ਕਮਲਪ੍ਰੀਤ ਪੰਧੇਰ ਕੈਲਗਰੀ -ਪ੍ਰੋਗਰੈਸਿਵ ਵੋਮੈਨ ਕਲਚਰਲ ਅਤੇ ਵੈਲਫੇਅਰ ਐਸ਼ੋਸੀਏਸ਼ਨ ਕੈਲਗਰੀ ਵੱਲੋਂ ਕਰਵਾਇਆ ਗਿਆ ਪਹਿਲਾ ਸਲਾਨਾ ਸਭਿਆਚਾਰਕ ਸਮਾਗਮ ਉਸਾਰੂ ਸਭਿਆਚਾਰਕ ਕਦਰਾਂ-ਕੀਮਤਾਂ ਦਾ ਸੁਨੇਹਾ ਦੇਣ ਵਿਚ ਪੂਰਨ ਰੂਪ ਵਿਚ ਸਫਲ ਰਿਹਾ। ਲੇਖਿਕਾ ਸੁਰਿੰਦਰ ਕੌਰ ਗੀਤ ਨੇ ਸਮਾਗਮ ਦੀ ਸ਼ਰੂਆਤ ਕਰਦਿਆਂ ਸਟੇਜ ਤੋਂ ਕਿਹਾ ਕਿ ਸਮਾਜਿਕ ਕਦਰਾਂ-ਕੀਮਤਾਂ ਨੂੰ ਤਬਾਹੀ ਵੱਲ ਧੱਕ ਰਹੇ ਲੱਚਰ ਸੱਭਿਆਚਾਰ ਨੂੰ ਭਾਂਜ ਦੇਣ ਲਈ ਉਸਾਰੂ ਸੱਭਿਆਚਾਰ ਨੂੰ ਆਮ ਲੋਕਾਂ ਵਿੱਚ ਪ੍ਰਚਾਰਨਾ ਸਾਡੀ ਐਸ਼ੋਸੀਏਸ਼ਨ ਦਾ ਮੁੱਖ ਮੰਤਵ ਹੈ। ਸਭ ਤੋਂ ਪਹਿਲਾ ਨੌਜਵਾਨ ਕੁੜੀ ਸੁਮਨ ਨੇ ਇੱਕ ਵਧੀਆਂ ਵਿਸ਼ੇ ਦਾ ਗੀਤ ਗਾਇਆ। ਲੰਬੀ ਹੇਕ ਵਾਲਾ ਗੀਤ ਔਰਤਾਂ ਦੇ ਗਰੁੱਪ ਵੱਲੋਂ ਗਾਇਆ ਗਿਆ, ਜਿਸ ਵਿਚ ਜੈਸੀ ਸਿੰਘ, ਕਮਲ ਢਿੱਲੋਂ, ਜੈਸ ਆਦਿ ਨੇ ਭਾਗ ਲਿਆ। ਜਦੋਂ ਪ੍ਰੋਗਰੈਸਿਵ ਕਲਚਰਲ ਐਸ਼ੋਸੀਏਸ਼ਨ ਕੈਲਗਰੀ ਦੀ ਨਾਟਕ ਟੀਮ ਵੱਲੋਂ ਡਾਇਰੈਕਟਰ ਕਮਲਪ੍ਰੀਤ ਪੰਧੇਰ ਦੀ ਨਿਰਦੇਸ਼ਨਾਂ ਹੇਠ ਗੁਰਦਾਸ ਮਾਨ ਦੇ ਗੀਤ ਤੇ ਅਧਾਰਿਤ ਕੋਰਿਓਗ੍ਰਫੀ ‘ਕੁੜੀਏ ਕਿਸਮਤ ਪੁੜੀਏ’ ਪੇਸ਼ ਹੋਈ ਤਾਂ ਸਾਰਾ ਮਹੋਲ ਇਕਦਮ ਸੰਜੀਦਾ ਹੋ ਗਿਆ। ਭਰੇ ਹਾਲ ਵਿਚ ਸਭ ਔਰਤਾਂ ਦੀਆਂ ਅੱਖਾਂ ਨਮ ਹੋ ਗਈਆਂ। ਇਸ ਵਿਚ ਕਮਲਪ੍ਰੀਤ ਪੰਧੇਰ, ਸੁਖਜੀਵਨ ਗਿੱਲ, ਪ੍ਰਿਆ, ਹਰਮੀਨ ਗਰੇਵਾਲ, ਅਸਰæਦੀਪ, ਸਲਦੀਪ, ਗੁਰਪ੍ਰੀਤ, ਸਹਿਜ ਪੰਧੇਰ, ਚੰਨਪ੍ਰੀਤ ਆਦਿ ਪਾਤਰਾਂ ਨੇ ਭਾਗ ਲਿਆ। ਕਮਲ੍ਰੀਤ ਪੰਧੇਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਵਿਚ ਮਰਦ ਦੀ ਪ੍ਰਧਾਨਗੀ ਕਾਰਨ ਔਰਤਾਂ ਨਾਲ ਵਿਕਸਤ ਅਤੇ ਸੱਭਿਅਕ ਕਹਾਉਣ ਵਾਲੇ ਕੈਨੇਡਾ ਵਰਗੇ ਦੇਸ਼ਾਂ ਵਿਚ ਵੀ ਧੱਕੇ ਹੋ ਰਹੇ ਹਨ। ਅੋਰਤ ਜਾਤ ਨੂੰ ਮੰਡੀ ਦੀ ਵਸਤੂ ਬਣਾਕੇ ਪੇਸ਼ ਕੀਤਾ ਜਾ ਰਿਹਾ ਹੈ। ਪੱਖਪਾਤ ਦਾ ਬੋਲਬਾਲ ਹੋਣ ਕਰਦੇ ਅਰੁੰਧਤੀ ਰਾਏ, ਕਲਪਨਾ ਚਾਵਲਾ, ਸੋਨੀ ਸ਼ੋਰੀ ਅਤੇ ਮਨੀਪੁਰ ਦੀ ਅਰੋਮਾ ਸ਼ਰਮੀਲਾ ਜੋ 12 ਸਾਲ ਤੋਂ ਫੌਜ਼ ਦੇ ਜੁæਲਮਾਂ ਖਿਲਾਫ ਭੁੱਖ ਹੜਤਾਲ ਤੇ ਹੈ ਨੂੰ ਮੀਡੀਏ ਵੱਲੋਂ ਬਣਦਾ ਸਥਾਨ ਨਹੀਂ ਦਿੱਤਾ ਜਾ ਰਿਹਾ। ਇਸ ਤੋਂ ਇਲਾਵਾ ਫੈਂਸੀ ਡਰੈਸ, ਗਿੱਧਾ ਅਤੇ ਰਵਾਇਤੀ ਪਹਿਰਾਵੇ ਵਿਚ ਸਜੀਆਂ ਅੋਰਤਾਂ ਨੇ ਮਹੌਲ ਨੂੰ ਖ਼ੁਸ਼ਗਵਾਰ ਬਣਾਇਆ। ਰੋਮੀ, ਸੁਖੂ, ਕਰਮਜੀਤ ਨੇ ਗੀਤ ਅਤੇ ਰੂਬੀ ਨੇ ਗੀਤ ਤੇ ਡਾਂਸ ਕਰਕੇ ਆਪਣੀ ਕਲਾ ਦੇ ਰੰਗ ਬਖੇਰੇ। ਕਮਲਦੀਪ ਢਿੱਲੋਂ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਔਰਤ ਨੂੰ ਸਵੈਮਾਣ ਅਤੇ ਮਰਦਾਂ ਬਰਾਬਰ ਹੱਕ ਪ੍ਰਪਾਤ ਕਰਨ ਲਈ ਚੇਤੰਨ ਹੋਣ ਦੀ ਲੌੜ ਹੈ ਅਤੇ ਉਹਨਾਂ ਵਾਅਦੇ ਨਾਲ ਕਿਹਾ ਕਿ ਸਾਡੀ ਐਸ਼ੋਸੀਏਸ਼ਨ ਕੈਲਗਰੀ ਵਿਚ ਉਸਾਰੂ ਸੱਭਿਆਦਾਰ ਨੂੰ ਪ੍ਰਫੁੱਲਤ ਕਰਨ ਅਤੇ ਸਮਾਜਕ ਕੁਰੀਤੀਆਂ ਖਿਲਾਫ ਡਟਕੇ ਖੜੇਗੀ। ਵਧੇਰੇ ਜਾਣਕਾਰੀ ਲਈ ਪ੍ਰਧਾਨ ਕਮਲਦੀਪ ਢਿੱਲੋਂ ਨਾਲ 403-590-3500 ਤੇ ਸਪੰਰਕ ਕੀਤਾ ਜਾ ਸਕਦਾ ਹੈ।