ਗੁਰਚਰਨ ਕੌਰ ਥਿੰਦ- ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਅਗਸਤ ਮਹੀਨੇ ਦੀ ਮੀਟਿੰਗ ਵਿੱਚ ਮਿੱਤੀ 10-08-2013 ਨੂੰ ਸਵਾਗਤ ਰੈਸਟੋਰੈਂਟ ਦੇ ਹਾਲ ਵਿੱਚ ਕੈਲਗਰੀ ਨਿਵਾਸੀ ਸਵਰਗਵਾਸੀ ਕਵੀ ਮੋਹਣ ਸਿੰਘ ਚੱਠਾ ਦੀ ਧਾਰਮਿਕ ਅਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਦਰਸਾਉਂਦੀਆਂ ਕਵਿਤਾਵਾਂ ਦੀ ਕਿਤਾਬ ‘ਸਿੱਖੀ ਦੀਆਂ ਮੰਜ਼ਿਲਾਂ’ ਭਾਰੀ ਇਕੱਠ ਵਿੱਚ ਕਿਤਾਬ ਦੇ ਸੰਪਾਦਕ ਕਸ਼ਮੀਰਾ ਸਿੰਘ ਚਮਨ, ਸਭਾ ਦੇ ਪ੍ਰਧਾਨ ਗੁਰਮੀਤ ਕੌਰ ਸਰਪਾਲ ਅਤੇ ਚੱਠਾ ਪਰਿਵਾਰ ਵਲੋਂ ਰਿਲੀਜ਼ ਕੀਤੀ ਗਈ। ਚੱਠਾ ਪਰਿਵਾਰ ਵਲੋਂ ਪਰੋਸੇ ਗਏ ਲਜ਼ੀਜ਼ ਖਾਣੇ ਦੇ ਆਨੰਦ ਉਪਰੰਤ ਪ੍ਰੋਗਰਾਮ ਦੀ ਸ਼ੁਰੁਆਤ ਗੁਰਚਰਨ ਕੌਰ ਥਿੰਦ ਨੇ ਆਏ ਸੱਜਣਾਂ ਨੂੰ ਸਭਾ ਵਲੋਂ ਅਤੇ ਚੱਠਾ ਪਰਿਵਾਰ ਵਲੋਂ ਜੀ ਆਇਆਂ ਕਹਿ ਕੇ ਅਤੇ ਹਰਭਜਨ ਕੌਰ ਚੱਠਾ (ਮੋਹਣ ਸਿੰਘ ਚੱਠਾ ਦੀ ਨੂੰਹ) ਦੁਆਰਾ ਮੋਹਣ ਸਿੰਘ ਹੁਰਾਂ ਦੁਆਰਾ ਰਚਿਤ ਖਿਲਰੇ ਹਰਫਾਂ ਨੂੰ ਕਿਤਾਬੀ ਰੂਪ ਦੇਣ ਲਈ ਕੀਤੇ ਉਦਮ ਦੀ ਪ੍ਰਸ਼ੰਸਾ ਕਰਦਿਆਂ ਕੀਤੀ।ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਣ ਲਈ ਕਸ਼ਮੀਰਾ ਸਿੰਘ ਚਮਨ, ਗੁਰਮੀਤ ਕੌਰ ਸਰਪਾਲ ਅਤੇ ਹਰਭਜਨ ਕੌਰ ਚੱਠਾ ਨੂੰ ਸੱਦਾ ਦੇਣ ਤੋਂ ਬਾਅਦ ਅਗਲੇਰੀ ਕਾਰਵਾਈ ਲਈ ਮਾਈਕ ਗੁਰਮੀਤ ਜੀ ਦੇ ਹਵਾਲੇ ਕਰ ਦਿੱਤਾ।ਉਹਨਾਂ ਨੇ ਮੋਹਣ ਸਿੰਘ ਚੱਠਾ ਦੀਆਂ ਰਚਨਾਵਾਂ ਵਰਗੇ ਉਹਨਾਂ ਦੇ ਨਿਮਰਤਾ ਭਰਪੂਰ ਸੁਭਾਅ ਅਤੇ ਆਕਰਸ਼ਕ ਵਿਅਕਤੀਤੱਵ ਦੀ ਗੱਲ ਕਰਦਿਆਂ ‘ਸੱਜਣਾਂ ਨਾਲ ਹੀ ਇਸ ਜੱਗ ‘ਚ ਰੌਣਕਾਂ, ਸੱਜਣਾਂ ਨਾਲ ਇਸ ਜੱਗ ਸਰਦਾਰੀਆਂ ਨੇ, ਸੱਜਣ ਜਿਨ੍ਹਾਂ ਦੇ ਜੱਗ ਸੁਹੇਲੜੇ ਜੀ, ਖੁਸ਼ੀਆਂ ਤਿਨਾ ਨੂੰ ਜੱਗ ‘ਚ ਨਿਆਰੀਆਂ ਨੇ’ ਖੂਬਸੂਰਤ ਸ਼ੇਅਰ ਨਾਲ ਸਭ ਦਾ ਸਵਾਗਤ ਕਰਕੇ ਪ੍ਰੋਗਰਾਮ ਦੀ ਕਾਰਵਾਈ ਨੂੰ ਜਾਰੀ ਰਖਿਆ। ਕਿਤਾਬ ਸਬੰਧੀ ਗੁਰਚਰਨ ਕੌਰ ਥਿੰਦ ਅਤੇ ਸਤਪਾਲ ਬੱਲ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਇਸ ਨੂੰ ਨੌਜੁਆਨਾਂ ਲਈ ਪ੍ਰਰੇਣਾ ਦਾ ਸਰੋਤ ਦਰਸਾਇਆ।ਜਸਵੰਤ ਸਿੰਘ ਸੇਖੋਂ ਜੀ ਨੇ ਦੋ ਨੌਜੁਆਨ ਬੱਚਿਆਂ ਜੁਝਾਰ ਸਿੰਘ ਅਤੇ ਗੁਰਜੀਤ ਸਿੰਘ ਨਾਲ ਕਿਤਾਬ ਵਿਚੋਂ ਵਾਰ ਪੇਸ਼ ਕੀਤੀ ਅਤੇ ਨਿੱਕੀ ਦਾਸ, ਰਵੀ ਜਨਾਗਲ ਤੇ ਹਰਭਜਨ ਕੌਰ ਦੁਆਰਾ ਗਾਏ ਗੀਤਾਂ ਨੇ ਵੀ ਚੰਗਾ ਰੰਗ ਬੰਨ੍ਹਿਆ।ਰਮੇਸ਼ ਆਨੰਦ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸਵਰਨ ਸਿੰਘ ਹੁਰਾਂ ਦੀ ਵਧੀਆ ਗਾਇਕ ਵਜੋਂ ਜਾਣ ਪਛਾਣ ਕਰਵਾਈ, ਜਿਨ੍ਹਾਂ ਨੇ ‘ਅੰਮ੍ਰਿਤਾ ਪ੍ਰੀਤਮ’ ਦੀ ਰਚਨਾ ‘ਚੰਨਾਂ ਤਾਰਿਆਂ ਦੀ ਲੋਅ ਸਾਨੂੰ ਮਿਲੀ ਜਾਣਾ ਹੋ…’ ਗਾ ਕੇ ਤਾੜੀਆਂ ਦੀ ਭਰਵੀਂ ਦਾਦ੍ਹ ਲਈ।ਕਿਤਾਬ ਛਪਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸਰੂਪ ਸਿੰਘ ਮੁੰਢੇਰ ਜੀ ਨੇ ਵੀ ਕਿਤਾਬ ਵਿਚੋਂ ਕਵਿਤਾ ਸੁਣਾਈ। ਸਭਾ ਦੇ ਮੈਂਬਰ ਕੁਲਵੰਤ ਕੌਰ, ਹਰਚਰਨ ਕੌਰ ਬਾਸੀ ਅਤੇ ਮਨੋਹਰ ਕੌਰ ਹੁਰਾਂ ਆਪਣੇ ਦਿਲੀ ਭਾਵ ਪ੍ਰਗਟ ਕੀਤੇ। ਮਾਨਯੋਗ ਮਨਿਸਟਰ ਮਨਮੀਤ ਸਿੰਘ ਭੁੱਲਰ ਜੀ ਫੰਕਸ਼ਨ ਵਿੱਚ ਸ਼ਾਮਲ ਨਹੀਂ ਹੋ ਸਕੇ ਸੋ ਉਹਨਾਂ ਦੇ ਪੀ. ਏ. ਜਸਜੀਤ ਸਿੰਘ ਨੇ ਉਹਨਾਂ ਦਾ ਸੁਨੇਹਾ ਪੜ੍ਹ ਕੇ ਸੁਣਾਇਆ ਅਤੇ ਕਸ਼ਮੀਰਾ ਸਿੰਘ ਚਮਨ ਜੀ ਨੇ ਭੁੱਲਰ ਹੁਰਾਂ ਲਈ ਆਪਣੀਆਂ ਕਿਤਾਬਾਂ ਦਾ ਸੈੱਟ ਭੇਟ ਕੀਤਾ। ਉਹਨਾਂ ਨੇ ਗੁਰਮੀਤ ਸਰਪਾਲ ਨੂੰ ਵੀ ਕਿਤਾਬਾਂ ਦਾ ਸੈੱਟ ਭੇਟ ਕੀਤਾ। ਪ੍ਰੋਗਰਾਮ ਵਿੱਚ ਗਲੋਬਲ ਸੀਨੀਅਰ ਸੋਸਾਇਟੀ ਦੇ ਪ੍ਰਧਾਨ ਸਤਪਾਲ ਕੌਸ਼ਲ, ਇੰਕਾ ਸੀਨੀਅਰ ਸੋਸਾਇਟੀ ਵਲੋਂ ਅਜਾਇਬ ਸਿੰਘ ਬਰਾੜ, ਸਾਊਥ ਏਸ਼ੀਅਨ ਇੰਡੋਕਨੇਡੀਅਨ ਸੰਸਥਾ ਦੇ ਮੁਹਿੰਦਰ ਸਿੰਘ ਅਤੇ ਸਬਰੰਗ ਰੇਡੀਓ ਦੇ ਸੰਚਾਲਕ ਰਾਜੇਸ਼ ਅੰਗਰਾਲ ਪਰਿਵਾਰ ਸਮੇਤ ਉਚੇਚੇ ਪਹੁੰਚੇ।ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ ਦੀਆਂ ਮੈਂਬਰਾਂ ਦੀ ਭਰਵੀਂ ਹਾਜ਼ਰੀ ਨੇ ਰੌਣਕ ਵਧਾਈ।ਅੰਤ ਵਿੱਚ ਮੋਹਣ ਸਿੰਘ ਚੱਠਾ ਦੇ ਛੋਟੇ ਬੇਟੇ ਦਲਜੀਤ ਸਿੰਘ ਨੇ ਪਰਿਵਾਰ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਖਾਸ ਤੌਰ ਤੇ ਆਪਣੀ ਭਰਜਾਈ ਹਰਭਜਨ ਕੌਰ ਚੱਠਾ ਦੀ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਦੀ ਭਰਪੂਰ ਸ਼ਲਾਘਾ ਕੀਤੀ।ਗੁਰਮੀਤ ਸਰਪਾਲ ਨੇ ਸਿੱਖਿਦਾਇਕ ਟੂਕਾਂ ਤੇ ਵਿੱਚ ਵਿੱਚ ਹਾਸਰਸ ਚੁਟਕਲੇ ਸੁਣਾ ਕੇ ਪ੍ਰੋਗਰਾਮ ਦੀ ਰੌਚਕ ਪੇਸ਼ਕਾਰੀ ਕੀਤੀ।
ਪ੍ਰਧਾਨ : ਗੁਰਮੀਤ ਕੌਰ ਸਰਪਾਲ ਰਿਪੋਰਟ ਕਰਤਾ : ਗੁਰਚਰਨ ਕੌਰ ਥਿੰਦ,
ਫੋਨ : 403-280-6090 ਫੋਨ : 403-293-2625