ਕਹਾਣੀਕਾਰ ਦਵਿੰਦਰ ਮਲਹਾਂਸ ਸਭਾ ਦੀ ਕਾਰਜਕਾਰੀ ਕਮੇਟੀ ਵਿਚ ਸ਼ਾਮਿਲ
ਬਲਜਿੰਦਰ ਸੰਘਾ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਮੀਟਿੰਗ ਲੇਖਕਾ ਅਤੇ ਸਰੋਤਿਆਂ ਨਾਲ ਭਰੇ ਕੋਸੋ ਹਾਲ ਕੈਲਗਰੀ ਵਿਚ ਹੋਈ। ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ, ਸਕੱਤਰ ਸੁਖਪਾਲ ਅਤੇ ਇੰਡੀਆ ਤੋਂ ਪਹੁੰਚੇ ਹਰਕੇਸ਼ ਚੌਧਰੀ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਫਿਰ ਉਹਨਾਂ ਸਭਾ ਦੇ ਬਾਨੀ ਇਕਬਾਲ ਅਰਪਨ ਜੀ ਬਾਰੇ ਸੰਖੇਪ ਜਾਣਕਾਰੀ ਦਿੰਦਿਆ ਆਖਿਆ ਕਿ ਬੇਸ਼ਕ ਉਹ ਕੁਝ ਸਾਲ ਪਹਿਲਾ ਇਸ ਦੁਨੀਆਂ ਤੋਂ ਸਰੀਰਕ ਤੌਰ ਤੇ ਜੂਨ ਦੇ ਮਹੀਨੇ ਵਿਚ ਚਲੇ ਗਏ ਸਨ ਪਰ ਅਸੀ ਇਸ ਗੱਲ ਤੇ ਖੁਸ਼ੀ ਅਤੇ ਸੰਤੁਸ਼ਟੀ ਜ਼ਾਹਿਰ ਕਰਦੇ ਹਾਂ ਕਿ ਸਭਾ ਉਹਨਾਂ ਦੀ ਸੋਚ ਤੇ ਚੱਲਦਿਆਂ ਨਾ ਤਾਂ ਵਾਧੂ ਫੰਡ ਇਕੱਠਾ ਕਰਦੀ ਨਾ ਕਿਸੇ ਇੱਕ ਬੰਦੇ ਦਾ ਸਭਾ ਤੇ ਕਬਜਾ ਹੈ ਅਤੇ ਹਰੇਕ ਦੋ ਸਾਲ ਬਾਅਦ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਜਾਂਦੀ ਹੈ। ਉਹਨਾਂ ਇਕਬਾਲ ਅਰਪਨ ਜੀ ਨੂੰ ਯਾਦ ਕਰਦਿਆ ਉਹਨਾਂ ਦੀ ਕਵਿਤਾ ‘ਹਥਿਆਰ’ ਸਾਂਝੀ ਕੀਤੀ ਅਤੇ ਨਾਲ ਹੀ ਪੰਜਾਬੀ ਲਿਖ਼ਾਰੀ ਸਭਾ ਦੀ ਉਸਾਰੂ ਸੋਚ ਨੂੰ ਦੇਖਦਿਆਂ ਨੌਜਵਾਨ ਕਹਾਣੀਕਾਰ ਦਵਿੰਦਰ ਮਲਹਾਂਸ ਦੇ ਕਾਰਜਕਾਰੇ ਕਮੇਟੀ ਵਿਚ ਸ਼ਾਮਿਲ ਹੋਣ ਨੂੰ ਇਕ ਉਦਹਾਰਨ ਦੇ ਤੌਰ ਤੇ ਲੈਂਦਿਆਂ ਕਿਹਾ ਕਿ ਇਸਦਾ ਕਾਰਨ ਇਹ ਹੀ ਹੈ ਇਕਬਾਲ ਅਰਪਨ ਜੀ ਦੀ ਜੋ ਸੋਚ ਸੀ ਉਹ ਅੱਗੇ ਵਧ ਰਹੀ ਹੈ ਅਤੇ ਹਾਜ਼ਰ ਸਭ ਮੈਬਰਾਂ ਵੱਲੋਂ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ। ਸਭਾ ਦਾ ਸਭ ਨੂੰ ਨਾਲ ਲੈਕੇ ਚੱਲਣ ਦਾ ਏਜੰਡਾ ਹੋਣ ਕਰਕੇ ਹੀ ਇਸ ਸਭਾ ਦੇ ਮੈਂਬਰਾਂ ਵਿਚ ਨੌਜਵਾਨ ਵਰਗ ਤੋਂ ਲੈਕੇ ਪ੍ਰੋੜ ਉਮਰ ਦੇ ਬਜੁਰਗ ਸ਼ਾਮਿਲ ਹਨ। ਜੋ ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿਚ ਨਵੀਆਂ ਪੈੜਾਂ ਪਾ ਰਹੇ ਹਨ। ਸਾਹਿਤਕ ਰੰਗਾ ਦੀ ਸ਼ੁਰੂਆਤ ਸਭਾ ਦੇ ਖਜ਼ਾਨਚੀ ਅਤੇ ਅਤੇ ਖਰੀਆਂ-ਖਰੀਆਂ ਪਰ ਸੱਚੀਆਂ ਗੱਲਾਂ ਕਰਨ ਵਾਲੇ ਬਲਵੀਰ ਗੋਰੇ ਨੇ ਆਪਣੇ ਬਹੁਤ ਖੂਬਸੂਰਤ ਗੀਤ ‘ਸੱਥ ਵਿਚ ਬੈਠੇ ਬਾਬੇ ਇੰਝ ਵਿਚਾਰਾਂ ਕਰਦੇ ਨੇ’ ਨਾਲ ਕੀਤੀ ਜੋ ਹੁਣ ਦੇ ਵਿਗੜ ਰਹੇ ਹਲਾਤਾਂ ਅਤੇ ਨਸ਼ਿਆ ਤੇ ਕਰਾਰੀ ਚੋਟ ਸੀ। ਮਹਿੰਦਰਪਾਲ ਸਿੰਘ ਪਾਲ ਵੱਲੋਂ 14ਵੇਂ ਸਲਾਨਾਂ ਸਮਾਗਮ ਦੀ ਸਫਲਤਾ ਲਈ ਸਭ ਮੈਬਰਾਂ ਨੂੰ ਵਧਾਈ ਦਿੱਤੀ ਅਤੇ ਸਾਰੇ ਸਹਿਯੋਗੀ ਮੀਡੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ। ਫਾਦਰਜ਼ ਡੇ ਹੋਣ ਕਰਕੇ ਉਹਨਾਂ ਆਪਣੇ ਸਵਰਗਵਾਸੀ ਪਿਤਾ ਅਤੇ ਪ੍ਰਸਿੱਧ ਲੇਖਕ ਬਿਸ਼ੰਭਰ ਸਿੰਘ ਸਾਕੀ ਜੀ ਦੀ ਇਕ ਖੁਬਸੂਰਤ ਰਚਨਾ ਪੇਸ਼ ਕੀਤੀ ਅਤੇ ਇਕ ਕੈਂਸਰ ਦੀ ਮਰੀਜ਼ ਬੱਚੀ ‘ਨੂਰਾ’ ਦੀ ਅੰਗਰੇਜ਼ੀ ਦੀ ਕਵਿਤਾ ‘ਸਲੋਅ ਡਾਂਸ’ ਸਾਂਝੀ ਕੀਤੀ, ਜੋ ਸਭ ਨੂੰ ਭਾਵੁਕ ਕਰ ਗਈ। ਉਹਨਾਂ ਵੱਲੋਂ ਸਭਾ ਦੀਆਂ ਮੈਂਬਰ ਸਿਮਰ ਕੌਰ ਚੀਮਾ, ਸੁਰਿੰਦਰ ਕੌਰ ਚੀਮਾ ਅਤੇ ਹਰਮਿੰਦਰ ਕੌਰ ਢਿੱਲੋਂ ਦਾ ਸਭਾ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਵਿਚ ਵਲੰਟੀਅਰ ਕੰਮਾਂ ਵਾਸਤੇ ਅਤੇ ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸਭਾ ਦੇ ਮੀਤ ਪ੍ਰਧਾਨ ਹਰੀਪਾਲ ਨੇ ਕਹਾਣੀ ‘ਐਮਰਜੰਸੀ’ ਸੁਣਾਈ ਜੋ ਇਕ ਬਹੁਪਰਤੀ ਕਹਾਣੀ ਸੀ ਪਰ ਰੋਚਕ ਅਤੇ ਪੰਜਾਬੀ ਸਮਾਜ ਵਿਚ ਆ ਰਹੇ ਖੋਖਲੇਪਣ, ਨਸ਼ਿਆ, ਵੇਹਲਪੁਣਾ ਅਤੇ ਵਧ ਰਹੀਆਂ ਲਾਲਚੀ ਬਿਰਤੀਆਂ ਤੇ ਚੋਟ ਕਰਦੀ ਹੋਣ ਕਰਕੇ ਸਭ ਨੇ ਬਹੁਤ ਗੰਭੀਰਤਾ ਨਾਲ ਸੁਣੀ। ਪ੍ਰੋæਮਨਜੀਤ ਸਿੰਘ ਸਿੱਧੂ ਨੇ ਸਤਪਾਲ ਡਾਂਗ ਜੀ ਨੂੰ ਸ਼ਧਾਜਲੀ ਭੇਂਟ ਕੀਤੀ ਅਤੇ ਉਹਨਾਂ ਦੇ ਸਮਾਜ ਸੇਵਾ ਦੇ ਖੇਤਰ ਵਿਚ ਪਾਏ ਬੇਮਸਾਲ ਯੋਗਦਾਨ ਬਾਰੇ ਦੱਸਿਆ। ਬਾਨੀ ਮੈਂਬਰਾਂ ਵਿਚ ਜਸਵੰਤ ਸਿੰਘ ਗਿੱਲ ਨੇ ਦੱਸਿਆ ਕਿ ਸਤਪਾਲ ਡਾਂਗ ਜੀ ਨੇ ਮੰਤਰੀ ਹੋਣ ਦੇ ਬਾਵਜ਼ੂਦ ਵੀ ਆਪਣਾ ਘਰ ਨਹੀਂ ਬਣਾਇਆ ਅਤੇ ਨਾ ਹੀ ਬਂੈਕ ਅਕਾਊਟ ਖੁਲ੍ਹਵਾਇਆ। ਉਹਨਾਂ ਨੌਜਵਾਨਾਂ ਦੇ ਪੰਜਾਬੀ ਲਿਖ਼ਾਰੀ ਸਭਾ ਵਿਚ ਮੂਹਰੇ ਆਉਣ ਅਤੇ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕੀਤੀ। ਗੁਰਬਚਨ ਬਰਾੜ ਨੇ ਗਦਰੀ ਯੋਧਿਆਂ ਬਾਰੇ ਬਹੁਤ ਹੀ ਜਾਣਕਾਰੀ ਭਰਪੂਰ ਵਿਚਾਰ ਸਾਂਝੇ ਕੀਤੇ ਅਤੇ 22 ਜੂਨ ਨੂੰ ਹੋਣ ਵਾਲੇ ਗਦਰ ਸ਼ਤਾਬਦੀ ਨਾਟਕਾਂ ਬਾਰੇ ਜਾਣਕਾਰੀ ਦਿੱਤੀ। ਹਰਕੇਸ਼ ਚੌਧਰੀ ਨੇ ਗਦਰੀ ਯੋਧਿਆਂ ਦੀ ਸੋਚ ਬਾਰੇ ਅਣਮੁੱਲੇ ਵਿਚਾਰ ਪੇਸ਼ ਕੀਤੇ। ਸੁਰਿੰਦਰ ਸ਼ਰਮਾਂ ਨੇ ਹੋਰ ਵਿਚਾਰਾਂ ਦੇ ਨਾਲ ‘ਪੰਜੋ ਪੰਜਾਬਣ’ ਕਵਿਤਾ ਰਾਹੀ ਸੰਜੀਦਗੀ ਅਤੇ ਪੇਸ਼ਕਾਰੀ ਦਾ ਲੋਹਾ ਮਨਵਾਇਆ। ਸਭਾ ਵੱਲੋ ਇੰਡੀਆਂ ਤੋਂ ਪਹੁੰਚੇ ਇਹਨਾਂ ਸੱਜਣਾ ਨੂੰ ਲੋਕ ਕਲਾ ਮੰਚ ਮੰਡੀ ਮੁੱਲਾਪੁਰ ਲਈ ਸਭਾ ਦੀਆਂ ਕਿਤਾਬਾਂ ਦਾ ਸੈਟ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ, ਜਨਰਲ ਸਕੱਤਰ ਬਲਜਿੰਦਰ ਸੰਘਾ ਅਤੇ ਸਕੱਤਰ ਸੁਖਪਾਲ ਪਰਮਾਰ ਵੱਲੋਂ ਭੇਂਟ ਕੀਤਾ ਗਿਆ। ਮੀਟਿੰਗ ਵਿਚ ਪਹਿਲੀ ਵਾਰ ਹਾਜ਼ਰ ਹੋਏ ਇਰਨਪ੍ਰੀਤ ਸਿੰਘ ਜੀ ਨੇ ਆਪਣੇ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਸਾਭਾ ਵੱਲੋਂ ਪੰਜਾਬੀਅਤ ਲਈ ਕੀਤੇ ਜਾ ਰਹੇ ਕੰਮਾਂ ਤੇ ਤਸੱਲੀ ਪ੍ਰਗਟ ਕੀਤੀ। ਤਰਲੋਚਨ ਸੈਂਭੀ ਅਤੇ ਬਲਵੀਰ ਗੋਰੇ ਦੁਆਰਾ ਸੈਂਭੀ ਦੀ ਰਚਨਾ ਅਤੇ ਕੈਨੇਡਾ ਦੀਆਂ ਸਮੱਸਿਆਵਾਂ ਬਾਰੇ ਲਿਖੀ ਕਵੀਸ਼ਰੀ ਨੇ ਸਭ ਨੂੰ ਤਾੜੀਆਂ ਮਾਰਨ ਲਈ ਮਜ਼ਬੂਰ ਕਰ ਦਿੱਤਾ ਅਤੇ ਦੋਹਾਂ ਦੀ ਬੁਲੰਦ ਅਵਾਜ਼ ਨੇ ਕਵੀਸ਼ਰੀ ਕਲਾ ਦਾ ਇਕ ਸ਼ਾਹਕਾਰ ਨਮੂਨਾ ਪੇਸ਼ ਕੀਤਾ। ਫਾਦਰਜ਼ ਡੇ ਹੋਣ ਕਰਕੇ ਰਵੀ ਜਨਾਗਲ ਵੱਲੋਂ ਸਭ ਮੈਬਰਾਂ ਲਈ ਕੇਕ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਜੋ ਬਜ਼ੁਰਗ ਮੈਂਬਰਾਂ ਦੀ ਹਾਜ਼ਰੀ ਵਿਚ ਕੱਟਿਆ ਗਿਆ ਅਤੇ ਇਕ ਸਾਂਝ ਅਤੇ ਮਿਲ ਬੈਠਣ ਦੀ ਪਿਰਤ ਦਾ ਨਮੂਨਾ ਸੀ । ਜੋਗਿੰਦਰ ਸਿੰਘ ਸੰਘਾ ਨੇ ਫਾਦਰਜ਼ ਡੇ ਨਾਲ ਸਬੰਧਤ ਕਹਾਣੀ ਸੁਣਾਈ ਜੋ ਇੱਕ ਪਿਤਾ ਵੱਲੋਂ ਆਪਣੇ ਬੱਚਿਆਂ ਲਈ ਕੀਤੀ ਜਾਂਦੀ ਮਿਹਨਤ ਦੀ ਤਸਵੀਰ ਹੋ ਨਿਬੜੀ। ਰਵੀ ਜਨਾਗਲ ਨੇ ਸੰਤ ਰਾਮ ਉਦਾਸੀ ਦਾ ਗੀਤ ‘ਮੱਘਦਾ ਰਹੀ ਵੇ ਸੂਰਜਾ’ ਤਰੰਨਮ ਵਿਚ ਸੁਣਾਕੇ ਪ੍ਰਪੰਕ ਗਾਇਕੀ ਦਾ ਸਬੂਤ ਦਿੱਤਾ। ਮੰਗਲ ਚੱਠਾ ਨੇ ਚੁਰਾਸੀ ਦੇ ਨਿਰਦੋਸ਼ ਲੋਕਾਂ ਦੇ ਕਤਲ ਨੂੰ ਸਿਆਸਤ ਦੀ ਖੇਡ ਬਿਆਨ ਕਰਦੀ ਆਪਣੀ ਲਿਖੀ ਕਵਿਤਾ ਦੇ ਬੋਲ ਸਾਂਝੇ ਕੀਤੇ। ਰਣਜੀਤ ਲਾਡੀ ਗੋਬਿੰਦਪੁਰੀ ਨੇ ਨੇੜੇ ਆ ਰਹੀ ਇੱਕ ਜੁਲਾਈ ਦੇ ਸਬੰਧ ਵਿਚ ਗੁਰਭਜਨ ਗਿੱਲ ਦੀ ਲਿਖੀ ਕਵਿਤਾ ‘ਕੈਨੇਡਾ’ ਸੁਣਾਈ। ਜਸਵੰਤ ਸਿੰਘ ਸੇਖੋਂ ਨੇ ਟੁਣਕਦੀ ਅਵਾਜ਼ ਵਿਚ ਕਵੀਸ਼ਰੀ। ਇਹਨਾਂ ਤੋਂ ਇਲਾਵਾ ਜ਼ੋਰਾਵਰ ਸਿੰਘ ਬਾਂਸਲ ਕਹਾਣੀਕਾਰ, ਹਰਮਿੰਦਰ ਕੌਰ ਢਿੱਲੋਂ, ਰਾਜਿੰਦਰਪਾਲ ਸਿੰਘ ਹੁੰਦਲ, ਸਰਪੰਚ ਸਰਬਣ ਸਿੰਘ ਸੰਧੂ, ਕਹਾਣੀਕਾਰ ਦਵਿੰਦਰ ਮਲਹਾਂਸ, ਸੁਰਜੀਤ ਸਿੰਘ ਪੰਨੂ, ਮਨਜੀਤ ਬਰਾੜ,ਹਰਚਰਨ ਕੌਰ ਬਾਸੀ,ਬੀਜਾ ਰਾਮ ਆਦਿ ਨੇ ਆਪਣੀਆਂ ਰਚਨਾਵਾਂ ਨਾਲ ਭਰਪੂਰ ਹਾਜ਼ਰੀ ਲਵਾਈ। ਮੀਟਿੰਗ ਵਿਚ ਬਲਦੇਵ ਸਿੰਘ ਕੰਗ, ਡਾæਮਹਿੰਦਰ ਸਿੰਘ ਹੱਲਣ, ਹਰਦੀਪ ਕੌਰ, ਸੁਰਜੀਤ ਸਿੰਘ ਹੇਅਰ, ਜਰਨੈਲ ਸਿੰਘ ਤੱਗੜ,ਪੈਰੀ ਮਾਹਲ, ਮਾæਭਜਨ ਸਿੰਘ ਗਿੱਲ, ਪਵਨਦੀਪ ਬਾਂਸਲ, ਮਹਿਕ ਬਾਂਸਲ,ਇੰਜੀæ ਗੁਰਦਿਆਲ ਸਿੰਘ ਖਹਿਰਾ, ਗੁਪਾਲ ਜੱਸਲ,ਹਰਪਾਲ ਸਿੰਘ ਬਾਸੀ ਤੋਂ ਇਲਾਵਾ ਹੋਰ ਵੀ ਸਾਹਿਤ ਪ੍ਰੇਮੀ ਹਾਜ਼ਰ ਸਨ। ਚਾਹ ਅਤੇ ਸਨੈਕਸ ਦਾ ਵਿਸ਼ੇਸ਼ ਪ੍ਰਬੰਧ ਸਭਾ ਦੇ ਕਾਰਜਕਾਰੀ ਮੈਂਬਰ ਜ਼ੋਰਾਵਰ ਸਿੰਘ ਬਾਸਲ ਦੇ ਪਰਿਵਾਰ ਵੱਲੋਂ ਆਪਣੀ ਬੱਚੀ ਮਹਿਕ ਬਾਂਸਲ ਦੇ ਜਨਮ ਦਿਨ ਦੀ ਖੁਸ਼ੀ ਵਿਚ ਕੀਤਾ ਗਿਆ। ਸਭਾ ਦੀ ਅਗਲੀ ਮੀਟਿੰਗ 21 ਜੁਲਾਈ ਦਿਨ ਐਤਵਾਰ ਨੂੰ ਕੋਸੋ ਹਾਲ ਵਿਚ ਹੋਵੇਗੀ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਨਾਲ 403-880-1677 ਜਾਂ ਜਨਰਲ ਸਕੱਤਰ ਬਲਜਿੰਦਰ ਸੰਘਾ ਨਾਲ 403-680-3212 ਤੇ ਸਪੰਰਕ ਕੀਤਾ ਜਾ ਸਕਦਾ ਹੈ।