ਕੈਲਗਰੀ-ਏਸ ਐਂਟਰਟੇਨਮੈਂਟ ਐਂਡ ਮੀਡੀਆਂ ਗਰੁੱਪ, ਸਬਰੰਗ ਰੇਡੀਓ ਅਤੇ ਆਈ-ਵੈੱਬ ਗਾਏ ਵਲੋਂ ਮਿੱਤੀ 13-4-2013 ਦਿਨ ਸ਼ਨੀਵਾਰ ਦੀ ਸ਼ਾਮ ਨੂੰ 6:00-9:00 ਵਜੇ ਤੱਕ ਜੈਨੇਸਿਜ਼ ਸੈਂਟਰ ਦੇ ਲੰਮੇ ਚੌੜੇ ਫੀਲਡ ਗਰਾਊਂਡ ਵਿੱਚ ਆਯੋਜਿਤ ਕੀਤਾ ਗਿਆ ਵਿਸਾਖੀ ਮੇਲਾ-੨੦੧੩, ਰੌਣਕ ਮੇਲੇ ਅਤੇ ਦਰਸ਼ਕਾਂ ਦੀ ਚੋਖੀ ਗਿਣਤੀ ਪਖੋਂ ਪਿਛਲੇ ਸਾਲ ਦੇ ਵਿਸਾਖੀ ਮੇਲੇ ਨੂੰ ਪਿੱਛੇ ਛੱਡ ਗਿਆ।ਲੋਕਾਂ ਨੇ 5:00 ਵਜੇ ਆ ਕੇ ਗਰਾਊਂਡ ਦੇ ਇੱਕ ਪਾਸੇ ਲਗਾਈ ਸਟੇਜ ਸਾਹਮਣੇ ਡਾਹੀਆਂ ਕੁਰਸੀਆਂ ਮੱਲਣੀਆਂ ਸ਼ੁਰੂ ਕਰ ਦਿੱਤੀਆਂ।ਫੀਲਡ ਗਰਾਊਂਡ ਵਿੱਚ ਦਾਖਲ ਹੋਣ ਵੇਲੇ ਕੋਈ ਵੀ ਵਿਅਕਤੀ ਚੁਫੇਰੇ, ਸ਼ਾਅ ਟੀ.ਵੀ. ਐਂਡ ਕੇਬਲ ਸਿਸਟਮ, ਏ-ਵਨ ਟੋਇੰਗ ਇੰਕ, ਪਰਲ ਫੋਟੋਗ੍ਰਾਫੀ, ਆਦਿਕਾ ਕੁੜਤੀ, 4 ਮਿਲੀਅਨ ਪ੍ਰਾਪਟੀ ਮੈਨੇਜਮੈਂਟ, ਇਰਮ ਬੁਟੀਕ, ਸੈਂਟਰ ਫਾਰ ਨਿਊਕਮਰਜ਼, ਬੀਐਮਓ ਇੰਨਸ਼ੁਅਰੈਂਸ, ਐਕਸਪ੍ਰੈਸ ਮਨੀ ਵਲੋਂ ਲਗਾਏ ਗਏ ਟੇਬਲ ਅਤੇ ਸਟਾਲਾਂ ਤੇ ਝਾਤੀ ਮਾਰੇ ਬਗੈਰ ਨਹੀਂ ਰਹਿ ਸਕਿਆ ਜਿੱਥੇ ਵਪਾਰੀਆਂ ਨੇ ਵੱਖ ਵੱਖ ਵਸਤੂਆਂ ਖਰੀਦੋ ਫਰੋਖਤ ਲਈ ਸਜਾਈਆਂ ਹੋਈਆਂ ਸਨ ਜਾਂ ਆਪਣੇ ਕਾਰੋਬਾਰ ਦੁਆਰਾ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਸੀ।ਮਾਪੇ ਆਪਣੇ ਬੱਚਿਆਂ ਲਈ ਬਾਊਂਸਰ ਦਾ ਆਨੰਦ ਮਾਣਨ ਲਈ ਟਿਕਟ ਬਾਹਰੋਂ ਲੈ ਕੇ ਹੀ ਅੰਦਰ ਵੜਦੇ ਅਤੇ ਬੱਚੇ ਆਉਂਦਿਆਂ ਹੀ ਬਾਊਂਸਰ ਤੇ ਭੁੜਕਣਾ ਸ਼ੁਰੂ ਕਰ ਦਿੰਦੇ।ਇੰਜ ਵਿਹੰਦਿਆਂ ਵਿਹੰਦਿਆਂ ਖੇਡ ਦੀ ਗਰਾਊਂਡ ਪੰਜਾਬ ਦੇ ਪਿੰਡ ਵਿੱਚ ਲਗਣ ਵਾਲੇ ਮੇਲੇ ਦਾ ਰੂਪ ਧਾਰਨ ਕਰਦੀ ਗਈ।ਸਮੋਸੇ, ਡੋਸਾ, ਸੁਆਦੀ ਕੁਲਫੀ ਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਵਾਲੇ ਸਟਾਲਾਂ ਤੇ ਲਗੀਆਂ ਲਾਈਨਾਂ ਮੇਲੇ ਦੇ ਦ੍ਰਿਸ਼ ਨੂੰ ਹੋਰ ਲੁਭਾਉਣਾ ਬਣਾ ਰਹੀਆਂ ਸਨ।
੬:੧੫ ਵਜੇ ਮਨਜੀਤ ਪਿਆਸਾ ਅਤੇ ਸਮਰਿਧੀ ਜੀ ਨੇ ਵਿਸਾਖੀ ਮੇਲਾ-2013 ਦੀ ਸਭਿਆਚਾਰਕ ਸਟੇਜ ਬਤੌਰ ਐਮ ਸੀ ਆ ਸੰਭਾਲੀ।ਇਸ ਮੇਲੇ ਦੇ ਸੰਚਾਲਕ ਅਤੇ ਕਰਤਾ ਧਰਤਾ ਰਾਜੇਸ਼ ਅੰਗਰਾਲ ਜੀ ਨੇ ਮੇਲਾ ਵੇਖਣ ਪਹੁੰਚੇ ਦਰਸ਼ਕਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਅਤੇ ਜੀ ਆਇਆਂ ਕਿਹਾ।ਉਪਰੰਤ ਪ੍ਰੋਗਰਾਮ ਦੀ ਸ਼ੁਰੂਆਤ ਗੁਰਮੀਤ ਸਰਪਾਲ, ਗੁਰਮੀਤ ਮੱਲ੍ਹੀ, ਹਰਭਜਨ ਚੱਠਾ ਦੁਆਰਾ ਗਾਇਨ ਕੀਤੇ ਸ਼ਬਦ ‘ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ ਨਾਲ ਕੀਤੀ ਗਈ।ਫਿਰ ਤਾਂ ਜਿੰਵੇਂ ਸਭਿਆਚਾਰਕ ਨਾਚਾਂ ਦੀ ਝੜੀ ਲਗ ਗਈ।ਉਰਵਸ਼ੀ ਕਲਾ ਕੇਂਦਰ ਦੀਆਂ ਡਾਂਸਰਜ਼ ਵਲੋਂ ਦੋ ਕਲਾਸੀਕਲ ਅਤੇ ਇੱਕ ਬਾਲੀਵੁੱਡ ਨਾਚ ਪੇਸ਼ ਕੀਤਾ ਗਿਆ
ਇਸ ਵਾਰ ਦਸਤਾਰ ਸਜਾਉਣ ਅਤੇ ਗੁੱਤ ਗੁੰਦਣ ਦੇ ਮੁਕਾਬਲੇ ਕਰਵਾਏ ਜਾਣੇ ਸਨ ਸੋ ਇਸ ਵਿੱਚ ਭਾਗ ਲੈਣ ਵਾਲਿਆਂ ਨੇ ਆਪਣੇ ਨਾਮ ਰਜਿਸਟਰ ਕਰਵਾਉਣ ਲਈ ਛੇਤੀ ਹੀ ਇਸ ਸਟਾਲ ਵੱਲ ਗੇੜਾ ਮਾਰਨਾ ਸ਼ੁਰੂ ਕਰ ਦਿੱਤਾ।ਜਿੱਥੇ ਗੁਰਚਰਨ ਕੌਰ ਥਿੰਦ, ਮਨਮੋਹਨ ਸਿੰਘ ਅਤੇ ਗੁਰਮੇਲ ਸਿੰਘ ਜੀ ਇਹ ਮੁਕਾਬਲੇ ਕਰਵਾਉਣ ਲਈ ਲੋੜੀਂਦੀ ਕਾਰਵਾਈ ਕਰਨ ਵਾਸਤੇ ਭਾਟੀਆਂ ਕਲਾਥ ਹਾਊਸ ਤੋਂ ਪਹੁੰਚੀਆਂ ਪੱਗਾਂ, ਸ਼ੀਸ਼ਿਆਂ ਅਤੇ ਹੋਰ ਸਾਜੋ ਸਮਾਨ ਨਾਲ ਤਿਆਰ ਬਰ ਤਿਆਰ ਬੈਠੇ ਸਨ। 8:੦੦ ਵਜੇ ਦੇ ਕਰੀਬ ਮੁਕਾਬਲੇ ਸ਼ੁਰੂ ਹੋਣ ਵੇਲੇ ਤੱਕ ਇਹ ਸਟਾਲ ਦਰਸ਼ਕਾਂ ਦੀ ਖਿੱਚ ਦਾ ਮੁੱਖ ਕੇਂਦਰ ਬਣ ਗਿਆ ਸੀ।ਗੁਰਚਰਨ ਥਿੰਦ ਵਲੋਂ ਆਯੋਜਨ ਕੀਤੇ ਜਾ ਰਹੇ ਗੁੱਤ ਗੁੰਦਣ ਦੇ ਮੁਕਾਬਲੇ ਵਿੱਚ ਮਨੂੰ ਅੰਗਰਾਲ, ਗੁਰਤੇਜ ਸਿੱਧੂ ਅਤੇ ਨੀਲਮ ਮਦਾਨ ਨੇ ਜੱਜ ਵਜੋਂ ਸੇਵਾ ਨਿਭਾਈ ਅਤੇ ਡੌਲੀ ਨੂੰ ਵਿਨਰ ਅਤੇ ਮੌਨਿਕਾ ਨੂੰ ਤੇਜ਼, ਸੁਹਣੀ ਤੇ ਸਫਾਈ ਵਾਲੀ ਗੁੰਦੀ ਹੋਈ ਗੁੱਤ ਲਈ ਜੇਤੂ ਘੋਸ਼ਿਤ ਕੀਤਾ।ਛੋਟੀਆਂ ਬੱਚੀਆਂ ਵਿਚੋਂ ਇੱਕਮਨ ਵਿਨਰ ਅਤੇ ਹਰਜੋਤ ਰਨਰ ਰਹੀ।ਦਸਤਾਰ ਸਜਾਉਣ ਦੇ ਮੁਕਾਬਲੇ ਗੁਰਿੰਦਰਬੀਰ ਝੰਡ, ਮਨਮੋਹਨ ਸਿੰਘ ਅਤੇ ਗੁਰਮੇਲ ਸਿੰਘ ਹੋਰਾਂ ਸਿਰੇ ਚੜ੍ਹਾਏ।ਇਸ ਵਿੱਚ ਜੁਗਿੰਦਰ ਸਿਘ ਵਿਨਰ ਤੇ ਕਰਮਵੀਰ ਸਿੰਘ ਰਨਰ ਰਹੇ। ਜੇਤੂਆਂ ਨੂੰ ਮਸ਼ਹੂਰ ਡਰਾਈਵਿੰਗ ਸਕੂਲ ਦੇ ਮਾਲਕ ਸ਼੍ਰ੍ਰੀ ਪਾਲ ਅਤੇ ਸ਼੍ਰੀ ਸੰਜੀਵ ਜੀ ਵਲੋਂ ਸਰਟੀਫੀਕੇਟ ਅਤੇ ਟ੍ਰੋਪੀਕਲ ਟ੍ਰੈਵਲਜ਼ ਅਤੇ ਕੋਹਿਨੂਰ ਜਿਊਲਰਜ਼ ਵਲੋਂ ਸਪਾਂਸਰ ਕੀਤੇ ਇਨਾਮ ਵੀ ਦਿੱਤੇ ਗਏ।
।
ਦਲਜਿੰਦਰ ਸਿੰਘ ਜੌਹਲ ਦੇ ‘ਗਭਰੂ ਪੰਜਾਬੀ’ ਗਰੁੱਪ ਦੀਆਂ ਭੰਗੜਾ ਟੀਮਾਂ ਨੇ ਆਪੋ ਆਪਣੀ ਕਲਾ ਦੇ ਜੌਹਰ ਵਿਖਾ ਕੇ ਦਰਸ਼ਕਾਂ ਨੂੰ ਕੀਲੀ ਰਖਿਆ।”ਜੀਐਚਜੀ ਖਾਲਸਾ ਭੰਗੜਾ, ਕੈਲਗਰੀ” ਦੇ ਗੁਰਜੀਤ, ਸਿਮਰ, ਸਤਿੰਦਰ, ਮਨਦੀਪ, ਬਲਕਰਨ, ਬਲਵਿੰਦਰ, ਸ਼ਹਬਾਜ਼, ਸੁਖਰਾਜ ਅਤੇ ਜੋਵਨ ਸਿੰਘ ਹੁਰਾਂ ਦੀ ਟੀਮ ਨੇ ਪ੍ਰੰਪਾਰਿਕ ਅੰਦਾਜ਼ ਦਾ ਭੰਗੜਾ ਪਾਇਆ ਜਿਹਦੇ ਵਿੱਚ ਢੋਲੀ ਦੇ ਡੱਗੇ ਤੇ ਬੋਲੀਆਂ ਪਾਉਣ ਵਾਲੇ ਨੇ ਕਮਾਲ ਕਰ ਦਿੱਤਾ।
ਲੱਕੀ ਦਾਸ ਡਾਂਸਿੰਗ ਸਕੂਲ ਦੀ ਨਬੀਹਾ, ਨਿਸ਼ਮਾ, ਆਰਚੀ, ਰਮੀਹਾ, ਜ਼ਾਹੀ ਅਤੇ ਅਦਰਿਤਾ ਨੇ ਖੂਬਸੂਰਤ ਬੰਗਾਲੀ ਨਾਚ ਪੇਸ਼ ਕੀਤੇ।ਨੰਨ੍ਹੇ ਮੁੰਨ੍ਹੇ ਢਾਡੀ ਜੱਥੇ ਨੇ ਸਭ ਨੂੰ ਕੀਲ ਕੇ ਰੱਖ ਦਿੱਤਾ। ਗਤਕੇ ਦੇ ਪ੍ਰਦਰਸ਼ਨ ਵਿੱਚ ਵਿਸ਼ਵਦੀਪ, ਜਸਦੀਪ, ਰਵੀ ਕੌਰ, ਗੁਰਮਨ, ਅਜੈਪਾਲ, ਨਵਜੋਤ, ਸਹਜਬੀਰ, ਕਿਰਨਦੀਪ ਕੌਰ, ਅਤੇ ਹਰਲੀਨ ਨੇ ਇਸ ਮਾਰਸ਼ਲ ਆਰਟ ਨੂੰ ਬਾਖੂਬੀ ਪੇਸ਼ ਕੀਤਾ।ਰਵੀ ਪ੍ਰਕਾਸ਼ ਨੇ ਫਿਲਮੀ ਧੁਨ ਤੇ ਆਪਣੀ ਖੁਬਸੂਰਤ ਅਵਾਜ਼ ਵਿੱਚ ਗੀਤ ਗਾਇਆ।ਬੱਚੀ ਹਰਲੀਨ ਗਰੇਵਾਲ ਨੇ ਵਿਸਾਖੀ ਦੀ ਕਵਿਤਾ ਸੁਣਾਈ ਤੇ ਸਿਮਰਨਪ੍ਰੀਤ ਸਿੰਘ ਨੇ ਵਿਅੰਗ-ਕਵਿਤਾ ਪੇਸ਼ ਕੀਤੀ।ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ ਦੀਆਂ ਮੈਂਬਰਾਂ ਵਲੋਂ ਘਰੇਲੂ ਹਿੰਸਾ ਦੇ ਵਿਸ਼ੇ ਨੂੰ ਪੇਸ਼ ਕਰਦੇ, ਗੁਰਚਰਨ ਕੌਰ ਥਿੰਦ ਦੇ ਲਿਖੇ ਅਤੇ ਤਿਆਰ ਕਰਵਾਏ ਸਕਿੱਟ ‘ਇਨ੍ਹਾਂ ਦੀ ਵੀ ਸੁਣੋ’ ਦੀ ਪੇਸ਼ਕਾਰੀ ਨੇ ਸਭ ਨੂੰ ਵਾਹ ਵਾਹ ਕਰਨ ਲਗਾ ਦਿੱਤਾ।
ਐਮ.ਪੀ. ਦਵਿੰਦਰ ਸ਼ੋਰੀ ਉਚੇਚੇ ਇਸ ਮੇਲੇ ਵਿੱਚ ਸ਼ਾਮਲ ਹੋਏ। ਆਪਣੇ ਸੰਬੋਧਨ ਵਿੱਚ ਉਹਨਾਂ ਸਭ ਨੂੰ ਵਿਸਾਖੀ ਦੀ ਵਧਾਈ ਦਿੱਤੀ ਅਤੇ ਅਜਿਹੇ ਮੇਲੇ ਦੇ ਆਯੋਜਨ ਲਈ ਪ੍ਰਬੰਧਕਾਂ ਦੀ ਪ੍ਰਸੰਸਾ ਕੀਤੀ।ਬਿਲ ਕਾਹਲੋਂ ਜੀ ਨੇ ਇਸ ਮੁਬਾਰਕ ਦਿਨ ਤੇ ਨਸ਼ਾ ਮੁਕਤ ਸਮਾਜ ਸਿਰਜਨ ਦੀ ਗੱਲ ਕੀਤੀ। ਰੌਸ਼ਨ ਚੁੰਬਰ, ਚੇਅਰਮੈਨ ਸ਼੍ਰੀ ਗੁਰੂ ਰਵੀਦਾਸ ਸੋਸਾਇਟੀ ਆਫ ਕੈਲਗਰੀ, ਨੇ ਵਿਸਾਖੀ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਅਤੇ ਉਸ ਤੋਂ ਪਹਿਲਾਂ ਮਹਾਤਮਾ ਬੁੱਧ ਨੇ ਵੀ ਜਾਤਾਂ ਪਾਤਾਂ ਦਾ ਖੰਡਨ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਦੀ ਵਰਣ-ਵੰਡ ਪ੍ਰਣਾਲੀ ਨੂੰ ਤੋੜ ਖਾਲਸਾ ਪੰਥ ਦੀ ਸਾਜਨਾ ਕਰ ਜਾਤ ਪਾਤ ਰਹਿਤ ਸਮਾਜ ਸਿਰਜਿਆ ਅਤੇ ਸਮੁੱਚੇ ਭਾਰਤੀ ਸਮਾਜ ਨੂੰ ਸਮਾਨਤਾ ਦਾ ਦਰਜਾ ਦੇਣ ਲਈ ਡਾ: ਅੰਬੇਦਕਰ ਵਲੋਂ ਕੀਤੇ ਕਾਰਜ ਅਜੋਕੇ ਸਮੇਂ ਦੀ ਵੱਡਮੁੱਲੀ ਦੇਣ ਹਨ।ਉਹਨਾਂ ਨੇ ਅੰਬੇਦਕਰ ਜੈਅੰਤੀ ਦੀਆਂ ਵਧਾਈਆਂ ਵੀ ਸਾਂਝੀਆਂ ਕੀਤੀਆਂ।ਹਰਮੁਹਿੰਦਰ ਸਿੰਘ ਪਲਾਹਾ ਨੇ ਵੀ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਅਤੇ ਮੇਲੇ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ।
ਵਿਸਾਖੀ ਮੇਲਾ-੨੦੧੩ ਵਿੱਚ ਕਮਿਊਨਿਟੀ ਦੀਆਂ ਸਖਸ਼ੀਅਤਾਂ ਨੂੰ ਉਹਨਾਂ ਦੇ ਮਹੱਤਵ ਪੂਰਨ ਯੋਗਦਾਨ ਲਈ ਸਨਮਾਨਤ ਕੀਤਾ ਗਿਆ।ਸ਼੍ਰੀ ਬਿੱਲ ਕਾਹਲੋਂ ਜੀ ਨੂੰ ਉਹਨਾਂ ਦੇ ‘ਡਰੱਗ ਅਵੇਅਰਨੈੱਸ’ ਲਈ ਕੀਤੇ ਜਾ ਰਹੇ ਕੰਮਾਂ ਲਈ ਕਮਿਊਨਿਟੀ ਲੀਡਰ ਦੇ ਖਿਤਾਬ ਨਾਲ ਨਿਵਾਜਿਆ ਗਿਆ।ਦਲਜਿੰਦਰ ਸਿੰਘ ਜੌਹਲ, ਗੁਰਮੀਤ ਸਰਪਾਲ ਅਤੇ ਨੀਲਮ ਮਦਾਨ ਹੁਰਾਂ ਨੂੰ ਵੀ ਉਹਨਾਂ ਦੇ ਕਮਿਊਨਿਟੀ ਲਈ ਕੀਤੇ ਜਾ ਰਹੇ ਕਾਰਜਾਂ ਲਈ ਕਮਿਊਨਿਟੀ ਲੀਡਰ ਦੇ ਸਨਮਾਨ ਭੇਟ ਕੀਤੇ ਗਏ।ਇਸ ਮੇਲੇ ਦੇ ਸਮਾਗਮ ਵਿੱਚ ਸੰਜੀਵ ਮਲਹਨ ਅਤੇ ਪਾਲ ਗਰੇਵਾਲ ਨੂੰ ਵਧੀਆ ਬਿਜ਼ਨਸਮੈਨ ਵਜੋਂ ਅਤੇ ਪਾਲ ਭੁਲਰ ਤੇ ਬਿੱਲੂ ਫਗੂੜਾ ਨੂੰ ਯੰਗ ਬਿਜ਼ਨੈੱਸ ਪਰਸਨ ਵਜੋਂ ਸਨਮਾਨਿਆ ਗਿਆ। ਹਰਬੰਸ ਬੁੱਟਰ ਨੂੰ ਉਹਨਾਂ ਦੇ ਪੰਜਾਬੀ ਮੀਡੀਆ ਵਿੱਚ ਪਾਏ ਜਾ ਰਹੇ ਮਹੱਤਵ ਪੂਰਨ ਯੋਗਦਾਨ ਹਿੱਤ ਮੀਡੀਆ ਅਵਾਰਡ ਭੇਟ ਕੀਤਾ ਗਿਆ। ਗੁਰਚਰਨ ਕੌਰ ਥਿੰਦ ਨੂੰ ਉਨ੍ਹਾਂ ਦੇ ਵੱਖ ਵੱਖ ਈਵੈਂਟਸ ਨੂੰ ਨੇਪਰੇ ਚਾੜ੍ਹਨ ਵਿਚ ਪਾਏ ਜਾ ਰਹੇ ਯੋਗਦਾਨ ਅਤੇ ਸਮਾਜਿਕ, ਸਾਹਿਤਕ ਤੇ ਮੀਡੀਆ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਲਈ ਅਵਾਰਡ ਦਿੱਤਾ ਗਿਆ।
ਸ਼੍ਰੀ ਮਤੀ ਅਤੇ ਸ਼੍ਰੀ ਐਸ ਐਲ ਮੱਟੂ, ਚੇਅਰਮੈਨ ਆਈਸੀਸੀਸੀ, ਹਰਮੋਹਿੰਦਰ ਸਿੰਘ ਪਲਾਹਾ, ਪ੍ਰੈਜ਼ੀਡੈਂਟ ਐਸਏਸੀਸੀਏ,ਰੋਸ਼ਨ ਚੁੰਬਰ,ਚੇਅਰਮੈਨ ਸ਼੍ਰੀ ਗੁਰੂ ਰਵੀਦਾਸ ਸੋਸਾਇਟੀ ਕੈਲਗਰੀ, ਖਾਲਿਦ ਚੌਧਰੀ, ਅਹਿਮਦੀਆ ਸੋਸਾਇਟੀ, ਸ਼੍ਰੀ ਸੂਬਾ ਗਿੱਲ ਅਤੇ ਸ਼੍ਰੀ ਮਤੀ ਗੁੱਡੀ ਗਿੱਲ, (ਡਾਇਰੈਕਟਰ ਪੀਸੀਸੀ), ਰਮੇਸ਼ ਸ਼ਰਮਾ (ਮੈਨੇਜਰ ਸਨਕੋਰ) ਤਿਰਲੋਚਨ ਸੈਂਬੀ, ਪੰਜਾਬੀ ਲਿਖਾਰੀ ਸਭਾ, ਸਤਵਿੰਦਰ ਸਿੰਘ, ਜੱਗ ਪੰਜਾਬੀ, ਸੁਖਵੀਰ ਗਰੇਵਾਲ, ਪੰਜਾਬੀ ਟ੍ਰਿਬਿਊਨ ਅਤੇ ਰਬਿੰਦਰ ਗਿੱਲ, 4ਮਿਲੀਅਨ ਪ੍ਰਾਪਰਟੀ, ਇਸ ਮੇਲੇ ਵਿੱਚ ਸਤਿਕਾਰਤ ਪ੍ਰਾਹੁਣਿਆਂ ਵਜੋਂ ਸ਼ਾਮਲ ਹੋਏ।
ਵਿਸਾਖੀ ਮੇਲਾ-2013 ਦਾ ਭਰਵਾਂ ਇਕੱਠ ਆਨੰਦ ਮਾਣ ਰਿਹਾ ਸੀ, ਹੋਰ ਕਲਚਰਲ ਆਈਟਮ ਅਜੇ ਪੇਸ਼ ਹੋਣ ਦਾ ਇੰਤਜ਼ਾਰ ਕਰ ਰਹੇ ਸਨ ਕਿ ਘੜੀ ਦੀ ਸੂਈ ਮੇਲੇ ਦੀ ਸਮਾਪਤੀ ਦਾ ਇਸ਼ਾਰਾ ਕਰਨ ਲਗ ਪਈ।ਸਮਾਗਮ ਦੀ ਸਮਾਪਤੀ ਦੀ ਘੋਸ਼ਨਾ ਰਾਜੇਸ਼ ਅੰਗਰਾਲ ਜੀ ਨੇ ਸਭ ਦਾ ਧੰਨਵਾਦ ਕਰਦੇ ਹੋਏ ਅਤੇ ਖਾਸ ਤੌਰ ਤੇ ਪ੍ਰਬੰਧਕਾਂ ਅੰੰਿਮ੍ਰਤ ਬਰਾੜ, ਭੋਲਾ ਸਿੰਘ ਚੁਹਾਨ, ਗੁਰਚਰਨ ਥਿੰਦ, ਸਤਵੰਤ ਸੈਣੀ, ਮਨਜੀਤ ਪਿਆਸਾ, ਜੈਅੰਤ, ਸੁਰਿੰਦਰ ਭੰਡਾਰੀ, ਉਸਮਾਨ ਮਹਮੂਦ, ਗੁਰਮੀਤ ਸਰਪਾਲ, ਤੇਜੀ ਸਿੱਧੂ, ਵਿਪਨ ਬਾਬਲਾ, ਪ੍ਰਤੀ ਭੰਡਾਰੀ, ਮਨਮੋਹਨ ਸਿੰਘ, ਮਨਮੋਹਨ ਲਾਲ, ਹਰਦਿਆਲ ਸਿੰਘ, ਸ਼ਸ਼ੀ ਬਾਬਲਾ, ਸ਼ਾਲੂ, ਸਤਵੰਤ ਸਾਹਨੀ, ਇੰਦੂ ਗਾਭਾ, ਸਮਰਿਧੀ, ਪਰਮ ਸੂਰੀ, ਨੰਦਨ ਕੁਮਾਰ, ਅਰਸ਼ ਸਰਾਏ, ਗੁਰਿੰਦਰਬੀਰ ਝੰਡ, ਨੀਲਮ ਮਦਾਨ ਅਤੇ ਗੁਰਮੇਲ ਸਿੰਘ ਜੀ ਦਾ ਸ਼ੁਕਰੀਆਂ ਕਰਦੇ ਹੋਏ ਕੀਤਾ ਜਿਹਨਾਂ ਦੇ ਲੰਮੇ ਸਮੇਂ ਦੇ ਯਤਨਾਂ ਸਦਕਾ ਇਹ ਮੇਲਾ ਯਾਦਗਾਰੀ ਹੋ ਨਿਬੜਿਆ।
ਇਸ ਪ੍ਰੋਗਰਾਮ ਨੂੰ ਅਬਵ ਆਲ ਸੇਫਟੀ ਡਰਾਈਵਿੰਗ ਸਕੂਲ, ਏ੧ ਟੋਇੰਗ, ਫੇਅਰ ਡੀਲ ਫਰਨੀਚਰ, ਇਮੇਜਨ ਵੀਡੀਓ ਪ੍ਰੋਡਕਸ਼ਨਜ਼, ਜੈਸ ਟੈਂਟ ਰੈਂਟਲਜ਼, ਭਾਟੀਆ ਕਲਾਥ ਹਾਊਸ, ਡੋਸਾ ਕਿੰਗ, ਬੀਕਾਨੇਰ ਸਵੀਟਸ, ਵਿਸ਼ਕਰਮਾ ਮੋਟਰਜ਼, ਸ਼ਿਨੁੱਕ ਬੌਟਲ ਡੀਪੂ, ਕਨੇਡੀਅਨ ਪ੍ਰੋਫੈਸ਼ਨਲ ਡਰਾਈਵਿੰਗ ਸਕੂਲ, ਗਾਰਮੈਂਟ ਐਕਸਪ੍ਰੈਸ, ਨੈਸ਼ਨਲ ਬੈਸਟ (ਹਰਚਰਨ ਪਰਿਹਾਰ), ਕੋਹਿਨੂਰ ਜਿਊਲਰਜ਼ ਅਤੇ ਕੰਟਰੀ ਹਿਲਜ਼ ਟੋਇਟਾ (ਆਈਜ਼ਕ ਬਿੱਟੂ) ਵਲੋਂ ਸਪਾਂਸਰ ਕੀਤਾ ਗਿਆ।
ਓਮਨੀ ਟੀਵੀ, ਕੈਲਗਰੀ ਹੇਰਾਲਡ, ਸ਼ਾਅ ਟੀ.ਵੀ., ਸੀਬੀਸੀ ਰੇਡੀਓ, ਆਈ ਵੈੱਬ ਗਾਏ (ਵੈੱਬਸਾਈਟ ਅਤੇ ਸੋਸ਼ਲ ਮੀਡੀਆ), ਲੋਕ ਅਵਾਜ਼, ਪਾਕਿਸਤਾਨ ਪੋਸਟ, ਪੰਜਾਬੀ ਟ੍ਰਿਬਿਊਨ, ਟਾਈਮਜ਼ ਆਫ ਪੰਜਾਬ, ਦੇਸ ਪੰਜਾਬ ਟਾਈਮਜ਼, ਵਤਨੋ ਦੂਰ ਪੰਜਾਬੀ, ਪੰਜਾਬ ਪੋਸਟ, ਜੱਗ ਪੰਜਾਬੀ ਟੀ.ਵੀ., ਦਾ ਸਾਊਥ ਏਸ਼ੀਅਨ ਟਾਈਮਜ਼, ਸਿੱਖ ਵਿਰਸਾ ਅਤੇ ਗਲੋਬਲ ਹੈਡਲਾਈਨਜ਼ ਮੀਡੀਆ ਦੇ ਇਸ ਸਮਾਗਮ ਦੀ ਘਰ ਘਰ ਖਬਰ ਪਹੁੰਚਾਉਣ ਸਦਕਾ ਲੋਕਾਂ ਦਾ ਭਾਰੀ ਇਕੱਠ ਇਸ ਦਾ ਆਨੰਦ ਮਾਣ ਸਕਿਆ।
ਰਿਪੋਰਟ ਕਰਤਾ: ਗੁਰਚਰਨ ਕੌਰ ਥਿੰਦ,
ਫੋਨ : 403-293-2625