ਬਲਜਿੰਦਰ ਸੰਘਾ ਕੈਲਗਰੀ- ਪੰਜਾਬ ਵਿਚ ਇਕ ਏ.ਐੱਸ.ਆਈ. ਨੂੰ ਸ਼ਰੇਆਮ ਗੋਲੀ ਨਾਲ ਹਲਾਕ ਕਰਨ ਦੀ ਘਟਨਾ ਬਹੁਤ ਦੁੱਖਦਾਈ ਹੈ,ਪਰ ਦੁੱਖ ਇਸ ਗੱਲ ਦਾ ਵੀ ਬਹੁਤ ਹੋਇਆ ਕਿ ਪੰਜਾਬ ਦੇ ਇੱਕ ਮੁੱਖ ਅਖ਼ਬਾਰ ਵੱਲੋਂ ਮੁੱਖ ਸੁਰਖੀ ਵਿਚ ਇਸ ਘਟਨਾ ਨੂੰ ਅਸਿੱਧੇ ਢੰਗ ਨਾਲ ਨੌਜਾਵਾਨ ਪੀੜ੍ਹੀ ਉੱਤੇ ਪਏ ਪੱਛਮੀ ਪ੍ਰਭਾਵ ਨਾਲ ਜੋੜਿਆ ਗਿਆ, ਪਰ ਪੱਛਮ ਵਿਚ ਤਾਂ ਅਜਿਹਾ ਨਹੀਂ ਹੁੰਦਾ, ਪਰ ਸਾਡੀ ਆਦਤ ਬਣ ਗਈ ਹੈ ਜਾਂ ਇਕ ਰਟੀ-ਰਟਾਈ ਸ਼ਬਦਾਵਲੀ ਹੈ ਕਿ ਹਰ ਮਾੜੀ ਗੱਲ ਜਾਂ ਘਟਨਾ ਨੂੰ ਪੱਛਮ ਨਾਲ ਜੋੜ ਦਿੱਤਾ ਜਾਂਦਾ ਹੈ। ਇਸ ਖ਼ਬਰ ਵਿਚ ਅਸਲ ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਸੀ ਕਿ ਭਾਰਤ ਦੇਸ ਵਿਚ ਤਾਂ ਔਰਤ ਪੂਜਣ ਯੋਗ ਚੀਜ਼ ਹੈ, ਜਦੋਂ ਕਿ ਇਹ ਖ਼ਬਰ ਲਿਖ਼ਣ ਵਾਲੇ ਪੱਤਰਕਾਰ ਵੀਰ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਅਸਲ ਵਿਚ ਇਹ ਘਟਨਾਵਾਂ ਪਿੱਛੇ ਕਿਤੇ ਨਾ ਕਿਤੇ ਇਹੋ ਗੱਲਾਂ ਜ਼ੁੰਮੇਵਾਰ ਹਨ ਕਿ ਅਸੀ ਔਰਤ ਨੂੰ ਔਰਤ ਨਾ ਸਮਝਕੇ ਪੂਜਣਯੋਗ ਚੀਜ਼ ਸਮਝਦੇ ਹਾਂ ਅਤੇ ਇਸੇ ਬੋਝ ਥੱਲੇ ਅਚੇਤ ਹੀ ਦੱਬੀ ਭਾਰਤੀ ਔਰਤ ਆਪਣੇ ਮਸਲੇ ਅਤੇ ਰੱਖਿਆ ਆਪ ਕਰਨ ਦੀ ਬਜਾਇ ਭਰਾ, ਬਾਪ, ਪੁੱਤ ਅਤੇ ਪਤੀ ਤੇ ਨਿਰਭਰ ਹੈ ਅਤੇ ਉਸਨੂੰ ਹਰ ਥਾਂ ਆਪਣੇ ਆਪ ਨੂੰ ਸੱਚੀ ਸਾਬਤ ਕਰਨ ਲਈ ਇਹਨਾਂ ਤੋਂ ਪ੍ਰਮਾਣ ਪੱਤਰ ਲੈਣਾ ਪੈਦਾ ਹੈ। ਸ਼ਰੇਆਮ ਇੱਕ ਬਾਪ ਨੂੰ ਇਕ ਧੀ ਦੇ ਸਾਮਹਣੇ ਮਾਰ ਦਿੱਤਾ ਜਾਂਦਾ ਹੈ ਅਤੇ ਸਾਡੇ ਅਖ਼ਬਾਰ ਅਸਲ ਕਾਰਨਾਂ ਦੀ ਥਾਂ ਇਸਨੂੰ ਨੌਜਵਾਨ ਪੀੜ੍ਹੀ ਤੇ ਪੈ ਰਿਹਾ ਪੱਛਮੀ ਪ੍ਰਭਾਵ ਬੜੀ ਅਸਾਨੀ ਨਾਲ ਆਖਦੇ ਹਨ, ਪਰ ਇਹ ਘਟਨਾ ਪੱਛਮੀ ਪ੍ਰਭਾਵ ਨਹੀਂ, ਬਲਕਿ ਭਾਰਤੀ ਪ੍ਰਭਾਵ ਹੈ ਜਿਥੇ ਗੁੰਡਾਗਰਦੀ ਦਾ ਜੋਰ ਹੈ, ਕਾਨੂੰਨ ਚੋਰ-ਮੋਰੀਆਂ ਤੇ ਸੱਚ ਦੇ ਰਾਹ ‘ਚੋ ਅੜਿੱਕੇ ਖੜੇ ਕਰਦਾ ਹੈ, ਹਰ ਪਾਰਟੀ ਹਰ ਘਟਨਾ ਦਾ ਸਿਆਸੀ ਲਾਭ ਲੈਣ ਲਈ ਉਤਾਵਲੀ ਹੈ, ਬਾਕੀ ਜੋ ਵੀ ਹੈ ਆਪ ਸਭ ਨੂੰ ਪਤਾ ਹੈ।