ਇਸ ਵਾਰਤਕ ਪੁਸਤਕ ‘ਤਲਵੰਡੀ ਸਲੇਮ ਨੂੰ ਜਾਂਦੀ ਸੜਕ’ ਵਿਚ ਪਾਸ਼ ਦੀ ਵਾਰਤਕਤਾ ਦੇ ਬਹੁਤ ਗੰਭੀਰ ਦਰਸ਼ਨ ਹੁੰਦੇ ਹਨ। ਇਸ ਵਿਚ ਉਹਨਾਂ ਦੇ ਵੱਖ-ਵੱਖ ਪੇਪਰਾਂ ਵਿਚ ਲਿਖੇ ਲੇਖ, ਨਿੱਜੀ ਡਾਇਰੀ ਦੇ ਪੰਨੇ, ਸੰਪਾਦਕੀ ਲੇਖ, ਉਸ ਨਾਲ ਹੋਰਾ ਦੀਆਂ ਮੁਲਕਾਤਾਂ ਅਤੇ ਪਾਸ਼ ਦੁਆਰਾ ਕੀਤੀ ਗਈਆਂ ਮੁਲਾਕਾਤਾਂ ਦਰਜ ਹਨ। ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਇਹ ਕਿਤਾਬ 20 ਅਕਤੂਬਰ 2013 ਦਿਨ ਐਤਵਾਰ ਨੂੰ ਠੀਕ ਦੋ ਵਜੇ ਕੋਸੋ ਹਾਲ ਕੈਲਗਰੀ ਵਿਚ ਰੀਲੀਜ਼ ਕੀਤੀ ਜਾਵੇਗੀ। ਕੈਲਗਰੀ ਦੇ ਲੋਕਾਂ,ਮੀਡੀਆ ਅਤੇ ਨੌਜਵਾਨਾਂ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਦੀ ਹਾਰਦਿਕ ਬੇਨਤੀ ਕੀਤੀ ਜਾਂਦੀ ਹੈ। ਇਹ 476 ਸਫੇ ਦੀ ਕਿਤਾਬ ਸਮਾਜ ਦੇ ਬਹੁਤ ਸਾਰੇ ਪਹਿਲੂਆ ਬਾਰੇ ਜਾਣਕਾਰੀ ਭਰਪੂਰ ਹੋਣ ਦੇ ਨਾਲ ਪਾਸ਼ ਦੀ ਪ੍ਰਪੱਕ ਸੋਚ ਨੂੰ ਹਰ ਪਹਿਲੂ ਤੋਂ ਪੇਸ਼ ਕਰਦੀ ਹੈ। ਇਸ ਸਮਾਗਮ ਬਾਰੇ ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਨਾਲ 403-880-1677 ਜਾਂ ਜਨਰਲ ਸਕੱਤਰ ਬਲਜਿੰਦਰ ਸੰਘਾ ਨਾਲ 403-680-3212 ਤੇ ਸਪੰਰਕ ਕੀਤਾ ਜਾ ਸਕਦਾ ਹੈ।