ਬਲਜਿੰਦਰ ਸੰਘਾ – ਨਰੋਏ ਸਮਾਜ ਦਾ ਸਿਰਜਣ ਕਰਨ ਲਈ ਜਿੱਥੇ ਵਿਦਿਆ, ਸਰੀਰਕ ਤੰਦਰੁਸਤੀ ਅਤੇ ਨਸ਼ਿਆ ਤੋਂ ਦੂਰ ਰਹਿਣਾ ਜਰੂਰੀ ਹੈ ਉੱਥੇ ਕੈਨੇਡਾ ਵਰਗੇ ਮਲਟੀਕਲਚਰ ਦੇਸ਼ ਵਿਚ ਆਪਣੇ ਵਿਰਸੇ ਬਾਰੇ ਜਾਣਕਾਰੀ, ਮਾਂ-ਬੋਲੀ ਦਾ ਗਿਆਨ ਵੀ ਅਹਿਮ ਹੈ। ਬੇਸ਼ਕ ਸਕੂਲੀ ਵਿਦਿਆ ਅਤੇ ਖੇਡਾਂ ਦਾ ਇੱਕ ਬੱਚੇ ਦੀ ਸ਼ਖ਼ਸ਼ੀਅਤ ਦਾ ਵਿਕਾਸ ਕਰਨ ਲਈ ਕਾਫੀ ਰੋਲ ਹੈ ਪਰ ਉਸਦੀ ਸ਼ਖ਼ਸ਼ੀਅਤ ਦਾ ਸਰਬਪੱਖੀ ਵਿਕਾਸ ਕਰਨ ਲਈ ਜਰੂਰੀ ਹੈ ਕਿ ਉਹ ਇਸ ਘੇਰੇ ਤੋਂ ਬਾਹਰ ਵੀ ਹਰ ਤਰ੍ਹਾਂ ਦੇ Aਸਾਰੂ ਸਮਾਗਮਾਂ ਦਾ ਭਾਗ ਬਣੇ। ਇਸੇ ਉਦੇਸ਼ ਨਾਲ ਕੈਲਗਰੀ ਵਿਚ ਵੀ ਬਹੁਤ ਸਾਰੀਆਂ ਸੰਸਥਾਵਾਂ ਆਪਣੇ-ਆਪਣੇ ਹਿਸਾਬ ਨਾਲ ਰੋਲ ਅਦਾ ਕਰ ਰਹੀਆਂ ਹਨ। ਡਰੱਗ ਅਵੇਅਨੈਸ ਫਾਊਡੇਸ਼ਨ ਵੱਲੋ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਅਤੇ ਦੂਰਗਾਮੀ ਨਿਕਲ ਵਾਲੇ ਸਿੱਟਿਆਂ ਬਾਰੇ ਸੈਮੀਨਾਰ ਕੀਤੇ ਜਾਂਦੇ ਹਨ। ਪੰਜਾਬੀ ਸਾਹਿਤਕ ਸੰਸਥਾਵਾਂ ਪੰਜਾਬੀ ਕਮਿਊਨਟੀ ਦੇ ਬੱਚਿਆਂ ਨੂੰ ਮਾਂ-ਬੋਲੀ ਨਾਲ ਜੋੜਨ ਲਈ ਉਹਨਾਂ ਦੇ ਮੁਕਾਬਲੇ ਕਰਵਾਕੇ ਉਤਸ਼ਾਹਤ ਕਰਦੀਆਂ ਹਨ, ਉੱਥੇ ਹੀ ਕੈਲਗਰੀ ਦੀ ਸੰਸਥਾ ਨੌਰਥ ਕੈਲਗਰੀ ਕਲਚਰਲ ਐਸ਼ੋਸੀਏਸ਼ਨ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਸਰੀਰਕ ਤੰਦਰੁਸਤੀ ਅਤੇ ਖੇਡਾਂ ਪ੍ਰਤੀ ਹਰ ਵਰਗ ਅਤੇ ਉਮਰ ਦੇ ਵਿਆਕਤੀਆਂ ਨੂੰ ਉਤਸ਼ਾਹਿਤ ਕਰਨ ਲਈ ਸਲਾਨਾ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਇਸ ਸਾਲ ਇਹ ਟੂਰਨਾਮੈਂਟ 17 ਅਗਸਤ ਨੂੰ ਕਰਡਿਲ ਪਲੇਸ ਦੇ ਗਰਾਊਂਡ ਵਿਚ ਕਰਵਾਇਆ ਗਿਆ। ਜਿਸ ਵਿਚ ਚਾਰ ਸਾਲ ਤੋਂ ਲੈਕੇ ਹਰ ਉਮਰ ਦੇ ਤਕਰੀਬਨ 18 ਵਰਗ ਬਣਾਏ ਗਏ ਸਨ। ਜਿਸ ਵਿਚ ਰੇਸ, ਔਰਤਾਂ ਦੀ ਐਪਲ ਸਪੂਨ ਰੇਸ, ਕਪਲਸ ਥਰੀ ਲੈਗ ਰੇਸ, ਲੇਡੀਸ ਮਿਊਜ਼ੀਕਲ ਚੇਅਰ ਆਦਿ ਦੇ ਵੱਖ ਉਮਰਾਂ ਦੇ ਬਹੁਤ ਸਾਰੇ ਗਰੁੱਪ ਬਣਾਏ ਗਏ ਸਨ। ਹਰ ਗੁਰੱਪ ਵਿਚ ਨਿੱਕੇ-ਨਿੱਕੇ ਬੱਚਿਆਂ ਤੋਂ ਇਲਾਵਾ ਵੱਡੀ ਉਮਰ ਦੇ ਵਿਆਕਤੀ ਵੀ ਉਤਸ਼ਾਹ ਨਾਲ ਭਾਗ ਲੈਂਦੇ ਦੇਖੇ ਗਏ। ਸ਼ੁਰੂ ਵਿਚ ਸਾਰੇ ਪਲੇਅਰ ਵੱਲੋ ਮਾਰਚ ਪਾਸਟ ਕੀਤਾ ਗਿਆ ਜਿਸਨੂੰ ਸੰਸਥਾਂ ਦੇ ਕਾਰਜਕਾਰੀ ਮੈਂਬਰਾਂ ਨੇ ਸਲਾਮੀ ਦਿੱਤੀ। ਹਰ ਭਾਗ ਲੈਣ ਵਾਲੇ ਵਿਆਕਤੀ ਨੂੰ ਐਮ.ਐਲ਼ ਏ. ਦਰਸ਼ਨ ਕੰਗ ਵੱਲੋਂ ਜਾਰੀ ਸਰਟੀਫਿਕੇਟ ਦਿੱਤੇ ਗਏ ਅਤੇ ਪਹਿਲੇ ਤਿੰਨਾਂ ਸਥਾਨਾ ਤੇ ਆਉਣ ਵਾਲਿਆ ਲਈ ਇਨਾਮਾਂ ਦਾ ਖਾਸ ਪ੍ਰਬੰਧ ਕੀਤਾ ਗਿਆ। ਸਟੇਜ ਦੀ ਜ਼ਿੰਮੇਵਾਰੀ ਗਗਨ ਬੁੱਟਰ ਵੱਲੋਂ ਨਿਭਾਈ ਗਈ। ਸੈਕਟਰੀ ਪਰਮਿੰਦਰ ਗਰੇਵਾਲ ਨੇ ਦੱਸਿਆ ਕਿ ਪ੍ਰਬੰਧਕਾਂ ਵਿਚ ਸੰਸਥਾਂ ਦੇ ਸਾਰੇ ਮੈਂਬਰ ਅਲੱਗ ਜ਼ਿੰਮੇਵਾਰੀ ਨਿਭਾ ਰਹੇ ਹਨ ਜਿਸ ਸੁਰਿੰਦਰ ਸਿੰਘ ਪਲਾਹਾ,ਜਸਪਾਲ ਕੰਗ, ਪ੍ਰਸ਼ੋਤਮਦਾਸ ਭਾਰਦਵਾਜ,ਬਰਜਿੰਦਰ ਸਿੰਘ , ਕੁਮਾਰ ਸ਼ਰਮਾ, ਪਰਮਿੰਦਰ ਸਿੰਘ ਗਿੱਲ, ਦਿਲਾਵਰ ਸਿੰਘ ਸਮਰਾ, ਰਵਿੰਦਰ ਜੈਨ, ਅਜਮੇਰ ਸਿੰਘ ਹੁੰਦਲ, ਅਜੈਬ ਸਿੰਘ ਸੇਖੋ ਅਤੇ ਹੋਰ ਵਲੰਟੀਅਰ ਵੀ ਸ਼ਾਮਿਲ ਹਨ। ਬਹੁਤ ਸਾਰੀਆਂ ਸੰਸਥਾਵਾਂ ਅਤੇ ਪਰਿਵਾਰਾਂ ਨੇ ਇਸ ਟੂਰਨਾਮੈਂਟ ਦਾ ਜਿੱਥੇ ਅਨੰਦ ਮਾਣਿਆਂ ਉੱਥੇ ਇਸ ਵਿਚ ਭਾਗ ਲੈਕੇ ਖੇਡਾਂ ਅਤੇ ਸਰੀਰਕ ਤੰਦਰੁਸਤੀ ਦੀ ਅਦਰੂਨੀ ਚਿਣਗ ਨੂੰ ਹੋਰ ਭੱਖਦਾ ਵੀ ਕੀਤਾ।