ਗੁਰਚਰਨ ਕੌਰ ਥਿੰਦ-ਬੀਤੇ ਸ਼ਨਿਚਰਵਾਰ, ਪਹਿਲੀ ਮਾਰਚ 2013 ਨੂੰ ਇਮੀਗ੍ਰੈਂਟ ਸਰਵਿਸਜ਼ ਕੈਲਗਰੀ ਵਲੋਂ ਇਮੀਗ੍ਰੈਂਟਸ ਆਫ ਡਿਸਟਿੰਕਸ਼ਨ ਅਵਾਰਡ ਪ੍ਰਦਾਨ ਕਰਨ ਲਈ 17ਵਾਂ ਗਾਲਾ ਈਵੈਂਟ ਡਾਊਨਟਾਊਨ ਦੇ ਮਸ਼ਹੂਰ ਵੈਸਟਨ ਹੋਟਲ ਵਿੱਚ ਆਯੋਜਿਤ ਕੀਤਾ ਗਿਆ।ਜਿਸ ਵਿੱਚ ਸ਼ਹਿਰ ਦੇ ਨਾਮਵਰ ਰਾਜਨੀਤਕ, ਸਮਾਜ ਸੇਵੀ ਅਤੇ ਪਤਵੰਤੇ ਸੱਜਣ ਸ਼ਾਮਲ ਹੋਏ। 35 ਸਾਲ ਪਹਿਲਾਂ ਸਥਾਪਿਤ ਹੋਈ ਇਹ ਸੰਸਥਾ ਵਲੋਂ ਪਿਛਲੇ ੧੭ ਸਾਲਾਂ ਤੋਂ ਆਰਟ ਐਂਡ ਕਲਚਰ, ਬਿਜ਼ਨਸ, ਕਮਿਊਨਿਟੀ ਸਰਵਿਸ, ਲਾਈਫ ਟਾਈਮ ਅਚੀਵਮੈਂਟਸ ਅਤੇ ਆਰਗੇਨਾਈਜ਼ਡ ਡਾਇਵਰਸਿਟੀਜ਼ ਦੇ ਖੇਤਰਾਂ ਵਿੱਚ ਉਪਲਬਧੀਆਂ ਪ੍ਰਾਪਤ ਕਰਨ ਵਾਲੇ ਕਾਮਯਾਬ ਵਿਅਕਤੀਆਂ ਨੂੰ ਸਨਮਾਨਤ ਕੀਤਾ ਜਾਂਦਾ ਹੈ। ਇਮੀਗ੍ਰੈਂਟਸ ਜਾਂ ਸ਼ਰਨਾਰਥੀ ਵਿਦਿਆਰਥੀਆਂ ਨੂੰ ਪੰਜ ਵਜ਼ੀਫ਼ੇ ਵੀ ਦਿੱਤੇ ਜਾਂਦੇ ਹਨ ਜਿਹਨਾਂ ਵਾਸਤੇ ਉਮੀਦਵਾਰ ਨੂੰ ਖੁਦ ਅਪਲਾਈ ਕਰਨਾ ਹੁੰਦਾ ਹੈ। ਬਾਕੀ ਸਭ ਵੰਨਗੀਆਂ ਲਈ ਨਾਮੀਨੇਸ਼ਨ ਪੱਤਰਾਂ ਰਾਹੀਂ ਉਮੀਦਵਾਰ ਲਏ ਜਾਂਦੇ ਹਨ। ਬਾਦ ਵਿੱਚ ਕਾਫੀ ਲੰਮੀ ਪ੍ਰਕ੍ਰਿਆ ਉਪਰੰਤ ਹਰ ਵੰਨਗੀ ਦੇ ਸਨਮਾਨ ਲਈ ਦੋ ਜਾਂ ਵੱਧ ਉਮੀਦਵਾਰਾਂ ਨੂੰ ਫਾਈਨਲਿਸਟ ਚੁਣਿਆ ਜਾਂਦਾ ਹੈ।
ਪੰਜਾਬੀ ਭਾਈਚਾਰੇ ਲਈ ਬੜੇ ਮਾਣ ਵੀ ਗੱਲ ਹੈ ਕਿ ਇਸ ਵਾਰ ‘ਰਾਇਲ ਵੁਮੇਨ ਕਲਚਰਲ ਵੁਮੇਨ ਐਸੋਸੀਏਸ਼ਨ ਕੈਲਗਰੀ’ ਦੀ ਪ੍ਰਧਾਨ ਗੁਰਮੀਤ ਸਰਪਾਲ ‘ਹਦਾਸਾ ਕਸਿੰਕੀ ਡਿਸਟਿੰਗੂਇਸ਼ਡ ਸਰਵਿਸ ਅਵਾਰਡ’ ਲਈ ਫਾਇਨਲਿਟ ਵਜੋਂ ਜੇਤੂ ਘੋਸ਼ਿਤ ਕੀਤੇ ਗਏ।ਅਜਿਹਾ ਉਹਨਾਂ ਦੀਆਂ ਇਮੀਗ੍ਰੈਂਟ ਕਮਿਊਨਿਟੀ ਲਈ ਸਿਹਤ, ਧਾਰਮਿਕ ਅਤੇ ਹੋਰ ਸਮਾਜਿਕ ਖੇਤਰਾਂ ਲਈ ਕੀਤੀਆਂ ਵਲੰਟੀਅਰ ਸੇਵਾਵਾਂ ਬਦੌਲਤ ਸੰਭਵ ਹੋ ਸਕਿਆ,17ਵੇਂ ਸਲਾਨਾ ਸਮਾਗਮ ਦੀ ਚਕਾਚੌਂਧ ਵਿੱਚ ਗੁਰਮੀਤ ਸਰਪਾਲ ਦੇ ਸਨਮਾਨ ਪ੍ਰਾਪਤ ਕਰਨ ਦੀ ਜਿੱਥੇ ਉਹਨਾਂ ਦੇ ਪਰਿਵਾਰ ਨੂੰ ਬੇਹੱਦ ਖੁਸ਼ੀ ਹੈ, ਪੰਜਾਬੀ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ ਉੱਥੇ ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ ਦੀਆਂ ਮੈਂਬਰਜ਼ ਵੀ ਖੁਸ਼ੀ ਨਾਲ ਫੁੱਲੀਆਂ ਨਹੀਂ ਸਮਾਉਂਦੀਆਂ।ਇਸ ਖੁਸ਼ੀ ਨੂੰ ਸੈਲੀਬ੍ਰੇਟ ਕਰਨ ਲਈ ਉਹਨਾਂ ਵਲੋਂ 17 ਮਾਰਚ 2013 ਨੂੰ ਸਵਾਗਤ ਰੈਸਟੋਰੈਂਟ ਵਿੱਚ ਰਲ ਕੇ ਜਸ਼ਨ ਮਨਾਏ ਜਾਣਗੇ।ਗੁਰਮੀਤ ਸਰਪਾਲ ਜੀ ਨਾਲ ਦੂਸਰੀ ਫਾਈਨਲਿਸਟ ਦਖਣੀ ਅਫਰੀਕਨ ਮੂਲ ਦੀ ਉਸ਼ਮਾਸਨੀ ਰੈਡੀ ਸਨ।ਇੱਕ ਪੰਜਾਬੀ ਵਿਦਿਆਰਥਣ ਰਾਜਬੀਰ ਢੀਂਡਸਾ ਨੂੰ ਵਜੀਫੇ ਦੀ ਉਮੀਦਵਾਰ ਐਲਾਨਿਆ ਗਿਆ।
ਇਸ ਸਨਮਾਨ ਸਮਾਰੋਹ ਵਿੱਚ 600 ਤੋਂ ਵੱਧ ਮਹਿਮਾਨ ਹਾਜ਼ਰ ਸਨ ਅਤੇ ਇਸ ਸਾਰੇ ਗਾਲਾ ਸ਼ੋਅ ਨੂੰ ਮੇਨਸਟਰੀਮ ਮੀਡੀਆ ਦੇ ਓਮਨੀ ਟੀ.ਵੀ. ਸ਼ਾਅ ਕੇਬਲ ਅਤੇ ਕੈਲਗਰੀ ਹੇਰਾਲਡ ਵਲੋਂ ਕਵਰ ਕੀਤਾ ਗਿਆ। ਇਸ ਸੰਮੇਲਨ ਵਿੱਚ ਉੱਚਪਾਏ ਦੇ ਮਨੋਰੰਜਨ ਦੀ ਮੌਜੂਦਗੀ ਨੇ ਇਸ ਸ਼ਾਮ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ।