ਸੁਖਵੀਰ ਗਰੇਵਾਲ ਕੈਲਗਰੀ :- ਜੂਨ 22,2013 ਨੂੰ ਕੈਲਗਰੀ ਦੇ ਸੇਟ ਕਾਲਜ ਦੇ ਔਰਫੀਅਸ ਥੀਏਟਰ ਵਿੱਚ ਖੇਡਿਆ ਜਾਣ ਵਾਲਾ ਨਾਟਕ “ਗਾਥਾ ਕਾਲੇ ਪਾਣੀਆਂ ਦੀ” ਭਾਰਤ ਦੇ ਅਜਾਦੀ ਸੰਘਰਸ਼ ਵਿੱਚ ਗਦਰੀ ਬਾਬਿਆਂ ਦੁਆਰਾ ਪਾਏ ਯੋਗਦਾਨ ਦੀ ਹੂਬਹੂ ਤਸਵੀਰ ਪੇਸ਼ ਕਰਦਾ ਹੈ। ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿੱਚ ਅੰਗਰੇਜੀ ਹਕੂਮਤ ਦੁਆਰਾ ਗਦਰੀ ਬਾਬਿਆਂ ਉਪਰ ਢਾਹੇ ਜੁਲਮ ਦੀ ਦਾਸਤਾਨ ਰੌਗਟੇ ਖੜੇ ਕਰਨ ਵਾਲੀ ਹੈ। ਇਸ ਨਾਟਕ ਦੇ ਰਚੇਤਾ ਨਾਟਕਕਾਰ ਹਰਕੇਸ਼ ਚੌਧਰੀ ਨੇ ਗੱਲਬਾਤ ਦੌਰਾਨ ਦਸਿਆ ਕਿ ਇਹ ਨਾਟਕ ਲਿਖਣ ਦਾ ਵਿਚਾਰ ਉਹਨਾਂ ਦੇ ਮਨ ਵਿੱਚ ਸਾਲ 2002 ਵਿੱਚ ਆਇਆ ਜਦ ਉਸ ਸਮੇਂ ਦੀ ਸਰਕਾਰ ਨੇ ਅੰਡੇਮਾਨ ਦੇ ਹਵਾਈ ਅੱਡੇ ਦਾ ਨਾਂ ਬਦਲ ਕੇ ਅਜਿਹੇ ਵਿਅਕਤੀ ਦੇ ਨਾਂ ਉਪਰ ਰੱਖਣ ਦਾ ਫੈਸਲਾ ਕੀਤਾ ਜੋ ਅਸਲ ਵਿੱਚ ਜੇਲ੍ਹ ਵਿੱਚ ਢਾਹੇ ਜਾ ਰਹੇ ਤਸੀਹਿਆਂ ਤੋ ਤੰਗ ਆ ਕੇ ਅਜਾਦੀ ਦੇ ਸੰਘਰਸ਼ ਤੋਂ ਕਿਨਾਰਾ ਕਰ ਗਿਆ ਸੀ। ਨਾਟਕ ਦਾ ਇਹ ਪੱਖ ਸਮੇ ਦੀਆਂ ਸਰਕਾਰਾਂ ਦੁਆਰਾ ਗਦਰੀ ਬਾਬਿਆਂ ਦੇ ਸੰਘਰਸ਼ ਨੂੰ ਅਣਗੌਲਿਆ ਕਰਨ ਉਪਰ ਵੀ ਇੱਕ ਵਿਅੰਗ ਕੱਸਦਾ ਹੈ। ਹਰਕੇਸ਼ ਨੇ ਜਿਥੇ ਇਸ ਨਾਟਕ ਰਾਹੀਂ ਹਿੰਦੂ, ਮੁਸਲਿਮ ਅਤੇ ਸਿੱਖਾਂ ਦੁਆਰਾ ਸਾਂਝੇ ਤੌਰ ਤੇ ਲੜੀ ਗਈ ਅਜਾਦੀ ਦੀ ਲੜਾਈ ਨੂੰ ਚਿਤਰਿਆ ਹੈ ਉਥੇ ਹਾਕਮਾਂ ਦੁਆਰਾ ਧਰਮ ਦੇ ਨਾਂਂ ਉਪਰ ਪਾਈਆਂ ਗਈਆਂ ਵੰਡੀਆਂ ਦਾ ਵੀ ਜਿਕਰ ਕੀਤਾ ਹੈ। ਅੰਤਾਂ ਦੇ ਤਸੀਹਿਆਂ ਦੌਰਾਨ ਗਦਰੀ ਬਾਬਿਆਂ ਦੁਆਰਾ ਸਿਦਕ ਨਾ ਡੋਲਣਾ ਇਸ ਨਾਟਕ ਦੀ ਜਿੰਦ-ਜਾਨ ਹੈ। ਅੰਡੇਮਾਨ ਦੀ ਸੈਲੂਲਰ ਜੇਲ੍ਹ ਦੇ ਅਧਿਕਾਰੀਆਂ ਦੀ ਆਗਿਆ ਤੋਂ ਬਿਨਾਂ ਜਿਥੇ ਪਤਾ ਨਹੀਂ ਸੀ ਹਿਲਦਾ ਉਥੇ ਗਦਰੀ ਬਾਬਿਆਂ ਦੇ ਬੁਲੰਦ ਹੌਸਲਿਆਂ ਦੁਆਰਾ ਜੇਲ੍ਹਰਾਂ ਦੇ ਹੰਕਾਰ ਉਪਰ ਫਤ੍ਹੇ ਪਾਉਣ ਦਾ ਚਿਤਰਨ ਦਰਸ਼ਕਾਂ ਨੂੰ ਹਲੂਣਾ ਦੇ ਦਿੰਦਾ ਹੈ। ਨਾਟਕ ਦੇ ਅੰਤਲੇ ਭਾਗ ਵਿੱਚ ਅਜਾਦੀ ਤੋਂ ਬਾਦ ਵੀ ਭਾਰਤੀ ਲੋਕਾਂ ਦੀ ਹਾਲਤ ਦਾ ਜਿਕਰ ਹੈ।ਅਜਾਦੀ ਦੇ ਅਸਲ ਅਰਥ ਸਮਝਾਉਦਾ ਇਹ ਨਾਟਕ ਦਰਸ਼ਕਾਂ ਦੇ ਮਨਾਂ ਨੂੰ ਅਜਿਹਾ ਹਲੂਣਾ ਦੇ ਜਾਂਦਾ ਹੈ ਕਿ ਉਹ ਸੋਚਣ ਲਈ ਮਜਬੂਰ ਹੋ ਜਾਂਦੇ ਹਨ। ਨਾਟਕ ਦੀ ਹਰੇਕ ਝਾਕੀ ਦਾ ਅੰਤ ਸੰਗੀਤਮਈ ਹੈ। ਜੋ ਮੰਚ ਉਪਰ ਰੌਚਿਕਤਾ ਤਾਂ ਸਿਰਜਦਾ ਹੀ ਹੈ ਪਰ ਨਾਲ ਹੀ ਡੂੰਘੇ ਅਰਥਾਂ ਨਾਲ ਆਮ ਲੋਕਾਂ ਨੂੰ ਹੱਕਾਂ ਲਈ ਲੜਨ ਦੀ ਪਰੇਰਨਾ ਵੀ ਦਿੰਦਾ ਹੈ ਕੁੱਲ ਮਿਲਾ ਕੇ ਇਸ ਨਾਟਕ ਦਾ ਸੰਦੇਸ਼ ਇਹੀ ਹੈ ਕਿ ਜਿਸ ਤਰ੍ਹਾਂ ਦੀ ਅਜਾਦੀ ਲਈ ਗਦਰੀ ਬਾਬਿਆਂ ਨੇ ਜੇਲ੍ਹਾਂ ਵਿੱਚ ਤਸੀਹੇ ਕੱਟੇ ,ਉਸ ਅਜਾਦੀ ਤੋਂ ਲੋਕ ਅਜੇ ਵੀ ਵਿਹੂਣੇ ਹਨ।ਕਨੇਡਾ ਵਿੱਚ ਰਹਿੰਦੀ ਪੰਜਾਬੀਆਂ ਦੀ ਦੂਜੀ ਅਤੇ ਤੀਜੀ ਪੀੜੀ ਲਈ ਇਹ ਨਾਟਕ ਹੋਰ ਵੀ ਖਾਸੀਅਤ ਰੱਖਦਾ ਹੈ ਤਾਂ ਕਿ ਆਪਣੇ ਪੁਰਖਿਆਂ ਦੁਆਰਾ ਅਜਾਦੀ ਸੰਗਰਾਮ ਵਿੱਚ ਪਾਏ ਯੋਗਦਾਨ ਤੋḔ ਉਹ ਜਾਣੂ ਹੋ ਸਕਣ।