ਪੰਜਾਬੀ ਫਿਲਮ ਇੰਡਸਟਰੀ ਦੀ ਲੀਕ ਤੋਂ ਹਟਵੀ ਫਿਲਮ ਹੋਵੇਗੀ-ਡਾ.ਅਨਮੋਲ ਕਪੂਰ (ਨਿਰਮਾਤਾ)
ਪੰਜਾਬੀ ਫਿਲਮ ਇੰਡਸਟਰੀ ਅਜੇ ਤੱਕ ਨਵੇਂ ਤਜ਼ਰਬੇ ਕਰਨ ਤੋਂ ਕਿਨਾਰਾ ਕਰ ਰਹੀ ਹੈ, ਜਿਸਦੇ ਕਈ ਕਾਰਨ ਹਨ ਹੋ ਸਕਦੇ ਹਨ। ਪਹਿਲਾ ਇਹ ਕਿ ਕੋਈ ਵੀ ਨਿਰਮਾਤਾ ਕਿਸੇ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦਾ ਤੇ ਚਲਦੇ ਵਹਾ ਅਨੁਸਾਰ ਹੀ ਆਪਣੀ ਫਿਲਮ ਨੂੰ ਢਾਲਕੇ ਕੈਸ਼ ਕਰਨ ਵਿਚ ਭਲਾਈ ਸਮਝਦਾ ਹੈ। ਦੂਸਰਾ ਕਾਰਨ ਇਹ ਵੀ ਹੈ ਕਿ ਪੰਜਾਬੀ ਫਿਲਮਾਂ ਦੇ ਬਹੁਤੇ ਵਿਸ਼ੇ ਗੰਡਾਸਿਆਂ ਦੀਆਂ ਛਾਵਾਂ, ਚੌੜੀਆਂ ਬਾਹਾਂ ਕਰਕੇ ਤੁਰਦੇ, ਬਿਨਾਂ ਕਿਸੇ ਖਾਸ ਕਾਰਨ ਤੋਂ ਵੱਡਾ-ਟੁੱਕੀ ਕਰਦੇ , ਬੱਕਰੇ ਬਲਾਉਂਦੇ ਤੇ ਨਿੱਕੀਆਂ-ਨਿੱਕੀਆਂ ਹਿੰਡਾ ਪੁਗਾਉਣ ਲਈ ਮਕੁੱਦਮੇ ਲੜਦੇ ਜੱਟਾਂ ਦੁਆਲੇ ਹੀ ਘੁੰਮਦੇ ਰਹੇ, ਖੁੱਲ੍ਹਾ ਖਾਣਾ-ਪੀਣਾ, ਈਨ ਨਾ ਮੰਨਣਾ ਅਤੇ ਆਪਣੀ ਜ਼ਮੀਨ ਪਿੱਛੇ ਜਾਨ ਵਾਰਨਾ ਪੰਜਾਬੀ ਜੱਟਾ ਦੀ ਪਛਾਣ ਹੈ। ਪਰ ਹਰ ਗੱਲ ਦੀ ਬਹੁਤਾਤ ਮਾੜੀ ਹੁੰਦੀ ਹੈ ਤੇ ਪੰਜਾਬੀ ਫਿਲਮਾਂ ਵੀ ਜੱਟਾਂ ਦੇ ਇੰਨਾ ਮਗਰ ਪਈਆਂ ਕਿ ਜੱਟ ਹੀ ਪੰਜਾਬੀ ਫਿਲਮਾਂ ਦੇਖਣ ਤੋਂ ਕਿਨਾਰਾ ਕਰਨ ਲੱਗੇ। ਕਿਤੇ ਨਾ ਕਿਤੇ ਉਹਨਾਂ ਨੂੰ ਆਪਣਾ ਆਪ ਫਿਲਮੀ ਜੱਟ ਨਾਲੋਂ ਬਹੁਤ ਦੂਰ ਖੜ੍ਹਾ ਨਜ਼ਰ ਆਇਆ ਤੇ ਪੰਜਾਬੀ ਫਿਲਮ ਇੰਡਸਟਰੀ ਬਿਲਕੁੱਲ ਸ਼ਾਤ ਹੋ ਗਈ, ਪੰਜਾਬ ਦੇ ਡੇਢ ਕੁ ਦਹਾਕੇ ਦੇ ਸੰਤਾਪ ਨੇ ਵੀ ਇਸਨੂੰ ਪ੍ਰਭਾਵਿਤ ਕੀਤਾ। ਫਿਰ ਹਰਭਜਨ ਮਾਨ ਦੀ ਫਿਲਮ ‘ਜੀ ਆਇਆ ਨੂੰ’ ਨਾਲ ਪੰਜਾਬੀ ਫਿਲਮਾਂ ਦਾ ਰਾਹ ਖੁੱਲਣਾ ਸ਼ੁਰੂ ਹੋਇਆ, ਕਿਉਂਕਿ ਇਸ ਟੀਮ ਨੇ ਲਗਾਤਾਰ ਕਈ ਫਿਲਮਾਂ ਜੋ ਪਿਛਲੀ ਲਕੀਰ ਨਾਲੋ ਹੱਟਕੇ ਸਨ ਦਿੱਤੀਆਂ। ਪਰ ਫੇਰ ਅਜਿਹਾ ਦੋਰ ਚੱਲਿਆ ਕਿ ਫਿਲਮਾਂ ‘ਚੋ ਵਿਸ਼ੇ ਗਾਇਬ ਹੋਣ ਲੱਗੇ ਤੇ ਕਮੇਡੀ ਪ੍ਰਧਾਨ ਹੋ ਗਈ। ਮਤਲਬ ਕਿ ਪੰਜਾਬੀ ਫਿਲਮ ਨਿਰਮਾਤਾ ਫਿਰ ਰਿਸਕ ਲੈਣ ਦੀ ਥਾਂ ਚਾਲੂ ਵਹਿਣ ਵਿਚ ਵਹਿ ਗਏ। ਪਿਛਲੇ ਕਾਫੀ ਸਮੇਂ ਤੋਂ ਸ਼ੂਟਿੰਗ ਕਾਰਨ ਚਰਚਾ ਵਿਚ ਚੱਲ ਰਹੀ ਫਿਲਮ ‘ਪਟਿਆਲਾ ਡਰੀਮਜ਼Ḕ ਦੇ ਨਿਰਮਾਤਾ ਸੁਲਝੇ ਹੋਏ ਇਨਸਾਨ ਡਾ ਅਨਮੋਲ ਕਪੂਰ ਹਨ। ਅਨਮੋਲ ਕਪੂਰ ਕੈਨੇਡਾ ਦੇ ਪਹਿਲੇ ਪੰਜਾਬੀ ਹਾਰਟ ਡਾਕਟਰ ਹਨ ਜੋ ਹਰ ਤਰ੍ਹਾਂ ਦਾ ਸ਼ੰਘਰਸ਼ ਕਰਦੇ ਹੋਏ ਇਕ ਹਾਰਟ ਡਾਕਟਰ ਤੱਕ ਪਹੁੰਚੇ ਤੇ ਆਪਣੇ ਪੇਸ਼ੇ ਦੇ ਨਾਲ-ਨਾਲ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਪ੍ਰਤੀ ਜਾਗਰਿਤ ਕਰਨ ਦਾ ਨਿਸ਼ਕਾਮ ਕੰਮ ਕਰਦੇ ਹੋਏ ਕੈਨੇਡਾ ਵਿਚ ਪਿਛਲੇ ਦੋ ਸਾਲ ਤੋਂ ਬਕਾਇਦਾ ਇਕ ਦਿਲ ਵਾਕ ਨਾ ਦੀ ਵਲੰਟੀਅਰ ਸੰਸਥਾਂ ਵੀ ਚਲਾ ਰਹੇ ਹਨ ਜੋ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਅਤੇ ਇਸ ਪ੍ਰਤੀ ਸੁਚੇਤ ਕਰਨ ਦਾ ਨਿੱਗਰ ਉਪਰਾਲਾ ਕਰ ਰਹੀ ਹੈ। ਉਹਨਾਂ ਦਾ ਪਟਿਆਲਾ ਡਰੀਮਜ਼ ਫਿਲਮ ਦਾ ਨਿਰਮਾਤਾ ਹੋਣਾ ਹੀ ਦੱਸਦਾ ਹੈ ਕਿ ਫਿਲਮ ਜਰਾ ਹੱਟਕੇ ਹੋਵੇਗੀ। ਜਿੱਥੇ ਉਹ ਫਿਲਮ ਦੇ ਨਿਰਮਾਤਾ ਹਨ ਉੱਥੇ ਇਸ ਫਿਲਮ ਦੇ ਲੇਖਕ ਵੀ ਹਨ। ਉਹਨਾਂ ਅਨੁਸਾਰ ਫਿਲਮ ਪੰਜਾਬੀ ਫਿਲਮਾਂ ਇੰਡਸਟਰੀ ਵਿਚ ਵਿਸ਼ੇ ਪੱਖੋ ਵੀ ਹੱਟਕੇ ਹੈ, ਫਿਲਮ ਦੀ ਸਿਨਮਾਗ੍ਰਾਫੀ ਵੇਲੇ ਵੀ ਕੋਈ ਸਮਝੋਤਾ ਨਹੀਂ ਕੀਤਾ ਗਿਆ, ਸਾਰੀ ਫਿਲਮ ਰੈਡ ਐਪਕ ਕੈਮਰੇ ਤੇ ਬਣੀ ਹੈ, ਵਿਸ਼ਾ ਬੜਾ ਸੰਜੀਦਾ ਹੈ ਤੇ ਪੰਜਾਬੀ ਫਿਲਮਾਂ ਵਿਚ ਇਕ ਵਿਸ਼ੇਸ ਵਿਸ਼ਾ ਹੈ। ਬਹੁਤੀਆਂ ਪੰਜਾਬੀ ਫਿਲਮ ਮਾੜ-ਧਾੜ ਜਾ ਕਮੇਡੀ ਤੋਂ ਸ਼ੁਰੂ ਹੁੰਦੀਆਂ ਹਨ ਪਰ ਇਹ ਫਿਲਮ ਸੁਪਨਿਆ ਤੋਂ ਸ਼ੁਰੂ ਹੁੰਦੀ ਹੈ। ਇਕ ਬਾਹਰਲੇ ਦੇਸ਼ ਵਿਚ ਜੰਮੇ ਨੌਜਵਾਨ ਨੂੰ ਜਿਹੜੇ ਸੁਪਨੇ ਆਉਂਦੇ ਹਨ ਉਹ ਪੰਜਾਬ
ਦੇ ਹੁੰਦੇ ਹਨ, ਉਸਨੂੰ ਇਹ ਸੁਪਨੇ ਕਿਉਂ ਆਉਂਦੇ ਹਨ, ਕੀ ਕਾਰਨ ਹੈ ਤੇ ਕੀ ਉਹ ਆਪਣੇ ਸੁਪਨਿਆ ਵਿਚ ਆਉਣ ਵਾਲੇ ਦ੍ਰਿਸ਼ ਪੰਜਾਬ ਜਾਕੇ ਦੇਖਦਾ ਹੈ ਤੇ ਉਹਨਾਂ ਨਾਲ ਉਸਦੀ ਕੋਈ ਸਾਂਝ ਹੈ। ਇਹ ਸਭ ਰਾਜ ਦੀਆਂ ਬਾਤਾਂ ਹਨ ਜੋ ਤੁਸੀ ਸਿਨਮੇਘਰ ਵਿਚ ਜਾਕੇ ਹੀ ਦੇਖ ਸਕਦੇ ਹੋ ਤੇ ਇਕ ਦਿਲ ਦੇ ਸਪੈਸ਼ਲਿਸ਼ਟ ਦੀ ਲਿਖੀ ਤੇ ਬਣਾਈ ਫਿਲਮ ਦਿਲ ਦੇ ਸੁਪਨਿਆਂ ਨਾਲ ਕਿੰਨਾ ਤੇ ਕਿੰਝ ਜੁੜੀ ਹੈ ਇਹ ਹੀ ਨਹੀਂ ਬਲਕਿ ਨਿਰਮਾਤਾ ਅਨੁਸਾਰ ਫਿਲਮ ਪੂਰੀ ਤਰ੍ਹਾਂ ਹਰ ਤਕਨੀਕ, ਗੀਤ-ਸੰਗੀਤ, ਲੋਕੇਸ਼ਨਾ, ਸਿਨਮਾਗਰਾਫੀ ਤੋਂ ਬਾਲੀਵੁੱਡ ਦੀਆਂ ਫਿਲਮਾਂ ਦਾ ਮੁਕਾਬਲਾ ਕਰੇਗੀ। ਫਿਲਮ ਵਿਚ 7 ਗੀਤ ਹਨ ਜੋ ਜਵੇਦ ਅਲੀ ਮੁੰਬਈ ( ਨਗਾਰਾ ਬਜਾ ਫੇਮਸ ਗੀਤ ਵਾਲਾ), ਸ਼ਾਹਿਦ ਮੱਲਿਆ, ਲੱਕੀ, ਰੀਤੂ ਪਾਟਕ, ਕੁਲਵਿੰਦਰ ਬਿੱਲਾ, ਜ਼ੈਜ ਪੰਜਾਬੀ ਅਤੇ ਤਰੁੰਨਮ ਮਲਿਕ ਦੀਆਂ ਅਵਾਜਾਂ ਹਨ। ਕੋਰੀਓਗਰਾਫੀ ਸੰਜੇ ਦੱਤ ਅਤੇ ਰਾਮਗੁਪਾਲ ਦੀਆਂ ਫਿਲਮਾ ਵਾਲੀ ਸ਼ਬੀਨਾ ਖਾਨ ਦੀ ਹੈ। ਐਕਸ਼ਨ ਡਰੈਕਟਰ ਮੁੰਨਾ ਭਾਈ ਸੀਰੀ ਵਾਲੇ ਅਨੀਫ ਸ਼ੇਖ ਹਨ, ਡਰੈਕਸ਼ਨ ਅਭਿਸ਼ੇਕ ਸਕਸੈਨਾ ਦੀ ਹੈ,ਹੀਰੋ ਹਨ ਜੀ ਸਿਨੇ ਸਟਾਰ ਕੰਪੀਟੀਸ਼ਨ (10 ਲੱਖ ਦੀ ਪਾਰਟੀਸਪੇਟਸ ਵਿਚੋ ਪਹਿਲੇ) ਸਰਵਰ ਅਹੂਜਾ, ਹੀਰੋਇਨ ਮਡਾਲਸਾ ਸ਼ਰਮਾ ਹੈ ਜੋ ਪਹਿਲਾ ਹਿੰਦੀ ਅਤੇ ਤੇਲਗੂ ਫਿਲਮਾਂ ਵਿਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਸਰਦਾਰ ਸੋਹੀ, ਗੁਰਸ਼ਰਨ ਮਾਨ, ਰਾਣਾ ਜੰਗਬਹਾਦਰ, ਅਮ੍ਰਿਤਪਾਲ ਬਿੱਲਾ, ਬੀ ਐਨ ਸ਼ਰਮਾ, ਅਮ੍ਰਿਤਪਾਲ ਛੋਟੂ ਵਰਗੇ ਜਾਣੇ-ਪਛਾਣੇ ਕਲਾਕਾਰ ਫਿਲਮ ਦਾ ਹਿੱਸਾ ਹਾਨ। ਨਿਰਮਾਤਾ ਦਾ ਕਹਿਣਾ ਹੈ ਕਿ ਫਿਲਮ ਰੈਡ ਐਪਕ ਕੈਮਰੇ ਤੇ ਬਣੀ ਅਤੇ ਕਿਸੇ ਵੀ ਦ੍ਰਿਸ਼ ਵਿਚ ਕੁਆਲਟੀ ਪੱਖੋ ਸਮਝੋਤਾ ਨਹੀਂ ਕੀਤਾ ਗਿਆ। ਇਸ ਫਿਲਮ ਵਿਚ ਕੋਈ ਵੀ ਤਕਨੀਕੀ ਕਮੀ ਨਜ਼ਰ ਨਹੀਂ ਆਵੇਗੀ ਅਤੇ ਪੰਜਾਬ ਦੇ ਨਾਭਾ ਤੋਂ ਇਲਾਵਾ ਮੁੰਬਈ, ਮਸੂਰੀ, ਅਸਟਰੇਲੀਆਂ ਅਤੇ ਕੈਨੇਡਾ ਦੀਆ ਲੁਕੇਸ਼ਨਾ ਤੇ ਫਿਲਮਾਈ ਇਹ ਇਕ ਹਰ ਪੱਖ ਤੋਂ ਪੂਰਾ ਉੱਤਰਦੀ ਫਿਲਮ ਹੋਵੇਗੀ ਜਿਸ ਰੋਮਾਸ, ਸੰਜੀਦਗੀ, ਐਕਸ਼ਨ ਅਤੇ ਕਮੇਡੀ ਦਾ ਅਨੋਖਾ ਸੁਮੇਲ ਦੇਖਣ ਨੂੰ ਮਿਲੇਗਾ। ਨਿਰਮਾਤਾ ਅਨੁਸਾਰ ਨਵੇਂ 2014 ਦੀ 10 ਜਨਵਰੀ ਨੂੰ ਇਹ ਫਿਲਮ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ ਦੇ ਕੁਝ ਹਿੱਸੇ, ਅਸਟਰੇਲੀਆ, ਅਮਰੀਕਾ ਅਤੇ ਕੈਨੇਡਾ ਵਿਚ ਰੀਲੀਜ਼ ਹੋਵੇਗੀ।
ਬਲਜਿੰਦਰ ਸੰਘਾ
ਫੋਨ ਨੂੰ- 403-680-3212