ਬਲਜਿੰਦਰ ਸੰਘਾ ਕੈਲਗਰੀ – ਹਿੰਦੀ ਫਿਲਮ ਇੰਡਸਟਰੀ ਤੋਂ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੇ ਫਰਜ਼ ਨੂੰ ਪਹਿਚਾਨਣ ਵਾਲੇ ਜਾਣੇ-ਪਾਛਣੇ ਅਤੇ ਅਦਾਕਾਰੀ ਰਾਹੀ ਸਭ ਨੂੰ ਪ੍ਰਭਾਵਿਤ ਕਰਨ ਵਾਲੇ ਅਦਾਕਾਰ, ਪ੍ਰੋਡਿਊਸਰ ਜਿੰਮੀ ਸ਼ੇਰਗਿੱਲ ਨੇ ਬੀਕਾਨੇਰ ਸਵੀਟਸ ਤੇ ਕੈਲਗਰੀ ਮੀਡੀਆ ਨਾਲ ਪੈਸ ਕਾਨਫਰੰਸ ਕੀਤੀ। ਸਟੇਜ ਦੀ ਜਿੰਮੇਵਾਰੀ ਰਾਹੀ ਸ਼ੁਰੂਅਤ ਕਰਦਿਆ ਰਿਸ਼ੀ ਨਾਗਰਾ ਨੇ ਕਿਹਾ ਕਿ ਇਹ ਫਿਲਮ ਮਿਊਜ਼ਿਕ ਵੇਵਜ਼ ਵੱਲੋਂ ਪ੍ਰਮੋਟ ਕੀਤੀ ਗਈ ਹੈ। ਜਿੱਮੀ ਸ਼ੇਰਗਿੱਲ ਬਾਰੇ ਉਹਨਾਂ ਦੱਸਿਆ ਕਿ ਬੇਸ਼ਕ ਉਹ ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ ਪਰ ਫਿਰ ਵੀ ਉਹਨਾਂ ਹਿੰਦੀ ਫਿਲਮ ਇੰਡਸਟਰੀ ਵਿਚ ਮਾਚਿਸ, ਮਹੁੱਬਤੇ, ਮੁੰਨਾ ਭਾਈ ਅਤੇ ਗੈਂਗਗਰਟਰ ਆਦਿ ਅਨੇਕਾਂ ਫਿਲਮਾਂ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਵਿਸ਼ੇਸ਼ ਤੌਰ ਤੇ ਆਪਣੀ ਨਵੀਂ ਪੰਜਾਬੀ ਫਿਲਮ ‘ਰੰਗੀਲੇ’ ਦੀ ਪ੍ਰੋਮੋਸ਼ਨ ਲਈ ਪਹੁੰਚੇ ਜਿੱਮੀ ਸ਼ੇਰਗਿੱਲ ਨੇ ਦੱਸਿਆ ਕਿ ਇਹ ਫਿਲਮ 19 ਮਈ 2013 ਨੂੰ ਦੁਨੀਆਂ ਭਰ ਵਿਚ ਰੀਲੀਜ਼ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪੰਜ ਕਰੋੜ ਦੇ ਬੱਜਟ ਵਾਲੀ ਇਸ ਪੰਜਾਬੀ ਫਿਲਮ ਦੀ ਸ਼ੂਟਿੰਗ ਪੰਜਾਬ ਵਿਚ ਕੀਤੀ ਗਈ ਹੈ ਅਤੇ ਕਈ ਤਰ੍ਹਾਂ ਦੇ ਮੈਸਿਜ ਦਿੰਦੀ ਇਹ ਫਿਲਮ ਐਕਸ਼ਨ, ਰੋਮਾਸ ਅਤੇ ਕਮੇਡੀ ਭਰਪੂਰ ਹੈ। ਮੀਡੀਆ ਕਲੱਬ ਦੇ ਮੈਂਬਰਾਂ ਹਰਚਰਨ ਪਰਹਾਰ, ਰੰਜੇਸ਼ ਅੰਗਰਾਲ, ਸੱਤਪਾਲ ਕੌਸ਼ਲ, ਮਨਪ੍ਰੀਤ ਬਰਾੜ, ਬਲਜਿੰਦਰ ਸੰਘਾ, ਗੁਰਚਰਨ ਕੌਰ ਥਿੰਦ, ਜਸਜੀਤ ਧਾਮੀ ਆਦਿ ਨੇ ਉਹਨਾਂ ਨੂੰ ਕਈ ਸਵਾਲ ਪੰਜਾਬੀ ਫਿਲਮ ਇੰਡਸਟਰੀ ਬਾਰੇ ਅਤੇ ਪੰਜਾਬੀ ਫਿਲਮਾਂ ਦੇ ਭਵਿੱਖ ਬਾਰੇ ਕੀਤੇ, ਜਿਸਦੇ ਜਵਾਬ ਉਹਨਾਂ ਬੜੇ ਬੇਬਾਕ ਅਤੇ ਸਾਦਾ ਸ਼ਬਦਾਵਲੀ ਵਿਚ ਦਿੱਤੇ। ਉਹਨਾਂ ਕਿਹਾ ਕਿ ਬੇਸ਼ਕ ਉਹਨਾਂ ਦਾ ਰੋਜ਼ਗਾਰ ਹਿੰਦੀ ਫਿਲਮਾਂ ਹਨ ਪਰ ਉਹ ਪੰਜਾਬੀ ਬੋਲੀ ਪ੍ਰਤੀ ਆਪਣਾ ਫਰਜ਼ ਪਛਾਣਦਾ ਹੈ ਅਤੇ ਇਹੀ ਤਮੰਨਾ ਹੈ ਕਿ ਪੰਜਾਬੀ ਫਿਲਮਾਂ ਹੋਰ ਬੁਲੰਦੀਆਂ ਛੂੰਹਣ । ਉਹਨਾਂ ਕਿਹਾ ਕਿ ਜਿੱਥੇ ਨੇਹਾ ਧੂਪੀਆ ਪਹਿਲੀ ਵਾਰ ਇਕ ਪੰਜਾਬੀ ਫਿਲਮ ਵਿਚ ਕੰਮ ਕਰ ਰਹੀ ਹੈ ਉੱਥੇ ਹੋਰ ਮਜ਼ੇ ਹੋਏ ਅਦਾਕਰ ਜਿਵੇਂ ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਬੀ ਐਨ ਸ਼ਰਮਾਂ, ਰਾਣਾ ਰਣਬੀਰ ਆਦਿ ਇਸ ਫਿਲਮ ਦਾ ਹਿੱਸਾ ਹਨ। ਜਿੱਥੇ ਜਿੱਮੀ ਸ਼ੇਰਗਿੱਲ ਦੇ ਪੰਜਾਬੀ ਫਿਲਮੀ ਕੈਰੀਅਰ ਦਾ ਸਵਾਲ ਹੈ ਉੱਥੇ ਉਹ ਹੁਣ ਤੱਕ ਮੰਨਤ, ਯਾਰਾ ਨਾਲ ਬਹਾਰਾਂ, ਮੇਲ ਕਰਾਦੇ ਰੱਬਾ, ਮੰਡੇ ਯੂਕੇ ਦੇ, ਧਰਤੀ ਆਦਿ ਅਨੇਕਾਂ ਸਫਲ ਫਿਲਮਾਂ ਕਰ ਚੁੱਕੇ ਹਨ। ਮੁੰਡੇ ਯੂਕੇ ਦੇ ਨੇ ਕੈਨੇਡਾ ਦੀ ਧਰਤੀ ਤੇ ਨਵੇ ਝੰਡੇ ਗੱਡੇ ਸਨ। ਇਸ ਪ੍ਰੈਸ ਕਾਨਫਰੰਸ ਵਿਚ ਕਲੱਬ ਦੇ ਹੋਰ ਮੈਬਰਾਂ ਵਿਚ ਗੁਰਵਿੰਦਰ ਸਿੰਘ ਧਾਲੀਵਾਲ, ਜਗਪ੍ਰੀਤ ਸ਼ੇਰਗਿੱਲ, ਹਰਬੰਸ ਬੁੱਟਰ, ਸ਼ਾਨ ਅਲੀ, ਗੁਰਮੀਤ ਕੌਰ ਸਰਪਾਲ ਅਤੇ ਰਾਜਪਾਲ ਤੋਂ ਇਲਾਵਾ ਵੈਨਕੂਵਰ ਤੋਂ ਵਿਸ਼ੇਸ ਤੌਰ ਤੇ ਪਹੁੰਚੇ ਜੋਅ ਨਿੱਜਰ ਹਾਜ਼ਰ ਸਨ।