Get Adobe Flash player

                       ਕਿਸੇ ਸਿਆਣੇ ਨੇ ਕਿਹਾ ਹੈ ਕਿ ਲੇਖਕ ਰੱਬ ਤੋਂ ਅਗਾਂਹ ਲੰਘ ਜਾਂਦਾ ਹੈ, ਕਿਉਂਜੁ ਰੱਬ ਨੇ ਤਾਂ ਜਿਹੋ ਜਿਹੀ ਦੁਨੀਆਂ ਦੀ ਸਾਜਨਾ ਕਰਨੀ ਸੀ ਕਰ ਦਿੱਤੀ ਪਰ ਲੇਖਕ ਇਸ ਦੁਨੀਆਂ ਨੂੰ ਸੰਵਾਰਦਾ ਇਹ ਦੱਸਦਾ ਹੈ ਕਿ ਦੁਨੀਆਂ ਕਿਹੋ ਜਿਹੀ ਹੋਣੀ ਚਾਹੀਦੀ ਹੈ।ਇਉਂ ਉਹ ਆਪਣੀ ਕਲਪਨਾ ਰਾਹੀਂ ਨਵਾਂ ਸੰਸਾਰ ਉਸਾਰਦਾ ਇਸ ਬੇਤਰਤੀਬੀ ਨੂੰ ਮੁੜ ਵਿਉਂਤਣ ਤਕ ਜਾਂਦਾ ਹੈ।
                        ਹਥਲੀ ਪੁਸਤਕ ‘ਸਾਡੇ ਪਿਪਲਾਂ ਦੀ ਠੰਢੀ ਠੰਢੀ ਛਾਂ’ ਗੁਰਚਰਨ ਕੌਰ ਥਿੰਦ ਦੀ ਰਚਨਾ ਵੀ ਇਸੇ ਬੇਤਰਤੀਬੀ ਨੂੰ ਸੰਵਾਰਨ ਦਾ ਉਪਰਾਲਾ ਕਰਦੀ ਪ੍ਰਤੀਤ ਹੁੰਦੀ ਹੈ।ਲੇਖਕਾ ਨੇ ਜੀਵਨ ਦੇ ਸਭ ਵੇਰਵਿਆਂ, ਆਪਸੀ ਵਰਤਾਰਿਆਂ ਜਾਂ ਨਿਭਦੇ ਸਭ ਪੱਖਾਂ ਨੂੰ ਨੀਝ ਲਾ ਕੇ ਵੇਖਿਆ, ਪੜਚੋਲਿਆ ਅਤੇ ਫੇਰ ਉਸ ਵਿਚਲੀਆਂ ਊਣਾਂ ਵੱਲ ਇਸ਼ਾਰਾ ਕਰਨ ਦੀ ਲੋਚਾ ਪਾਲ਼ੀ ਹੈ।ਪਹਿਲੇ ਜਾਂ ਸਭਿਆਚਾਰ ਵਾਲੇ ਹਿੱਸੇ ਵਿੱਚ ਉਸਦੀਆਂ ਯਾਦਾਂ ਵਿੱਚ ਪਲ਼ੀਆਂ ਪੰਜਾਬ ਦੀਆਂ ਸਭ ਕਦਰਾਂ ਕੀਮਤਾਂ ਦਾ ਉਲੇਖ ਹੈ ਜਿੰਨਾ ਦੀ ਅਣਹੋਂਦ ਨਾਲ ਹੀ ਸਾਡਾ ਜੀਵਨ ਉੱਥਲ ਪੁੱਥਲ ਹੋ ਗਿਆ ਲਗਦਾ ਹੈ। ਉਸ ਦੇ ਸ਼ਬਦ ਹਨ—
‘ ਮੇਰੀ ਸੋਚ ਉਸ ਦਮੇਂ ਦੀਆਂ ਦਹਿਲੀਜ਼ਾਂ ਤੇ ਜਾ ਖਲੋਂਦੀ ਹੈ ਜਦੋਂ ਜੰਗਲਾਂ, ਕੰਦਰਾਂ ਤੇ ਪਹਾੜਾਂ ਦੀਆਂ ਗੁਫ਼ਾਵਾਂ ਵਿੱਚ ਰਹਿਣ ਵਾਲਾ ਮਾਨਵ ਅਜੇ ਹੋਂਦ ਵਿੱਚ ਆਇਆ ਸੀ। ਨਰ ਤੇ ਮਾਦਾ ਦੇ ਰੂਪ ਵਿੱਚ, ਇਸਤ੍ਰੀ ਤੇ ਪੁਰਸ਼ ਦੇ ਰੂਪ ਵਿੱਚ ਜਦੋਂ ਦੋਵੇਂ ਬਰਾਬਰ ਸਨ।’ ਪੰਨਾ-17
                              ਇਉਂ ਲੇਖਕਾ ਜ਼ਿੰਦਗੀ ਦੇ ਆਗਾਜ਼ ਤੇ ਇਤਹਾਸ ਵਿਚਲੀਆਂ ਉਹ ਖ਼ੂਬੀਆਂ ਨੂੰ ਉਜਾਗਰ ਕਰਨਾ ਚਾਹ ਰਹੀ ਹੈ ਜਿੰਨਾ ਨੂੰ ਜੀਵਤ ਰਖਣ ਲਈ ਅੱਜ ਯਤਨ ਕੀਤੇ ਜਾ ਰਹੇ ਹਨ। ਇਸ ਕਿਤਾਬ ਨੂੰ ਪੰਜ ਭਾਗਾਂ ਵਿੱਚ ਵੰਡ ਕੇ ਵਿਸ਼ਿਆਂ ਦੀ ਵੰਨ-ਸੁਵੰਨਤਾ ਨੂੰ ਸਮੇਟਿਆ ਗਿਆ ਹੈ। ਮਿਸਾਲ ਵਜੋਂ ‘ਕਨੇਡਾ ਤੇ ਪੰਜਾਬੀ’ ਭਾਗ-੪ ਵਿੱਚ ਲੇਖਕਾ ਦੋ ਵੱਖ ਵੱਖ ਸਮਾਜਾਂ ਜਾਂ ਥਾਵਾਂ ਦਾ ਜ਼ਿਕਰ ਕਰਦੀ ਉਥੋਂ ਦੇ ਵਖਰੇਵੇਂ ਨੂੰ ਸਿੱਖਿਆ ਦੇਣ ਵੱਲ ਢਾਲਦੀ ਹੈ। ਇਹ ਸਭ ਉਹਨਾਂ ਪਾਠਕਾਂ ਲਈ ਵਧੇਰੇ ਲਾਹੇਵੰਦ ਹੈ ਜਿੰਨਾ ਦੀ ਜਨਮ-ਭੂਮੀ ਪੰਜਾਬ ਹੈ ਪਰ ਕਰਮ-ਭੂਮੀ ਕਨੇਡਾ ਹੈ। ਉਹਨਾਂ ਦੇ ਸੀਨੇ ਅੰਦਰ ਵੱਸਦਾ ਪੁਰਾਣਾ ਪੰਜਾਬ ਹੁਣ ਨੁਹਾਰ ਵਿੱਚ ਕਿਸ ਤੇਜ਼ੀ ਨਾਲ ਬਦਲ ਰਿਹਾ ਹੈ ਇਹ ਜਾਣ ਕੇ ਸਭ ਅੰਦਰ ਹੂਕ ਉੱਠਦੀ ਹੈ।ਜਿੱਥੇ ਸਭ ਖ਼ੂਬੀਆਂ ਵੱਲ ਪਿੱਠ ਕਰਕੇ ਖੜੀ ਅੱਜ ਦੀ ਪਨੀਰੀ ਆਪਣਾ ਜੀਵਨ ਮੰਡੀ ਵੱਲ ਉਲਾਰ ਰਹੀ ਹੈ।ਨਸ਼ਿਆਂ ਦੀ ਗੁਲਾਮੀ ਵਿੱਚ ਜਕੜੀ ਕਈ ਰੋਗਾਂ ਦੀ ਜਕੜ ਹੇਠ ਪਲ਼ ਰਹੀ ਹੈ। ਲਾਹਾ ਲੈਣ ਦੀ ਰੁਚੀ ਪ੍ਰਧਾਨ ਹੋ ਕੇ ਸਭ ਰਿਸ਼ਤੇ ਨਾਤਿਆਂ ਦੀ ਪਕੜ ਢਿੱਲੀ ਕਰ ਰਹੀ ਹੈ। ਲੇਖਕਾ ਇਸ ਵੱਲ ਵਿਸ਼ੇਸ਼ ਧਿਆਨ ਦਿਵਾ ਰਹੀ ਹੈ ਕਿ ਕਿਵੇਂ ਪੰਜਾਬੀਆਂ ਦੀ ਪ੍ਰਾਪਤੀ ਦਾ ਗਰਾਫ਼ ਹੇਠਾਂ ਵੱਲ ਜਾ ਰਿਹਾ ਹੈ। ਅਖ਼ਬਾਰਾਂ ਵਿੱਚ ਪਲਦੀਆਂ ਸੁਰਖ਼ੀਆਂ ਜਿੱਥੇ ਰਿਸ਼ਤਿਆਂ ਦੇ ਨਿਘਾਰ ਦੀ ਗਾਥਾ ਉਲੀਕ ਕੇ ਇਸ ਦਾ ਸਬੂਤ ਦੇ ਰਹੀਆਂ ਹਨ। ਬੁੱਧੀਜੀਵੀਆਂ ਨੂੰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ। ਇਹ ਲੇਖਕਾ ਦੀ ਦੁਬਿਧਾ ਹੈ।ਦੁਰਭਾਗ ਵਸ ਪੰਜਾਬ ਦੀ ਸਮੁੱਚੀ ਸੁਰ ਉਦਾਸ ਹੈ ਜਿਸ ਬਾਰੇ ਸਭ ਚਿੰਤਤ ਕਿਸੇ ਹੱਲ ਦੀ ਤਲਾਸ਼ ਵਲ ਰੁਚਿਤ ਹਨ। ਲੇਖਕਾ ਦਾ ਇਹ ਯਤਨ ਕਿ ਸੱਮਸਿਆ ਨੂੰ ਸ਼ਾਬਦਿਕ ਸੁਰ ਨਾਲ ਠੀਕ ਕੀਤਾ ਜਾ ਸਕਦਾ ਹੈ ਸ਼ਾਇਦ ਹੁਣ ਕਾਰਗਰ ਨਜ਼ਰ ਨਹੀਂ ਆਉਂਦਾ। ਲੇਖਕਾ ਨੇ ਨਸੀਹਤ ਕਰਨ ਵਾਂਗ ਕਈ ਥਾਂਈਂ ਹੱਲ ਇਉਂ ਪੇਸ਼ ਕੀਤਾ ਹੈ—
1. ਮੇਰੀ ਸਭ ਭੈਣ ਭਰਾਵਾਂ ਨੂੰ ਬੇਨਤੀ ਕਿ ਆਓ ਇਸ ਤਬਦੀਲੀ ਵਿੱਚ ਕੁੱਝ ਸਾਰਥਿਕ ਤਬਦੀਲੀ ਲਿਆਈਏ ਜੋ ਸਾਡੇ ਸਭਿਆਚਾਰ, ਸਾਡੇ ਵਾਤਾਵਰਣ ਤੇ ਖਾਸ ਤੌਰ ਤੇ ਵਿਆਹ—–ਸੱਮਸਿਆਵਾਂ ਨੂੰ ਠੱਲ੍ਹ ਪਾਉਣ। ਪੰਨਾ-16
2.  ਆਓ ਆਪਾਂ ਸਾਰੇ ਲੱਭੀਏ ਸਾਡਾ ਕਾਨੂੰਨ ਕਿੱਥੇ ਗੁਆਚ ਗਿਆ? ਕਿਉਂ ਗੁਆਚ ਗਿਆ? ਪੰਨਾ-41
3. ਪੰਜਾਬ ਦੇ ਵਾਸੀਓ! ਭੈਣੋ, ਵੀਰੋ, ਬੱਚੇ ਤੇ ਬੱਚੀਓ ਸੁਚੇਤ ਹੋਣ ਦੀ ਲੋੜ ਹੈ। ਪੰਨਾ-81
                       ਵਿਸ਼ਿਆਂ ਦੀ ਵੰਨ-ਸੁਵੰਨਤਾ ਨਾਲ ਲੇਖਕਾ ਨੇ ਸਮਾਜਿਕ ਅਤੇ ਮਾਨਸਿਕ ਮਸਲਿਆਂ ਵੱਲ ਇਸ਼ਾਰਾ ਕੀਤਾ ਹੈ।ਇਹ ਪੁਸਤਕ ਕਈ ਪਸਾਰਾਂ ਨੂੰ ਹੱਥ ਪਾਉਂਦੀ ਹੈ। ਲੇਖਕਾ ਹੰਢਾਏ ਅਨੁਭਵ, ਆਲੇ ਦੁਆਲੇ ਵਾਪਰਦੀਆਂ ਨਿੱਤ ਦੀਆਂ ਘਟਨਾਵਾਂ ਜਾਂ ਆਮ ਬੋਲ ਚਾਲ ਵਿੱਚ ਹੰਢਦੇ ਵਿਚਾਰਾਂ ਨੂੰ ਕਲਮ ਹੇਠ ਲਿਆਉਂਦੀ ਹੈ।ਇਸ ਵਿੱਚ ਸ਼ੱਕ ਨਹੀਂ ਕਿ ਅੱਜ ਦੀ ਇਸ ਪਲ ਪਲ ਤਬਦੀਲੀ ਨੂੰ ਲੰਘ ਚਲੀ ਪੀੜ੍ਹੀ ਅਵਾਕ ਹੋ ਕੇ ਦੇਖਦੀ ਹੈਰਾਨ ਹੀ ਨਹੀਂ ਪਰੇਸ਼ਾਨ ਵੀ ਹੋ ਰਹੀ ਹੈ। ਵਸਤਾਂ ਵਾਂਗ ਰਿਸ਼ਤਿਆਂ ਦੀ ਬਦਲੀ ਨਾਲ ਸਾਡੀਆਂ ਸਭ ਹੋਈਆਂ ਬੀਤੀਆਂ ਸੱਜਰੀਆਂ ਹੋ ਖੜ੍ਹਦੀਆਂ ਹਨ। ਅਸੀਂ ਕਦਰਾਂ ਕੀਮਤਾਂ ਦੇ ਇਸ ਨਿਘਾਰ ਨੂੰ ਜਾਂ ਮੰਡੀ ਅਤੇ ਲਾਹੇ ਨੂੰ ਸੇਧਤ ਇਸ ਜੀਵਨ ਦੇ ਬੋਲਬਾਲੇ ਨੂੰ ਉਲੱਦ ਕੇ ਜਾਂ ਰੱਦ ਕਰਕੇ ਰੂਹ ਦੀ ਖ਼ਾਰਜ ਹੋ ਰਹੀ ਥਾਂ ਭਰਨੀ ਲੋਚਦੇ ਹਾਂ ਪਰ ਤਬਦੀਲੀ ਦੀ ਰਫ਼ਤਾਰ ਹੋਰ ਤੇਜ਼ ਹੋ ਰਹੀ ਹੈ। ਸਾਡੀਆਂ ਨਸੀਹਤਾਂ ਇਸ ਤਬਦੀਲੀ ਦੇ ਵਹਿਣ ਅੱਗੇ ਡੱਕਾ ਰੱਖਣ ਵਰਗੀਆਂ ਲਗਦੀਆਂ ਹਨ।
                                     ਲੇਖਕਾ ਨੇ ਸ਼ਾਬਦਿਕ ਜੰਜਾਲ ਦੀ ਥਾਂ ਸਰਲ, ਸਾਦੀ ਅਤੇ ਸਪਸ਼ਟ ਬੋਲੀ ਵਿੱਚ ਬਿਆਨ ਉਸਾਰਿਆ ਹੈ। ਦੁਆਲੇ ਵਾਪਰਦੇ ਕਾਰਜ ਜਾਂ ਆਮ ਬੋਲ ਚਾਲ ਵਿਚੋਂ ਵਿਸ਼ੇ ਚੁਰਾ ਕੇ ਜੀਵਨ ਸੇਧ ਦੇਣ ਦੇ ਯਤਨ ਤੇ ਹੈ। ਅੱਜ ਜਦੋਂ ਹਰ ਵਸਤ, ਹਰ ਸਬੰਧ ਜਾਂ ਸਭ ਬੋਲਾਂ ਦੀ ਕੀਮਤ ਨਿਰਧਾਰਿਤ ਹੋ ਰਹੀ ਤੇ ਮੁੱਲ ਖ਼ਾਰਜ ਹੋ ਰਿਹਾ ਹੈ ਗੁਰਚਰਨ ਕੌਰ ਥਿੰਦ ਦਾ ਨਿਰਸਵਾਰਥ ਸਮਾਜ ਉਸਾਰਨਾ ਮੁੱਲਵਾਨ ਲਗਦਾ ਹੈ। ਉਸ ਦੀ ਇਸ ਮੋਕਲ਼ੀ ਸੋਚ ਦੀ ਹਾਮੀ ਭਰਨੀ ਲਗਦੀ ਹੈ।
                                      ਤਕਨੀਕ ਪਖੋਂ ਬਿਆਨ ਇਕਹਿਰਾ, ਬਾਹਰਮੁਖੀ ਅਤੇ ਨਸੀਹਤ ਸੁਰ ਵਾਲਾ ਹੈ। ਇਸ ਦੀ ਦਿੱਖ ਕਥਾ ਵਾਲੀ ਹੈ। ਸਿਰਲੇਖ ਕੁੱਝ ਲੰਮੇਰੇ ਹਨ ਪਰ ਨਾਮਕਰਨ ਲੇਖਕ ਦੀ ਰੁਚੀ ਤੇ ਸੋਚ ਅਨੁਸਾਰ ਹੁੰਦਾ ਹੈ। ਨਿਰਸੰਦੇਹ ਗੁਰਚਰਨ ਕੌਰ ਥਿੰਦ ਆਪਣਾ ਬਣਦਾ ਯੋਗਦਾਨ ਪਾ ਕੇ ਸਮਾਜ ਨਾਲ ਹਾਂ-ਪੱਖੀ ਰਾਬਤਾ ਪਾਲ ਰਹੀ ਹੈ।

                                                                                                                                                                               ਡਾ: ਬਲਵਿੰਦਰ ਕੌਰ ਬਰਾੜ, ਪਟਿਆਲਾ