ਸਿਰਫ ਕਨੇਡਾ ਦੇ ਹੀ ਖਿਡਾਰੀ ਖੇਡਣਗੇ
ਕੈਲਗਰੀ -( ਸੁਖਵੀਰ ਗਰੇਵਾਲ) ਕੈਲਗਰੀ ਦੇ ਜੈਨਸਿਸ ਸੈਂਟਰ ਵਿਚ 7 ਜੂਨ ਤੋਂ 9 ਜੂਨ ਤੱਕ ਹੋਣ ਵਾਲੇ ਸਲਾਨਾ ਹਾਕਸ ਫੀਲਡ ਹਾਕੀ ਟੂਰਨਾਮੈਂਟ ਵਿਚ ਭਾਗ ਲੈਣ ਵਾਲੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਕਸ ਹਾਕੀ ਅਕਾਦਮੀ ਕੈਲਗਰੀ ਦੇ ਮੈਂਬਰਾਂ ਦੀ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ। ਦਿਲਪਾਲ ਸਿੰਘ ਟੀਟਾ ਨੇ ਦੱਸਿਆ ਕਿ ਉਤਰੀ ਅਮਰੀਕਾ ਦੇ ਦਰਜਨ ਦੇ ਕਰੀਬ ਟੀਮਾਂ ਨੇ ਇਸ ਟੂਰਨਾਮੈਂਟ ਵਿਚ ਭਾਗ ਲੈਣ ਦੀ ਰੁਚੀ ਦਿਖਾਈ ਸੀ ਪਰ ਅੱਠ ਟੀਮਾਂ ਨੂੰ ਸੀਨੀਅਰ ਵਰਗ ਵਿਚ ਦਾਖਲਾ ਦਿੱਤਾ ਗਿਆ ਹੈ। ਐਡਮਿੰਟਨ ਅਤੇ ਕੈਲਗਰੀ ਤੋਂ ਦੋ-ਦੋ ਟੀਮਾਂ ਭਾਗ ਲੈਣਗੀਆਂ ਜਦ ਕਿ ਟੋਰਾਂਟੋ, ਸਰੀ, ਵਿਨੀਪੈੱਗ ਅਤੇ ਸਸਕਾਟੂਨ ਤੋਂ ਇੱਕ-ਇੱਕ ਟੀਮ ਭਾਗ ਲਵੇਗੀ। ਮਨਵੀਰ ਗਿੱਲ ਨੇ ਦੱਸਿਆ ਕਿ ਜੂਨੀਅਰ ਵਰਗ ਵਿਚ ਕੈਲਗਰੀ ਅਤੇ ਐਡਮਿੰਟਨ ਤੋਂ ਦੋ-ਦੋ ਟੀਮਾਂ ਅਤੇ ਇੱਕ ਟੀਮ ਟੋਰਾਂਟੋ ਤੋਂ ਭਾਗ ਲਵੇਗੀ। ਕਲੱਬ ਨੇ ਇਕ ਹੋਰ ਅਹਿਮ ਫੈਸਲਾ ਲੈਂਦਿਆਂ ਐਲਾਨ ਕੀਤਾ ਕਿ ਇਸ ਟੂਰਨਾਮੈਂਟ ਵਿਚ ਸਿਰਫ ਹਾਕੀ ਸੀਜ਼ਨ ਲਈ ਪੰਜਾਬ ਤੋਂ ਕਨੇਡਾ ਖੇਡਣ ਆਉਣ ਵਾਲੇ ਖਿਡਾਰੀ ਨਹੀਂ ਖੇਡ ਸਕਣਗੇ। ਸਾਰੇ ਮੈਂਬਰਾਂ ਨੇ ਇਸ ਗੱਲ ਉਪਰ ਸਹਿਮਤੀ ਪ੍ਰਗਟ ਕੀਤੀ ਕਿ ਅਜਿਹੇ ਟੂਰਨਾਮੈਂਟਾਂ ਦਾ ਮਕਸਦ ਕਨੇਡਾ ਦੇ ਹਾਕੀ ਟੇਲੈਂਟ ਨੂੰ ਉਭਾਰਨਾ ਹੈ ਸੋ ਕਨੇਡਾ ਵਿਚ ਰਹਿਣ ਵਾਲੇ ਅਤੇ ਹਾਕੀ ਕਲੱਬਾਂ ਨਾਲ ਪੱਕੇ ਤੌਰ ‘ਤੇ ਜੁੜੇ ਹੋਏ ਖਿਡਾਰੀ ਹੀ ਭਾਗ ਲੈਣਗੇ। ਦੂਜੇ ਪਾਸੇ ਹਾਕਸ ਹਾਕੀ ਅਕਾਦਮੀ ਦੀ ਟੀਮ ਵੱਲੋਂ ਇਸ ਟੂਰਨਾਮੈਂਟ ਵਿਚ ਚੰਗੇ ਪ੍ਰਦਰਸ਼ਨ ਲਈ ਅਭਿਆਸ ਜ਼ੋਰਾਂ ਤੇ ਹੈ। ਜੂਨੀਅਰ ਅਤੇ ਸੀਨੀਅਰ ਟੀਮਾਂ ਨੇ ਜੈਨਸਿਸ ਸੈਂਟਰ ਦੇ ਖੇਡ ਮੈਦਾਨ ਵਿਚ ਅਭਿਆਸ ਕੀਤਾ। ਮੀਟਿੰਗ ਦੌਰਾਨ ਪਿਛਲੇ ਡੇਢ ਦਹਾਕੇ ਤੋਂ ਕੈਲਗਰੀ ਵਿਚ ਫੀਲਡ ਹਾਕੀ ਦੇ ਵਿਕਾਸ ਲਈ ਪਾਲੀ ਵਿਰਕ ਦੀ ਪ੍ਰਸੰਸਾ ਕੀਤੀ ਗਈ। ਕਬੱਡੀ ਪ੍ਰੋਮੋਟਰ ਮੇਜਰ ਸਿੰਘ ਬਰਾੜ ਅਤੇ ਕਰਮਪਾਲ ਸਿੰਘ ਸਿੱਧੂ (ਬੈਸਟ ਬਾਏ ਫਰਨੀਚਰ), ਸ਼੍ਰੋਮਣੀ ਅਕਾਲੀ ਦਲ ਅਲਵਰਟਾ ਪ੍ਰਧਾਨ ਜੰਗ ਬਹਾਦਰ ਸਿੰਘ ਸਿੱਧੂ, ਬਰਜਿੰਦਰ ਸਿੰਘ ਰੰਧਾਵਾ (ਬਲਿਊ ਡਾਰਟ ਟਰੱਕਿੰਗ ਕੰਪਨੀ), ਹੈਰੀ ਮਾਂਗਟ (ਜੀ.ਆਰ.ਸੀ. ਟਰੱਕਿੰਗ), ਰੇਸ਼ਮ ਸਿੰਘ ਸਿੱਧੂ ਵੱਲੋਂ ਇਨਾਮ ਸਪਾਂਸਰ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਪਿੰਡ ਮਾਣੂੰਕੇ ਗਿੱਲ ਦੇ ਪਰਿਵਾਰ ਮੋਹਰ ਸਿੰਘ ਗਿੱਲ, ਗੁਰਲਾਲ ਸਿੰਘ ਗਿੱਲ, ਸੁਖਦੀਪ ਸਿੰਘ ਗਿੱਲ ਅਤੇ ਮਨਮੋਹਨ ਸਿੰਘ ਗਿੱਲ ਦੇ ਉੱਦਮ ਨਾਲ ਟੂਰਨਾਮੈਂਟ ਦੀਆਂ ਇਨਾਮੀ ਟਰਾਫੀਆਂ ਬਣ ਕੇ ਤਿਆਰ ਹਨ। ਕਲੱਬ ਦੀ ਮੀਟਿੰਗ ਵਿਚ ਦਿਲਜੀਤ ਸਿੰਘ ਪੁਰਬਾ, ਮਨਵੀਰ ਗਿੱਲ, ਗੁਰਦੀਪ ਸਿੰਘ ਹੰਸ, ਬੀਜਾ ਰਾਮ, ਦਿਲਜੀਤ ਸਿੰਘ ਕਾਕਾ ਲੋਪੋਂ, ਕਰਮਜੀਤ ਢੁੱਡੀਕੇ, ਮਨਦੀਪ ਸਿੰਘ ਜੱਲੀ, ਗੁਰਮੋਹਨ ਸਿੰਘ ਵੜੈਚ, ਰਵਿੰਦਰ ਸਿੰਘ ਰਿੰਕੂ, ਕਮਲਦੀਪ ਢੁੱਡੀਕੇ, ਅਤੇ ਹੋਰ ਹਾਕੀ ਪ੍ਰੇਮੀ ਹਾਜਰ ਸਨ।