ਬਲਜਿੰਦਰ ਸੰਘਾ ਕੈਲਗਰੀ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ ਕੌਸਲ ਆਫ ਸਿੱਖ ਆਰਗੇਨਈਜੇਸ਼ਨ ਦੇ ਹਾਲ ਵਿਚ ਹੋਈ। ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ, ਕਾਰਜਕਾਰੀ ਮੈਂਬਰ ਮੰਗਲ ਚੱਠਾ ਅਤੇ ਲੇਖਿਕਾ ਗੁਰਚਰਨ ਕੌਰ ਥਿੰਦ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦੀ ਬੇਨਤੀ ਕੀਤੀ। ਇਸਤੋ ਬਾਅਦ ਬਲਜਿੰਦਰ ਸੰਘਾ ਨੇ ਆਖਿਆ ਕਿ ਚਲਦੇ ਰਹਿਣ ਦਾ ਨਾਮ ਜ਼ਿੰਦਗੀ ਹੈ ਤੇ ਇਸ ਵਿਚ ਖੁਸ਼ੀਆਂ ਗਮੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਪਹਿਲਾ ਉਹਨਾਂ ਸਭਾ ਦੇ ਕਾਰਜਕਾਰੀ ਮੈਂਬਰ ਰਣਜੀਤ ਸਿੰਘ ਲਾਡੀ (ਗੋਬਿੰਦਪੁਰੀ) ਦੇ ਮਾਤਾ ਜੀ ਗੁਰਚਰਨ ਕੌਰ ਦੇ ਸੁਰਗਵਾਸ ਹੋਣ ਦੀ ਖ਼ਬਰ ਸਾਂਝੀ ਕੀਤੀ ਅਤੇ ਸਭਾ ਵੱਲੋਂ ਸ਼ੋਕ ਮਤਾ ਪਾਇਆ ਗਿਆ। ਇਸਤੋਂ ਬਾਅਦ ਖੁਸ਼ੀ ਦੀ ਗੱਲ ਸਾਂਝੀ ਕਰਦਿਆਂ ਆਖਿਆ ਕਿ ਸਭਾ ਦੀ ਮੈਂਬਰ ਅਤੇ ਪ੍ਰਸਿੱਧ ਲੇਖਿਕਾ ਗੁਰਚਰਨ ਕੌਰ ਥਿੰਦ ਨੂੰ ਦਾਦੀ ਬਣਨ ਤੇ ਬੱਚੇ ਉਦੇਸ਼ ਸਿੰਘ ਥਿੰਦ ਦੇ ਜਨਮ ਦੀ ਵਧਾਈ ਦਿੱਤੀ। ਮੀਟਿੰਗ ਦੇ ਸਾਹਿਤਕ ਪੱਖ ਦੀ ਸ਼ੁਰੂਆਤ ਸਭਾ ਦੇ ਖਜ਼ਾਨਚੀ ਬਲਵੀਰ ਗੋਰਾ ਨੇ ਮਾਤਾ ਗੁਰਚਰਨ ਕੌਰ ਨੂੰ ਸ਼ਰਧਾਜਲੀ ਦੇ ਰੂਪ ਵਿਚ ਆਪਣੇ ਲਿਖੇ ਖੂਬਸੂਰਤ ਗੀਤ “ਮਾਂ ਵਰਗਾ ਰਿਸ਼ਤਾਂ ਕਿਧਰੇ ਵੀ ਨਜ਼ਰ ਨਾ ਆਇਆ” ਨਾਲ ਕੀਤੀ। ਪਰਮ ਸੂਰੀ ਨੇ ਜੋ ਸਭਾ ਦੇ ਨਾਲ-ਨਾਲ ਪੰਜਾਬੀ ਮੀਡੀਆ ਕਲੱਬ ਕੈਲਗਰੀ ਦਾ ਮੈਂਬਰ ਵੀ ਹੈ ਪੰਜਾਬੀ ਸਟੋਰਾਂ ਤੇ ਰੱਖੇ ਅਖਬਾਰਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਗੁਰਚਰਨ ਕੌਰ ਥਿੰਦ ਨੂੰ ਨਵੇ ਨਾਵਲ ਲਈ ਵਧਾਈ ਦਿੱਤੀ। ਰੈਡ ਐਫ ਐਮ ਕੈਲਗਰੀ ਵੱਲੋਂ ਰਿਸ਼ੀ ਨਾਗਰ ਅਤੇ ਜਗਪ੍ਰੀਤ ਸ਼ੇਰਗਿੱਲ ਨੇ ਹਾਜ਼ਰੀ ਲਵਾਈ ਪਰ ਸਮੇਂ ਦੀ ਘਾਟ ਕਾਰਨ ਮੀਟਿੰਗ ਵਿਚ ਰੁਕ ਨਾ ਸਕੇ।ਹਰਮਿੰਦਰ ਕੌਰ ਢਿੱਲੋਂ ਨੇ ਸਾਉਣ ਮਹੀਨੇ ਨਾਲ ਸਬੰਧਤ ਗੀਤ ਸਾਂਝਾ ਕੀਤਾ, ਲਹਿੰਗੇ-ਫੁਲਕਾਰੀਆਂ ਦੀ ਗੱਲ ਕਰਦਾ ਇਹ ਗੀਤ ਵਿਰਸੇ ਦੀ ਝਲਕ ਹੋ ਨਿਬਿੜਿਆ। ਅਜੈਬ ਸਿੰਘ ਸੇਖੋ ਨੇ ਆਪਣੀ ਰਚਨਾ ਸਾਂਝੀ ਕੀਤੀ ਅਤੇ ਗੁਰਚਰਨ ਕੌਰ ਥਿੰਦ ਨੂੰ ਨਾਵਲ ਦੀ ਵਧਾਈ ਦਿੱਤੀ। ਇਸਤੋਂ ਬਾਅਦ ਨਾਵਲ “ਚੰਦਰਯਾਨ-ਤਿਸ਼ਿਕਿਨ” ਰਲੀਜ਼ ਸਮਰੋਹ ਸ਼ੁਰੂ ਹੋਇਆ। ਬਲਜਿੰਦਰ ਸੰਘਾ ਵੱਲੋਂ ਨਾਵਲ ਬਾਰੇ ਆਪਣਾ ਪਰਚਾ ਪੜ੍ਹਿਆ ਗਿਆ, ਮਹਿੰਦਰਪਾਲ ਸਿੰਘ ਪਾਲ ਅਤੇ ਗੁਰਬਚਨ ਬਰਾੜ ਵੱਲੋਂ ਨਾਵਲ ਬਾਰੇ ਆਪਣੇ ਵਿਚਾਰ ਸਾਝੇ ਕੀਤੇ ਗਏ। ਗੁਰਚਰਨ ਕੌਰ ਥਿੰਦ ਨੇ ਆਪਣੇ ਨਾਵਲ ਦੇ ਬਾਰੇ ਅਤੇ ਉੱਠੇ ਸਵਾਲਾ ਦੇ ਬੜੇ ਵਿਸਥਾਰ ਨਾਲ ਜਵਾਬ ਦਿੱਤੇ। ਨਾਵਲ ਦੀ ਵਿੱਕਰੀ ਦੇ ਸਾਰੇ ਡਾਲਰ ਸਭਾ ਵੱਲੋਂ ਭੁਚਾਲ ਪੀੜਤਾਂ ਲਈ ਇਕੱਠੇ ਕੀਤੇ ਜਾ ਰਹੇ ਫੰਡ ਵਿਚ ਪਾਏ ਜਿਸਦਾ ਸਭ ਨੇ ਤਾੜੀਆਂ ਨਾਲ ਸਵਾਗਤ ਕੀਤਾ। ਮਾæਭਜਨ ਸਿੰਘ ਗਿੱਲ ਨੇ ਸੱਤ ਜਥੇਬੰਦੀਆਂ ਵੱਲੋਂ ਕਰਵਾਏ ਗਏ ਗਦਰ ਸ਼ਤਾਬਦੀ ਸਮਾਗਮਾਂ ਵਿਚ ਪੰਜਾਬੀ ਲਿਖ਼ਾਰੀ ਸਭਾ ਦੇ ਵਧੇਰੇ ਯੋਗਦਾਨ ਲਈ ਸਭਾ ਦੀ ਪ੍ਰਸੰਸਾ ਕੀਤੀ, ਜੋਗਿੰਦਰ ਸੰਘਾ ਨੇ ਗਿਆਨ ਵਧਾਉਣ ਦੀ ਤਰਜ਼ਮਾਨੀ ਕਰਦੀ ਬੜੀ ਨਿਵੇਕਲੀ ਕਹਾਣੀ ਨਾਲ ਹਾਜ਼ਰੀ ਲਵਾਈ। ਰਵੀ ਜਨਾਗਲ ਨੇ ਆਪਣੀ ਸੁਰੀਲੀ ਅਵਾਜ਼ ਵਿਚ ਸੰਤ ਰਾਮ ਉਦਾਸੀ ਦਾ ਗੀਤ ਸਾਝਾਂ ਕੀਤਾ। ਟੰਰਾਟੋ ਤੋਂ ਪਹੁੰਚੇ ਰੋਜ਼ਾਨਾ ਪੰਜ ਪਾਣੀ ਅਖਬਾਰ ਦੇ ਚੀਫ ਐਡੀਟਰ ਜੋਗਿੰਦਰ ਸਿੰਘ ਗਰੇਵਾਲ ਨੇ ਬੜੇ ਗੰਭੀਰ ਵਿਚਾਰਾਂ ਨਾਲ ਔਰਤਾਂ ਨੂੰ ਹੱਕਾਂ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ ਅਤੇ ਟੰਰਾਟੋਂ ਵਿਚ ਕਰਵਾਏ ਗਏ ਗਦਰ ਸ਼ਤਾਬਦੀ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਫੋਟੋਗ੍ਰਾਫੀ ਅਤੇ ਵੀਡੀਓ ਦੀ ਸੇਵਾ ਸੁਖਪਾਲ ਪਰਮਾਰ ਅਤੇ ਜੋਗਿੰਦਰ ਸੰਘਾ ਵੱਲੋਂ ਨਿਭਾਈ ਗਈ, ਰਚਨਾਵਾਂ ਦੇ ਦੌਰ ਵਿਚ ਸੁਰਿੰਦਰ ਕੌਰ ਗੀਤ, ਹਰਨੇਕ ਬੱਧਨੀ, ਬੀਜਾ ਰਾਮ, ਮੰਗਲ ਚੱਠਾ, ਸਰਬਣ ਸਿੰਘ ਸੰਧੂ, ਰਾਜਿੰਦਰਪਾਲ ਸਿੰਘ ਹੁੰਦਲ, ਨੌਜਵਾਨ ਗਾਇਕ ਅਤੇ ਲੇਖਕ ਸਤਵੰਤ ਸਿੰਘ ਸੱਤਾ, ਗੁਰਮੀਤ ਕੌਰ ਸਰਪਾਲ, ਚਰਨ ਸਿੰਘ ਆਦਿ ਨੇ ਭਾਗ ਲਿਆ। ਪੰਜਾਬੀ ਮੀਡੀਆ ਕਲੱਬ ਕੈਲਗਰੀ ਦੇ ਜਨਰਲ ਸਕੱਤਰ ਰਜੇਸ਼ ਅੰਗਰਾਲ ਅਤੇ ਗੁਰਚਰਨ ਕੌਰ ਥਿੰਦ ਦੇ ਪਰਿਵਾਰਕ ਮੈਂਬਰਾ ਵਿਚੋਂ ਉਹਨਾਂ ਦੇ ਬੇਟੇ ਖੁਸ਼ਮੀਤ ਸਿੰਘ ਥਿੰਦ ਅਤੇ ਵਰਦੀਪ ਕੌਰ ਥਿੰਧ ਨੇ ਗੁਰਚਰਨ ਕੌਰ ਥਿੰਦ ਨੂੰ ਵਧਾਈ ਦਿੱਤੀ ਅਤੇ ਨਾਵਲ ਬਾਰੇ ਆਪਣੇ ਵਿਚਾਰ ਸਾਝੇ ਕੀਤੇ। ਇਹਨਾਂ ਤੋਂ ਇਲਾਵਾ ਜਸਵੰਤ ਸਿੰਘ ਗਿੱਲ, ਸਰਬਜੀਤ ਉੱਪਲ, ਸੁਖਵਿੰਦਰ ਸਿੰਘ ਥਿੰਦ, ਪਲਵਿੰਦਰ ਜੀਤ ਸਿੰਘ, ਰੁਪਿੰਦਰ ਕੌਰ, ਐਂਬਰ ਕੌਰ, ਯਾਦਵਿੰਦਰ ਸਿੰਘ ਹੁੰਦਲ, ਰਾਜ ਪ੍ਰਕਾਸ਼, ਸੁਖਜੀਤ ਸਿੰਘ ਥਿੰਦ ਆਦਿ ਹਾਜ਼ਰ ਸਨ। ਯਾਦ ਰਹੇ ਕਿ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਪੰਦਰਾਂ ਸਾਲ ਪਹਿਲਾ ਸਵ: ਇਕਬਾਲ ਅਰਪਨ ਦੇ ਯਤਨਾਂ ਨਾਲ ਹੋਂਦ ਵਿਚ ਆਈ ਸੀ ਤੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਲੋਕਤੰਤਰੀ ਢੰਗ ਨਾਲ ਚੱਲ ਰਹੀ ਹੈ ਅਤੇ ਹਰੇਕ ਦੋ ਸਾਲਾਂ ਬਾਅਦ ਸਭਾ ਦੇ ਕੰਮਾਂ ਨੂੰ ਚਲਾਉਣ ਲਈ ਇੱਕ 13 ਜਾਂ 15 ਮੈਂਬਰੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ। ਪਿਛਲੇ 14 ਸਾਲਾਂ ਤੋਂ ਲਗਾਤਾਰ ਸਲਾਨਾਂ ਸਮਾਗਮ ਕਰਕੇ ਕੈਨੇਡਾ ਦੀ ਧਰਤੀ ਤੇ ਰਹਿੰਦੇ ਸਿਰਕੱਢ ਲੇਖਕਾਂ ਦਾ ਸਨਮਾਨ ਕਰ ਚੁੱਕੀ ਹੈ। ਹਰੇਕ ਸਾਲ ਨਵੀ ਪੀੜ੍ਹੀ ਨੂੰ ਪੰਜਾਬੀ ਵਿਰਸੇ ਅਤੇ ਬੋਲੀ ਨਾਲ ਜੋੜਨ ਲਈ ਇਕ ਵਿਸ਼ੇਸ਼ ਪ੍ਰੋਗਰਾਮ ਸਿਰਫ ਬੱਚਿਆਂ ਲਈ ਕੀਤਾ ਜਾਂਦਾ ਹੈ। ਸਭਾ ਦਾ ਹਰੇਕ ਕਾਰਜਕਾਰੀ ਮੈਂਬਰ ਸਭਾ ਦੇ ਖਰਚਿਆਂ ਨੂੰ ਚਲਾਉਣ ਲਈ ਹਰੇਕ ਸਾਲ 200 ਡਾਲਰ ਦਾ ਯੋਗਦਾਨ ਪਾਉਂਦਾ ਹੈ ਤੇ ਬਾਕੀ ਖਰਚੇ ਪੂਰੇ ਕਰਨ ਲਈ ਬਹੁਤ ਘੱਟ ਮਾਤਰਾਂ ਵਿਚ ਸਪਾਸਰਾਂ ਤੱਕ ਪਹੁੰਚ ਕੀਤੀ ਜਾਂਦੀ ਹੈ। ਸਭਾ ਦਾ ਏਜੰਡਾ ਹਮੇਸ਼ਾਂ ਇਹ ਹੁੰਦਾ ਹੈ ਕਿ ਪੰਜਾਬੀ ਬੋਲੀ ਅਤੇ ਸੱਭਿਆਚਾਰ ਲਈ ਵੱਧ ਤੋਂ ਵੱਧ ਕੰਮ ਅਸਲੀਅਤ ਵਿਚ ਕੀਤੇ ਜਾਣ ਨਾ ਕਿ ਹਰੇਕ ਮਹੀਨੇ ਸਿਰਫ ਰਿਪੋਰਟਾਂ ਅਤੇ ਤਸਵੀਰਾਂ ਤੱਕ ਹੀ ਸੀਮਿਤ ਰਿਹਾ ਜਾਵੇ। ਕੁਲ ਮਿਲਾਕੇ ਸਭਾ ਦੀ ਇਹ ਮਹੀਨਾਵਾਰ ਮੀਟਿੰਗ ਸਾਹਿਤ ਅਤੇ ਸੁਹਿਰਦ ਵਿਚਾਰਾਂ ਦੀਆਂ ਨਿੱਘੀਆਂ ਯਾਦਾਂ ਛੱਡ ਗਈ। ਅਖੀਰ ਵਿਚ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਨੇ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ। ਸਭਾ ਦੀ ਅਗਲੀ ਮਹੀਨਾਵਾਰ ਮੀਟਿੰਗ ਹਮੇਸ਼ਾਂ ਦੀ ਤਰ੍ਹਾਂ ਮਹੀਨੇ ਦੇ ਤੀਸਰੇ ਐਤਵਾਰ 18 ਅਗਸਤ ਨੂੰ ਹੋਵੇਗੀ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਨਾਲ 403-880-1677 ਜਾਂ ਜਨਰਲ ਸਕੱਤਰ ਬਲਜਿੰਦਰ ਸੰਘਾ ਨਾਲ 403-680-3212 ਤੇ ਸਪੰਰਕ ਕੀਤਾ ਜਾ ਸਕਦਾ ਹੈ।