ਹਰਭਜਨ ਮਾਨ ਦਾ ਫਿਲਮੀ ਕੈਰੀਅਰ ਪੰਜਾਬੀ ਫਿਲਮ ‘ਜੀ ਆਇਆ’ ਤੋਂ ਸ਼ੂਰੂ ਹੋਕੇ ‘ਯਾਰਾ ਓ ਦਿਲਦਾਰਾ’ ਤੋਂ ਹੁੰਦਾ ਹੋਇਆ ਤਕਰੀਬਨ ਢਾਈ ਕੁ ਸਾਲ ਦੇ ਗੈਪ ਤੋਂ ਬਾਅਦ ਤਰੋਤਾਜ਼ੀ ਫਿਲਮ “ਹਾਣੀ” ਨਾਲ ਫਿਰ ਚਮਕਿਆ ਹੈ। ਸਤੰਬਰ 6, 2013 ਨੂੰ ਦੁਨੀਆਂ ਭਰ ਵਿਚ ਰੀਲੀਜ਼ ਹੋਈ ਇਸ ਫਿਲਮ ਬਾਰੇ ਬਾਕੀ ਗੱਲਾਂ ਤੋਂ ਪਹਿਲਾ ਇਹ ਕਹਿਣਾ ਬਿਲਕੁੱਲ ਠੀਕ ਹੈ ਕਿ ਪੰਜਾਬੀ ਸਿਨਮੇ ਵਿਚ ਇਹ ਇੱਕ ਨਵਂੀ ਦਿਸ਼ਾ ਹੈ। ਇਸ ਫਿਲਮ ਵਿਚ ਹਰਭਜਨ ਮਾਨ, ਮਹੈਰੀਨ ਕਲੇਕਾ, ਸਰਬਜੀਤ ਚੀਮਾ, ਸਨੋਜ ਸਚਦੇਵਾ, ਸੋਨੀਆ ਮਾਨ, ਰੂਪਨ ਬੱਲ, ਸਰਦਾਰ ਸੋਹੀ, ਬਲਵਿੰਦਰ ਬਿੱਕੀ (ਚਾਚਾ ਰੋਣਕੀ ਰਾਮ), ਗੁਰਦੇਵ ਢਿੱਲੋਂ (ਭਜਨਾ ਅਮਲੀ) ਦੇ ਮੁੱਖ ਕਿਰਦਾਰ ਹਨ। ਅਮਤੋਜ ਮਾਨ ਜਿਹਨਾਂ ਨੇ ਪੰਜਾਬੀਆਂ ਦੇ ਚੇਤਿਆਂ ਵਿਚ ਵਸੀ ਹਰਭਜਨ ਮਾਨ ਦੇ ਗੀਤ ਮਿਰਜ਼ਾ ਦੀ ਵੀਡੀਓ ਡਾਇਰੈਕਟ ਕੀਤੀ ਸੀ, ਫਿਰ ਗੀਤ ‘ਮੈ ਤੇਰੀ ਮਾਂ ਦੀ ਬੋਲੀ ਆਂ’ ਜੋ ਬੇਹਦ ਆਕਰਸ਼ਕ ਤੇ ਸੰਜੀਦਾ ਸਿਨਮਾਗ੍ਰਾਫੀ ਦਾ ਕਮਾਲ ਸੀ। ਉਹਨਾਂ ਦੀ ਆਪਣੀਆਂ ਫਿਲਮਾਂ ‘ਹਵਾਏ’ ‘ਕਾਫਲਾ’ ਕਮਾਲ ਸਨ। ਇਸਤੋਂ ਬਾਅਦ ਜਦੋਂ ਫਿਲਮ ‘ਹਾਣੀ’ ਦੀ ਗੱਲ ਸਾਹਮਣੇ ਆਉਣ ਲੱਗੀ ਤਾਂ ਇਹ ਪਤਾ ਲੱਗਣ ਤੇ ਕਿ ਇਹ ਫਿਲਮ ਵੀ ਅਮਿਤੋਜ ਮਾਨ ਦੀ ਡਾਇਰੈਕਸ਼ਨ ਹੇਠ ਬਣ ਰਹੀ ਹੈ ਜ਼ਾਹਿਰ ਸੀ ਕਿ ਕੁਝ ਨਵਾ ਹੋਵੇਗਾ। ਪੰਜਾਬੀ ਫਿਲਮ ‘ਸਿਰਫਿਰੇ’ ਜਿਸਨੂੰ ਇਹ ਕਹਿਕੇ ਪ੍ਰਚਾਰ ਕੀਤਾ ਗਿਆ ਸੀ ਕਿ ਇਹ ਇੱਕ ਪਰਿਵਾਰਕ ਫਿਲਮ ਹੈ ਤੇ ਜਦੋ ਪਰਿਵਾਰ ਇਸ ਫਿਲਮ ਨੂੰ ਦੇਖਣ ਗਏ ਤਾਂ ਕੁਝ ਮਿੰਟਾਂ ਵਿਚ ਹੀ ਸਿਨਮੇ ‘ਚੋ ਬਾਹਰ ਨਿਕਲਣ ਲੱਗੇ ਸਨ ਤੇ ਇਸ ਫਿਲਮ ਨੇ ਪੰਜਾਬੀ ਪਰਿਵਾਰਾਂ ਦਾ ਸਿਰ ਫਿਲਮਾਂ ਵੱਲੋਂ ਮੋੜਨ ਦਾ ਕੰਮ ਕੀਤਾ। ਇਸਦੇ ਨੇੜੇ ਦਾ ਸਮਾਂ ਉਹ ਸਮਾਂ ਸੀ ਜਦੋਂ ਪੰਜਾਬੀ ਫਿਲਮਾਂ ਦਾ ਹੜ੍ਹ ਸ਼ੁਰੂ ਹੋਇਆ, ਨੌਜਵਾਨ ਹੀ ਫਿਲਮਾਂ ਦੇਖਣ ਲੱਗੇ ਤੇ ਪਰਿਵਾਰ ਕਿਨਾਰਾ ਕਰ ਗਏ। ਬੇਸ਼ਕ ਵਿਚ-ਵਿਚ ਕੁਝ ਸੰਜੀਦਾ ਫਿਲਮਾਂ ਵੀ ਆਈਆਂ ਪਰ ਬਹੁਤੀਆਂ ਬਿਨਾਂ ਕਿਸੇ ਸੰਜੀਦਗੀ ਦੇ ਬੱਸ ਘਟੀਆਂ ਜੋਕਸ ਅਤੇ ਅਣਚਾਹੀ ਹਿੜ-ਹਿੜ ਤੇ ਫੋਕਸ ਹੋ ਗਈਆਂ। ਇਸ ਵਿਚ ਕੋਈ ਸ਼ੱਕ ਨਹੀ ਹਰਭਜਨ ਮਾਨ ਦੀਆਂ ਫਿਲਮਾਂ ਪਰਿਵਾਰ ਬੜੇ ਭਰੋਸੇ ਤੇ ਬਿਨਾਂ ਸ਼ੱਕ ਤੋਂ ਦੇਖਣ ਜਾਂਦੇ ਹਨ ਤੇ ਇਹ ਵਿਸ਼ਵਾਸ਼ ਪੈਦਾ ਕਰਨਾ ਹੀ ਅਣਮੁੱਲੀ ਕਾਮਯਾਬੀ ਹੈ।
ਹੁਣ ਵਾਪਸ ਆਉਂਦੇ ਹਾ ਫਿਲਮ ‘ਹਾਣੀ’ ਵੱਲ ਬਿਨਾ ਸ਼ੱਕ ਫਿਲਮ ਐਕਟਿੰਗ, ਡਾਇਰੈਕਸ਼ਨ, ਸਿਨਮਾਗ੍ਰਾਫੀ, ਗੀਤ-ਸੰਗੀਤ, ਸਭ ਪੱਖਾਂ ਤੋਂ ਸਫਲ ਹੈ। ਜਿਹਨਾਂ ਨੇ ਦੇਖੀ ਹੈ ਜਾ ਦੇਖਣੀ ਹੈ ਸਭ ਦਾ ਧਿਆਨ ਖਿੱਚੇਗੀ, ਹਰਭਜਨ ਮਾਨ ਦੀ ਵੱਖਰੀ ਦਿੱਖ ਵੱਖਰਾ ਬੋਲਣ ਦਾ ਢੰਗ, ਪੂਰਾ ਸਵੈ-ਵਿਸ਼ਵਾਸ਼ ਉਹਨਾਂ ਨੂੰ ਦਸ
‘ਚੋ’ ਦਸ ਨੰਬਰ ਦਿੰਦਾ ਹੈ, ਬਾਕੀ ਸਾਰੇ ਕਲਾਕਾਰਾਂ ਦਾ ਕੰਮ ਵੀ ਅਖੀਰ ਤੱਕ ਐਨਾ ਅਨੈਰਜੀ ਭਰਿਆ ਹੈ ਕਿ ਬੋਰੀਅਤ ਦਾ ਅਹਿਸਾਸ ਤੱਕ ਨਹੀਂ ਹੁੰਦਾ। ਇਹ ਸਾਰਾ ਕੰਮ ਸਹੀ ਡਾਇਰੈਕਸ਼ਨ ਦਾ ਹੈ ਜੋ ਅਮਿਤੋਜ ਮਾਨ ਦੀ ਹੈ, ਗੀਤਕਾਰਰੀ ਉਹਨਾਂ ਦੇ ਪਿਤਾ ਬਾਬੂ ਸਿੰਘ ਮਾਨ ਦੀ ਹੈ। ਪਰ ਫਿਲਮ ਦੀ ਕਾਹਣੀ ਬਾਰੇ ਵੀ ਇਹੀ ਕਿਹਾ ਗਿਆ ਕਿ ਅਮਿਤੋਜ ਮਾਨ ਦੀ ਲਿਖੀ ਹੈ, ਪਰ ਜਸਵੰਤ ਸਿੰਘ ਕੰਵਲ ਦੇ ਨਾਵਲ ਬਹੁਤ ਸਾਰੇ ਪੰਜਾਬੀਆ ਨੇ ਪੜ੍ਹੇ ਹਨ ਤੇ ਹਰ ਘਰ ਵਿਚ ਉਹਨਾਂ ਦਾ ਕੋਈ ਨਾ ਕੋਈ ਨਾਵਲ ਪਿਆ ਜਰੂਰ ਮਿਲਦਾ ਹੈ। ਇਸ ਫਿਲਮ ਦੇ ਸ਼ੁਰੂ ਹੋਣ ਤੋਂ ਥੋੜੇ ਸਮੇਂ ਬਾਅਦ ਹੀ ਜਿਹਨਾਂ ਨੇ ਉਹਨਾਂ ਦਾ ਨਾਵਲ “ਪੂਰਨਮਾਸ਼ੀ” ਪੜ੍ਹਿਆ ਹੈ, ਉਸਦੇ ਪਾਤਰ ਰੂਪ, ਚੰਨੋ, ਜੰਗੀਰਾ, ਦਿਆਲਾ, ਸ਼ਾਮੋ, ਕਰਤਾਰਾ ਦਿਸਣ ਲੱਗਦੇ ਹਨ। ਰੂਪ ਦਾ ਪਾਤਰ ਰਣਜੀਤ (ਹਰਭਜਨ ਮਾਨ), ਜੰਗੀਰੇ ਅਤੇ ਦਿਆਲੇ ਦੋਹਾ ਦਾ ਰਲਵਾ ਪਾਤਰ ਸਰਬਜੀਤ ਚੀਮਾ, ਚੰਨੋ ਦਾ ਪਾਤਰ ਸੁੱਖਾ, ਉਹੋ ਸੀਨਾਂ ਦਾ ਰਚਨਾਤਮਿਕ ਢੰਗ, ਜਿੱਥੇ ਦਿਆਲਾ ਆਪਣੀ ਮਹਿਬੂਬਾ ਸ਼ਾਮੋ ਦੇ ਘਰ ਜਾਂਦਾ ਹੈ ਭੰਨ-ਘੜ ਕਰਕੇ ਉਹ ਉਸਦੀ ਥਾਂ ਰਣਜੀਤ ਤੇ ਫਿਲਮਾਇਆ ਗਿਆ ਹੈ ਤੇ ਨਾਵਲ ਤੋਂ ਵੱਖ ਕਰਨ ਲਈ ਇੱਥੇ ਕਰਤਾਰੇ ਹੱਥੋਂ ਉਸਦਾ ਕਤਲ ਕਰਾ ਦਿੱਤਾ ਜਾਂਦਾ ਹੈ। ਪਰ ਸੀਨ ਦੇ ਹਾਵ-ਭਾਵ ਨਾਵਲ ਵਾਲੇ ਹਨ, ਉਸੇ ਤਰ੍ਹਾਂ ਮੂੰਹ ਢਕੇ, ਚੁਬਾਰੇ ਦੀਆਂ ਪੌੜੀਆਂ, ਸੇਮ ਹਲਾਤ ਤੇ ਸਥਿਤੀ ਬੱਸ ਫਰਕ ਸਿਰਫ ਇੰਨਾ ਹੈ ਕਿ ਮੂਹਰੇ ਸ਼ਾਮੋ ਦੀ ਥਾਂ ਸੁੱਖਾਂ ਹੈ ਤੇ ਵਾਪਸ ਮੁੜਨ ਤਰੀਕਾ ਸਭ ਨਾਵਲ ਵਾਲਾ ਹੈ। ਜਿੱਥੇ ਨਾਵਲ ਵਿਚ ਰੂਪ ਪਰੈਕਟੀਕਲ ਵਿਚ ਅਖੀਰ ਤੱਕ ਹਾਜ਼ਰ ਹੈ ਉਥੇ ਫਿਲਮ ਵਿਚ ਉਸਦੀ ਆਤਮਾ ਰਣਜੀਤ ਨਾਮ ਦੇ ਪਾਤਰ ਰਾਹੀ ਹਰ ਜਗਾ ਹਾਜ਼ਰ ਹੋਕੇ ਉਹੋ ਕੰਮ ਕਰਦੀ ਹੈ। ਨਾਵਲ ਵਿਚ ਅਖੀਰ ਤੇ ਰੂਪ ਆਪਣੇ ਬੇਟੇ ਪੂਰਨ ਦਾ ਵਿਆਹ ਚੰਨੋ ਦੀ ਧੀ ਪੁੰਨੋ ਨਾਲ ਕਰਦਾ ਹੈ ਤੇ ਫਿਲਮ ਵਿਚ ਇਸਨੂੰ 1964 ਤੋਂ 1980-85 ਦੀ ਥਾਂ 2013 ਤੇ ਲਿਆਕੇ ਇਹੋ ਕੰਮ ਰਣਜੀਤ ਦੀ ਆਤਮਾ ਆਪਣੇ ਪੋਤੇ ਰਾਹੀ ਕਰਵਾਉਦੀਂ ਹੈ। ਉੱਧਰ ਚੰਨੋ ਤੋਂ ਸੁੱਖਾ ਬਣੀ ਪਾਤਰ ਵੀ ਮਾਂ ਦੀ ਥਾਂ ਦਾਦੀ ਬਣਦੀ ਹੈ।
ਪਰ ਫਿਲਮ ਦੇ ਪੋਸਟਰ ਤੋਂ ਲੈਕੇ ਹਰ ਤਰ੍ਹਾਂ ਦੀ ਪ੍ਰਮੋਸ਼ਨ ਵੇਲੇ ਕਿਸੇ ਵੀ ਐਕਟਰ ਨੇ ਇਸ ਗੱਲ ਦਾ ਨਾਮ ਨਹੀਂ ਲਿਆ ਕਿ ਇਹ ਫਿਲਮ ਨਾਵਲ ‘ਪੂਰਨਮਾਸ਼ੀ’ ਦੇ ਅਧਾਰਿਤ ਹੈ ਜਦੋਂ ਕਿ ਸਭ ਕੁਝ ਉਹੋ ਹੁੰਦਾ ਮਹਿਸੂਸ ਹੁੰਦਾ ਜੋ ਨਾਵਲ ਦਾ ਕੇਂਦਰੀ ਧੁਰਾ ਹੈ ਤੇ ਇੰਨਾ ਕੁਝ ਮਿਲਣਾ ਮਹਿਜ਼ ਇਤਫਾਕ ਨਹੀਂ ਹੋ ਸਕਦਾ। ਫਰਕ ਸਿਰਫ ਇਹੋ ਹੈ ਕਿ ਨਾਵਲ ਊਠਾਂ ਦੀ ਸਵਾਰੀ ਤੋਂ ਸਾਈਕਲ ਤੱਕ ਪਹੁੰਚਦਾ ਹੈ ਤੇ ਦੂਸਰੀ ਪੀੜ੍ਹੀ ਤੇ ਖਤਮ ਹੁੰਦਾ ਹੈ ਪਰ ਫਿਲਮ ਨੂੰ ਦੂਸਰੀ ਪੀੜ੍ਹੀ ਦੀ ਥਾਂ ਤੀਸਰੀ ਪੀੜ੍ਹੀ ਤੱਕ 2013 ਵਿਚ ਲਿਆਂਦਾ ਗਿਆ ਹੈ। ਉੱਪਰ ਲਿਖੇ ਅਨੁਸਾਰ ਜੋ ਕੰਮ ਰੂਪ ਜਿਉਂਦਾ ਜਾਗਦਾ ਨਾਵਲ ਦੇ ਅਖੀਰ ਤੇ ਕਰਦਾ ਹੈ, ਉਹੋ ਕੰਮ ਫਿਲਮੀ ਪਾਤਰ ਰਣਜੀਤ ਤੋਂ ਆਤਮਾ ਰਾਹੀ ਕਰਾਇਆ ਗਿਆ ਹੈ ਤੇ ਇਹਨਾਂ ਦ੍ਰਿਸ਼ਾਂ ਵਿਚ ਕਿਤੇ-ਕਿਤੇ ਅਮਿਤਾਬ ਬੱਚਨ ਦੀ ਫਿਲਮ ਭੂਤਨਾਥ ਦਾ ਭੁਲੇਖਾ ਹੈ। ਖਾਸ ਕਰਕੇ ਜਦੋਂ ਸਾਰੀਆਂ ਗੱਡੀਆਂ ਇੱਕ ਆਤਮਾ ਦੇ ਜੋਰ ਕਰਨ ਇੱਕ ਜਗ੍ਹਾ ਆਕੇ ਬੰਦ ਹੋ ਜਾਂਦੀਆਂ ਹਨ। ਇਸੇ ਆਤਮਾ ਕਰਕੇ ਫਿਲਮ ਤਰਕਵਾਦੀ ਲੋਕਾਂ ਨੂੰ ਹਾਜ਼ਮ ਆਉਣੀ ਮੁਸ਼ਕਿਲ ਹੈ ਜੋ ਜਨਮ ਤੋਂ ਪਹਿਲਾ ਅਤੇ ਬਾਅਦ ਵਿਚ ਵਿਸ਼ਵਾਸ਼ ਨਹੀਂ ਕਰਦੇ। ਪਰ ਸਾਡੇ ਪਾਖੰਡੀ ਸਾਧ-ਸੰਤ ਬਾਗੋ-ਬਾਗ ਹੋਣਗੇ ਜੋ ਜੰਨਤਾ ਤੋਂ ਪੈਸਾ ਬਟੋਰਨ ਲਈ ਹਮੇਸ਼ਾਂ ਜਨਮ ਤੋਂ ਪਹਿਲਾ ਅਤੇ ਬਾਅਦ ਦੀ ਸਾਖੀਆਂ ਹੀ ਸੁਣਾਉਂਦੇ ਹਨ ਤੇ ਭੋਲੇ ਲੋਕ ਆਤਮਾ ਦੀ ਭਲਾਈ ਤੇ ਸਵਰਗ ਵਿਚ ਜਾਣ ਲਈ ਇਹ ਜ਼ਿੰਦਗੀ ਨਰਕ ਵਿਚ ਗੁਜ਼ਰ ਦਿੰਦੇ ਹਨ। ਇਹ ਫਿਲਮ ਦੀ ਸਕ੍ਰਿਪਟ ਜਸਵੰਤ ਸਿੰਘ ਕੰਵਲ ਦੀ ਸਲਾਹ ਜਾਂ ਇਜਾਜਤ ਨਾਲ ਬਣਾਈ ਗਈ ਹੈ ਜਾਂ ਨਹੀ, ਜਾਂ ਅਚੇਤ ਹੀ ਸਟੋਰੀ ਇੰਨੀ ਹੁਬਹੂ ਬਣ ਗਈ ਪਰ ਜੋ ਅਸੰਭਵ ਜਾਪਦਾ ਹੈ, ਇਸ ਬਾਰੇ ਤਾਂ ਫਿਲਮ ਦੇ ਨਿਰਮਾਤਾ ਜਾਂ ਸਕ੍ਰਿਪਟ ਲੇਖਕ ਅਮਿਤੋਜ ਮਾਨ ਹੀ ਦੱਸ ਸਕਦਾ ਹੈ।
ਬਲਜਿੰਦਰ ਸੰਘਾ
ਫੋਨ : 403-680-3212