Get Adobe Flash player

ਸੁਖਵੀਰ ਗਰੇਵਾਲ-ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਸਮਰਪਿਤ, ਪੰਜਾਬੀ ਅਦਬੀ ਸੰਗਤ ਲਿਟਰੇਰੀ ਸੁਸਾਇਟੀ ਆਫ ਕੈਨੇਡਾ (ਰਜਿ) ਵਲੋਂ, ਬਹੁਪੱਖੀ ਪ੍ਰਤਿਭਾ gurdish book releaseਦੀ ਲੇਖਿਕਾ ਗੁਰਦੀਸ਼ ਕੌਰ ਗਰੇਵਾਲ ਦਾ ਨਿਬੰਧ ਸੰਗ੍ਰਹਿ “ਸੋਚਾਂ ਦੇ ਸਿਰਨਾਵੇਂ” ਦਾ ਰਲੀਜ਼ ਸਮਾਗਮ ਤੇ ਸਨਮਾਨ ਸਮਾਰੋਹ, 28 ਜੁਲਾਈ 2013 ਨੂੰ, ਨਿਊਟਨ ਪਬਲਿਕ ਲਾਇਬ੍ਰੇਰੀ ਵਿੱਚ ਆਯੋਜਿਤ ਕੀਤਾ ਗਿਆ। ਇਸ ਵਿੱਚ ਭਾਈਚਾਰੇ ਦੀਆਂ ਉੱਘੀਆਂ ਹਸਤੀਆਂ ਤੋਂ ਇਲਾਵਾ, ਨਾਮਵਰ ਅਦੀਬ, ਲੇਖਕ, ਕਹਾਣੀਕਾਰ, ਕਵੀ, ਗੀਤਕਾਰ, ਗਾਇਕ ਤੇ ਪਾਠਕਾਂ ਦਾ ਠਾਠਾਂ ਮਾਰਦਾ ਸਮੁੰਦਰ ਨਜ਼ਰ ਆਇਆ। ਨੱਕੋ ਨੱਕ ਭਰੇ ਹਾਲ ਵਿੱਚ ਸਭ ਤੋਂ ਪਹਿਲਾਂ ਪ੍ਰਧਾਨਗੀ ਮੰਡਲ ਵਿੱਚ, ਰਵਿੰਦਰ ਰਵੀ, ਜੈਤੇਗ ਸਿੰਘ ਅਨੰਤ, ਗੁਰਦੀਸ਼ ਕੌਰ ਗਰੇਵਾਲ ਤੇ ਜਗਜੀਤ ਸਿੰਘ ਤੱਖਰ ਨੂੰ ਬਿਠਾਇਆ ਗਿਆ ਤੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਉਹਨਾਂ ਦਾ ਸਵਾਗਤ ਕੀਤਾ ਗਿਆ। ਬ੍ਰਟਿਸ਼ ਕੋਲੰਬੀਆ ਦੇ ਉਚ ਸਿਖਿਆ ਮੰਤਰੀ ਅਮਰੀਕ ਸਿੰਘ ਵਿਰਕ ਤੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਐਨ. ਡੀ. ਪੀ. ਦੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਸੰਧੂ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਕੇ ਸਮਾਗਮ ਨੂੰ ਚਾਰ ਚੰਨ ਲਾਏ।ਸਮਾਗਮ ਦੇ ਅਰੰਭ ਵਿੱਚ, ਪੰਜਾਬੀ ਅਦਬੀ ਸੰਗਤ ਵਲੋਂ ਜਗਜੀਤ ਸਿੰਘ ਤੱਖਰ ਨੇ, ਪੰਜਾਬੀਆ ਦੇ ਹਰਦਿੱਲ ਅਜੀਜ਼ ਫਿਲਮ ਐਕਟਰ ਪ੍ਰਾਣ, ਪਟਿਆਲੇ ਦੇ ਅੱਖਾਂ ਦੇ ਨਾਮਵਰ ਡਾਕਟਰ ਪਦਮ ਸ਼੍ਰੀ ਧਨਵੰਤ ਸਿੰਘ ਅਤੇ ਮੁਲਾਜ਼ਮ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਵਾਲੀਆ ਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਵੱਡੀ ਗਿਣਤੀ ਵਿੱਚ ਪੁੱਜੇ ਸਰੋਤਿਆਂ ਨੇ ਇੱਕ ਮਿੰਟ ਦਾ ਮੌਨ ਧਾਰ ਕੇ, ਵਿੱਛੜੀਆਂ ਸ਼ਖਸੀਅਤਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। ਇਸ ਦੇ ਨਾਲ ਹੀ ਅੱਜ ਦਾ ਦਿਹਾੜਾ ਪੰਜਾ ਸਾਹਿਬ ਦੇ ਸਾਕੇ ਨਾਲ ਜੁੜਿਆ ਹੋਣ ਕਾਰਨ, ਜਗਜੀਤ ਸਿੰਘ ਤੱਖਰ ਵਲੋਂ ਸ਼੍ਰੋਮਣੀ ਢਾਡੀ ਸੋਹਣ ਸਿੰਘ ਸੀਤਲ ਦੀ ਕਾਵਿ ਰਚਨਾ “ਗੱਡੀ” ਨੂੰ ਇਕ ਨਿਵੇਕਲੇ ਅੰਦਾਜ਼ ਵਿੱਚ ਪੇਸ਼ ਕਰਕੇ, ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਵੀ ਯਾਦ ਕੀਤਾ ਗਿਆ।ਪੰਜਾਬੀ ਅਦਬੀ ਸੰਗਤ ਦੇ ਰੂਹੇ ਰਵਾਂ ਜੈਤੇਗ ਸਿੰਘ ਅਨੰਤ ਨੇ ਦੂਰੋਂ ਨੇੜਿਉਂ, ਵੱਡੀ ਗਿਣਤੀ ਵਿੱਚ ਪੁੱਜੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ, ਭਾਰਤ ਤੋਂ ਪੁੱਜੇ ਲੇਖਕ ਵਿਦਵਾਨ ਲੈਫ. ਕਰਨਲ ਗੁਰਦੀਪ ਸਿੰਘ, ਡਾ. ਗੁਰਮਿੰਦਰ ਸਿੱਧੂ ਤੇ ਡਾ. ਬਲਦੇਵ ਸਿੰਘ ਖਹਿਰਾ ਦਾ ਵਿਸ਼ੇਸ਼ ਜ਼ਿਕਰ ਕਰਦੇ ਹੋਏ, ਪੰਜਾਬੀ ਅਦਬੀ ਸੰਗਤ ਦੀ ਕਾਰਜ ਸ਼ੈਲੀ, ਸੰਕਲਪ ਅਤੇ ਹੋ ਰਹੇ ਸਮਾਗਮ ਦੇ ਮਹੱਤਵ ਤੇ ਰੂਪ ਰੇਖਾ ਦੀ ਗੱਲ ਕੀਤੀ। ਉਹਨਾਂ ਦੱਸਿਆ ਕਿ ਗੁਰਦੀਸ਼ ਕੌਰ ਗਰੇਵਾਲ ਇਕ ਬਹੁਪੱਖੀ, ਬਹੁਪਰਤੀ, ਬਹੁਪਸਾਰੀ ਤੇ ਕੁਲਵਕਤੀ ਲੇਖਿਕਾ ਹੈ। ਉਹ ਸ਼ਬਦਾਂ ਦੀ ਅਜੇਹੀ ਕਲਾਕਾਰ ਹੈ ਜਿਸ ਨੂੰ ਗੱਲ ਕਹਿਣ ਦਾ ਵੱਲ ਆਉਂਦਾ ਹੈ ਤੇ ਉਸ ਦੇ ਕਹੇ ਹੋਏ ਸ਼ਬਦ ਪਾਠਕਾਂ ਦੇ ਧੁਰ ਅੰਦਰ ਸਮਾ ਜਾਂਦੇ ਹਨ। ਨਾਮਵਰ ਅਦੀਬ ਜੋਗਿੰਦਰ ਸ਼ਮਸ਼ੇਰ ਅਨੁਸਾਰ- “ਸੋਚਾਂ ਦੇ ਸਿਰਨਾਵੇਂ” ਇਕ ਸਿਖਿਆਦਾਇਕ ਪੁਸਤਕ ਹੈ ਤੇ ਆਤਮਿਕ ਜੀਵਨ ਜੀਉਣ ਲਈ ਪੱਥ ਪ੍ਰਦਰਸ਼ਕ ਹੈ। ਪ੍ਰਿੰਸੀਪਲ ਮਲੂਕ ਚੰਦ ਕਲੇਰ ਨੇ ਨਿਬੰਧ ਸੰਗ੍ਰਹਿ ਬਾਰੇ ਆਖਿਆ ਕਿ ਇਹ ਪੁਸਤਕ ਕੇਵਲ ਸਮੱਸਿਆ ਹੀ ਨਹੀਂ ਦਸਦੀ ਸਗੋਂ ਇਹਨਾਂ ਜ਼ੰਜੀਰਾਂ ਨੂੰ ਤੋੜਨ ਦੀ ਤਰਕੀਬ ਵੀ ਦਸਦੀ ਹੈ। ਇਸ ਪੁਸਤਕ ਵਿੱਚ ਨਾਵਲ ਜਿੰਨਾ ਰਸ ਹੈ ਤੇ ਇਹ ਪਾਠਕ ਨੂੰ ਨਾਲ ਲੈ ਕੇ ਚਲਦੀ ਹੈ। ਭਾਰਤ ਤੋਂ ਪੁੱਜੀ ਨਾਮਵਰ ਕਵਿੱਤਰੀ ਡਾ. ਗੁਰਮਿੰਦਰ ਸਿੱਧੂ ਅਤੇ ਪੰਜਾਬੀ ਮਾਂ ਬੋਲੀ ਦੇ ਵੱਡੇ ਖਿਦਮਤਦਾਰ ਸੁੱਖੀ ਬਾਠ ਨੇ, ਲੇਖਿਕਾ ਦੀ ਲਿਖਣ ਕਲਾ ਤੇ ਰਚਨਾਤਮਿਕ ਪ੍ਰਕਿਰਿਆ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਸਾਹਿਤ ਦੇ ਪਿੜ ਵਿੱਚ ਉਸ ਦੇ ਵੱਧ ਰਹੇ ਕਦਮਾਂ ਦੀ ਸ਼ਲਾਘਾ ਕੀਤੀ। ਉੱਘੇ ਕਾਲਮ ਨਵੀਸ ਬਖਸ਼ਿੰਦਰ ਨੇ ਵੀ ਲੇਖਿਕਾ ਦੀ ਕਲਮ ਨੂੰ ਕੁਝ ਉਸਾਰੂ ਸੁਝਾਅ ਤੇ ਨੁਕਤੇ ਦੱਸੇ।ਸੂਬੇ ਦੇ ਉਚ ਸਿਖਿਆ ਮੰਤਰੀ ਅਮਰੀਕ ਸਿੰਘ ਵਿਰਕ ਨੇ ਕਿਹਾ ਕਿ-“ਮੈਂ ੪੫ ਸਾਲ ਪਹਿਲਾਂ ਕਨੇਡਾ ਵਿੱਚ ਆਇਆ ਸਾਂ। ਭਾਵੇਂ ਮੇਰਾ ਪਿਛੋਕੜ ਪੰਜਾਬ ਦਾ ਹੈ ਪਰ ਮੈਂ ਪਹਿਲਾਂ ਅੰਗਰੇਜ਼ੀ ਤੇ ਫਿਰ ਪੰਜਾਬੀ ਸਿੱਖੀ ਹੈ। ਮੈਂਨੂੰ ਪੰਜਾਬੀ ਹੋਣ ਦਾ ਮਾਣ ਹੈ ਤੇ ਮੈਂ ਚਾਹੁੰਦਾ ਹਾਂ ਕਿ ਸੂਬੇ ਵਿੱਚ ਤੁਹਾਡੀ ਵੱਧ ਤੋਂ ਵੱਧ ਸੇਵਾ ਕਰਾਂ। ਮੈਂਨੂੰ ਅੱਜ ਆਪਣੇ ਭਾਈਚਾਰੇ ਵਿੱਚ ਬੈਠ ਕੇ ਬੜੀ ਖੁਸ਼ੀ ਦਾ ਅਹਿਸਾਸ ਹੋ ਰਿਹਾ ਹੈ।” ਇਸੇ ਤਰ੍ਹਾਂ ਐਨ. ਡੀ. ਪੀ. ਦੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਸੰਧੂ ਨੇ ਕਿਹਾ- ਕਿ ਪੰਜਾਬੀ ਅਦਬੀ ਸੰਗਤ, ਮਾਂ ਬੋਲੀ ਪੰਜਾਬੀ ਲਈ ਸ਼ਲਾਘਾਯੋਗ ਕੰਮ ਕਰ ਰਹੀ ਹੈ, ਜਿਸ ਤੇ ਸਾਨੂੰ ਸਭ ਨੂੰ ਮਾਣ ਹੈ ਅਤੇ ਅਸੀਂ ਹਰ ਸਮੇਂ ਇਸ ਸੰਸਥਾ ਦੀ ਪਿੱਠ ਤੇ ਹਾਂ।ਸਮਾਗਮ ਵਿੱਚ ਗਿਆਨ ਕੌਰ ਪਾਸਲਾ ਨੇ ਬੀਬੀ ਗੁਰਦੀਸ਼ ਗਰੇਵਾਲ ਦੇ ਕਾਵਿ ਸੰਗ੍ਰਹਿ “ਹਰਫ ਯਾਦਾਂ ਦੇ” ਵਿਚੋਂ ਗੀਤ “ਅਣਜੰਮੀ ਧੀ ਦੀ ਅਰਜੋਈ” ਬੜੀ ਸੁਰੀਲੀ ਆਵਾਜ਼ ਵਿੱਚ ਗਾ ਕੇ ਸਰੋਤਿਆਂ ਦੀ ਵਾਹ-ਵਾਹ ਖੱਟੀ। ਨਾਮਵਰ ਸਰੰਗੀ ਵਾਦਕ ਚਮਕੌਰ ਸਿੰਘ ਸੇਖੋਂ ਨੇ ਗਦਰ ਲਹਿਰ ਨੂੰ ਸਮਰਪਿਤ ਬੀਬੀ ਗੁਰਦੀਸ਼ ਦਾ ਲਿਖਿਆ ਗੀਤ “ਸੁਣ ਨੀ ਭੈਣ ਅਜ਼ਾਦੀਏ” ਇਕ ਨਿਵੇਕਲੇ ਅੰਦਾਜ਼ ਵਿੱਚ ਪੇਸ਼ ਕੀਤਾ। ਇਸੇ ਤਰ੍ਹਾਂ ਡਾ. ਸੱਤਪ੍ਰੀਤ ਸਿੰਘ ਗਰੇਵਾਲ ਨੇ ਗੁਰਦੀਸ਼ ਦੇ ਗੀਤ “ਉਦਾਸੇ ਪਿੰਡ ਦੀ ਗਾਥਾ” ਨੂੰ ਪੇਸ਼ ਕਰਕੇ ਸਮਾਗਮ ਵਿੱਚ ਨਵਾਂ ਰੰਗ ਭਰ ਦਿੱਤਾ।ਸ਼੍ਰੋਮਣੀ ਸਾਹਿਤਕਾਰ ਰਵਿੰਦਰ ਰਵੀ ਨੇ ਲੇਖਿਕਾ ਦੇ ਵਿਸ਼ਾ ਵਸਤੂ ਤੇ ਸੋਚ ਦੀ ਭਰਪੂਰ ਸ਼ਲਾਘਾ ਕਰਦੇ ਹੋਏ, ਸੰਸਥਾ ਦੇ ਖਿਦਮਤਦਾਰ ਜੈਤੇਗ ਸਿੰਘ ਅਨੰਤ ਨੂੰ ਲਹਿੰਦੇ ਪੰਜਾਬ ਵਿੱਚ ਚੜ੍ਹਦੇ ਪੰਜਾਬ ਦਾ ਇਕ ਵੱਡਾ ਅੰਬੈਸਡਰ ਦੱਸਦੇ ਹੋਏ ਕਿਹਾ ਕਿ ਇਹ ਦੋਸਤੀ ਦੇ ਇਕ ਅਜੇਹੇ ਪੁਲ ਦਾ ਕੰਮ ਕਰ ਰਿਹਾ ਹੈ ਜਿਸ ਨਾਲ ਦੋਹਾਂ ਦੇਸ਼ਾਂ ਦੀਆਂ ਲਿੱਪੀਆਂ ਦੀ ਅਦਬੀ ਸਾਂਝ ਵਿੱਚ ਭਰਪੂਰ ਵਾਧਾ ਹੋਏਗਾ। ਸਮਾਗਮ ਵਿੱਚ ਜੈਤੇਗ ਸਿੰਘ ਅਨੰਤ, ਅਮਰੀਕ ਸਿੰਘ ਵਿਰਕ ਤੇ ਰਵਿੰਦਰ ਰਵੀ ਨੇ ਤਾੜੀਆਂ ਦੀ ਗੂੰਜ ਵਿੱਚ ਪੁਸਤਕ ਦੀ ਘੁੰਡ ਚੁਕਾਈ ਕੀਤੀ। ਉਪਰੰਤ “ਸੋਚਾਂ ਦੇ ਸਿਰਨਾਵੇਂ” ਦੀ ਲੇਖਿਕਾ ਬੀਬੀ ਗੁਰਦੀਸ਼ ਕੌਰ ਗਰੇਵਾਲ ਅਤੇ ਉੱਚ ਸਿਖਿਆ ਮੰਤਰੀ ਅਮਰੀਕ ਸਿੰਘ ਵਿਰਕ ਨੂੰ, ਪੰਜਾਬੀ ਅਦਬੀ ਸੰਗਤ ਵਲੋਂ ਜੈਤੇਗ ਸਿੰਘ ਅਨੰਤ ਨੇ, ਇਕ ਸ਼ਾਲ, ਯਾਦਗਾਰੀ ਚਿਨ੍ਹ ਤੇ ਫੁਲਾਂ ਦੇ ਗੁਲਦਸਤੇ ਨਾਲ ਸਨਮਾਨਿਤ ਕੀਤਾ। ਸੱਤ ਸਮੁੰਦਰੋਂ ਪਾਰ ਪੰਜਾਬੀਅਤ ਦਾ ਵਗਦਾ ਛੇਵਾਂ ਦਰਿਆ ਰਵਿੰਦਰ ਰਵੀ ਨੂੰ, ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਨਾਮਵਰ ਅਦੀਬਾਂ ਦੇ ਬਹੁਮੁੱਲੇ ਸਾਹਿਤ ਤੇ ਫੁੱਲਾਂ ਦੇ ਗੁਲਦਸਤੇ ਨਾਲ ਸਨਮਾਨਿਤ ਕੀਤਾ ਗਿਆ। ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਸੰਧੂ ਨੇ, ਹਾਊਸ ਆਫ ਕਾਮਨਜ਼ ਵਲੋਂ, ਪ੍ਰਸ਼ੰਸਾ ਪੱਤਰ ਪ੍ਰਦਾਨ ਕਰਕੇ ਬੀਬੀ ਗੁਰਦੀਸ਼ ਕੌਰ ਦੀ ਹੌਸਲਾ ਹਫਜ਼ਾਈ ਕੀਤੀ।ਸਮਾਗਮ ਦੇ ਅੰਤ ਵਿੱਚ ਲੇਖਿਕਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪੁਸਤਕ ਦੀ ਰੂਪ ਰੇਖਾ ਤੇ ਸੋਚ ਉਡਾਰੀ ਤੇ ਪੰਛੀ ਝਾਤ ਪੁਆਈ। ਉਪਰੰਤ ਜੈਤੇਗ ਸਿੰਘ ਅਨੰਤ ਨੇ ਆਏ ਮਹਿਮਾਨਾਂ ਨੂੰ ਸੂਚਿਤ ਕੀਤਾ ਕਿ ੧੮ ਅਗਸਤ ੨੦੧੩ ਨੂੰ ਨਿਊਟਨ ਲਾਇਬ੍ਰੇਰੀ ਵਿਖੇ ਹੀ, ਸਿੱਖ ਕੌਮ ਦੇ ਨਾਮਵਰ ਵਿਦਵਾਨ ਤੇ ਫਖ਼ਰੇ ਕੌਮ ਸਿਰਦਾਰ ਕਪੂਰ ਸਿੰਘ ਜੀ ਦੀ ੨੭ਵੀਂ ਬਰਸੀ ਬੜੀ ਧੂਮ ਧਾਮ ਨਾਲ ਮਨਾਈ ਜਾਏਗੀ।ਢਾਈ ਘੰਟੇ ਚੱਲੇ ਨਿਰੰਤਰ ਸਮਾਗਮ ਵਿੱਚ- ਮਿੰਨੀ ਕਹਾਣੀਕਾਰ ਡਾ. ਬਲਦੇਵ ਸਿੰਘ ਖਹਿਰਾ, ਕੇਹਰ ਸਿੰਘ ਧਮੜੈਤ, ਸ਼ਿੰਗਾਰ ਸਿੰਘ ਸੰਧੂ, ਕੇਵਲ ਸਿੰਘ ਧਾਲੀਵਾਲ, ਸੁਤੇ ਪ੍ਰਕਾਸ਼ ਅਹੀਰ, ਡਾ. ਪੂਰਨ ਸਿੰਘ ਗਿੱਲ, ਪ੍ਰਿੰ. ਸਰਵਨ ਸਿੰਘ ਔਜਲਾ, ਬਿੱਕਰ ਸਿੰਘ ਖੋਸਾ, ਮਨਜੀਤ ਮੀਤ, ਕਹਾਣੀਕਾਰ ਅਨਮੋਲ ਕੌਰ, ਇੰਦਰਜੀਤ ਸਿੱਧੂ, ਅਜੀਤ ਕੰਗ, ਰੁਪਿੰਦਰ ਰੂਪੀ, ਜਸਵੀਰ ਮਾਨ, ਇਸ਼ਪ੍ਰੀਤ ਗਰੇਵਾਲ, ਪਵਿੱਤਰ ਕੌਰ ਬਰਾੜ, ਪਲਵਿੰਦਰ ਸਿੰਘ ਰੰਧਾਵਾ, ਸੁਰਜੀਤ ਮਾਧੋਪੁਰੀ, ਗੀਤਕਾਰ ਨਿਰਵੈਲ ਸਿੰਘ ਮਾਲੂਪੁਰੀ, ਗੁਰਚਰਨ ਟੱਲੇਵਾਲੀਆ, ਬੀਬੀ ਪਰਮਿੰਦਰ, ਪਰਮਜੀਤ ਸਿੰਘ ਗਾਂਧਰੀ ਤੋਂ ਇਲਾਵਾ, ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸੁਹਿਰਦ ਪਾਠਕਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਸਿਰਦਾਰ ਕਪੂਰ ਸਿੰਘ ਆਈ.ਸੀ.ਐਸ ਦਾ ਭਾਣਜਾ ਜੋਗਿੰਦਰ ਸਿੰਘ ਗਰੇਵਾਲ, ਭਾਣਜੀਆਂ ਬੀਬੀ ਗੁਰਦੀਪ ਕੌਰ ਸਿੱਧੂ ਤੇ ਜੋਗਿੰਦਰ ਕੌਰ ਢੱਟ ਅਤੇ ਦਸ਼ਮੇਸ਼ ਦਰਬਾਰ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਜਗਪਾਲ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ। ਇਹਨਾਂ ਯਾਦਗਾਰੀ ਪਲਾਂ ਨੂੰ ਸਾਂਭਣ ਲਈ, ਕਲਾਤਮਿਕ ਫਿਲਮਾਂ ਦੇ ਨਿਰਮਾਤਾ ਨਵਲਪ੍ਰੀਤ ਰੰਗੀ ਅਤੇ ਸੁਤੇ ਅਹੀਰ ਨੇ ਕੈਮਰੇ ਦੀ ਅੱਖ ਰਾਹੀਂ ਕੈਦ ਕਰਕੇ ਅਹਿਮ ਯੋਗਦਾਨ ਪਾਇਆ। “ਸੋਚਾਂ ਦੇ ਸਿਰਨਾਵੇਂ” ਦਾ ਇਹ ਸ਼ਾਨਦਾਰ ਸਮਾਗਮ ਆਪਣੇ ਨਿਵੇਕਲੇ ਰੰਗ ਰੂਪ ਤੇ ਸਿਰਜਣਾਤਮਿਕ ਛੋਹਾਂ ਰਾਹੀਂ ਆਏ ਮਹਿਮਾਨਾਂ ਤੇ ਆਪਣੀ ਅਮਿੱਟ ਛਾਪ ਛੱਡਦਾ ਸਮਾਪਤ ਹੋਇਆ।ਪਿਕ ੧. ਪੁਸਤਕ ਰਲੀਜ਼ ਕਰਦੇ ਹੋਏ- ਬੀ.ਸੀ. ਦੇ ਉਚ ਸਿੱਖਿਆ ਮੰਤਰੀ ਅਮਰੀਕ ਸਿੰਘ ਵਿਰਕ, ਜਗਜੀਤ ਸਿੰਘ ਤੱਖਰ, ਜੈਤੇਗ ਸਿੰਘ ਅਨੰਤ, ਰਵਿੰਦਰ ਰਵੀ, ਲੇਖਿਕਾ ਤੇ ਹੋਰ।