ਬਲਜਿੰਦਰ ਸੰਘਾ-ਗਾਇਕ ਚਰਨਜੀਤ ਵਿੱਕੀ ਦੀ ਨਵੀਂ ਆ ਰਹੀ ਐਲਬੰਮ ‘ਮਸਤੀ,ਦਾ ਫਨ’ ਜਿਸਦੇ ਸਾਰੇ ਗੀਤ ਸੁਰ, ਸੰਗੀਤ, ਬੀਟ ਦਾ ਕਮਾਲ ਤਾਂ ਹਨ ਹੀ ਨਾਲ ਸਾਮਜ ਨੂੰ ਮਨੋਰੰਜਨ ਦੇ ਨਾਲ-ਨਾਲ ਸਿੱਖਿਆ ਵੀ ਦਿੰਦੇ ਹਨ। ਟਾਇਟਲ ਗੀਤ ‘ਮਸਤੀ,ਦਾ ਫਨ’ ਜਿੱਥੇ ਮਨੋਰੰਜਨ ਦਾ ਕਮਾਲ ਹੋ ਨਿੱਬੜੇਗਾ ਉੱਥੇ ਮਾਪਿਆਂ ਦੇ ਕਹਿਣੇ ਵਿਚ ਰਹਿਣ ਦੀ ਸਿੱਖਿਆ ਵੀ ਦੇਵੇਗਾ। ਗੀਤ ‘ਬੀਬਾ ਮੁੰਡਾ’ ਨੌਜਵਾਨ ਪੀੜ੍ਹੀ ਨੂੰ ਚੰਗੇ ਸੱਭਿਅਕ ਢੰਗ ਨਾਲ ਸਮਾਜ ਵਿਚ ਵਿਚਰਨ ਦੇ ਗੁਣ ਦੱਸੇਗਾ। ਇਸਤੋਂ ਇਲਾਵਾ ਬਾਕੀ ਗੀਤ ਵੀ ਕੰਨਰਸ ਅਤੇ ਰੈਪ ਦੇ ਨਵੇਂ ਦਿੱਸਹੱਦੇ ਪਾਰ ਕਰਨ ਦੀ ਸਮੱਰਥਾਂ ਰੱਖਦੇ ਹਨ। ਗੀਤਕਾਰੀ ਚਰਨਜੀਤ ਵਿੱਕੀ ਅਤੇ ਬਲਜਿੰਦਰ ਸੰਘਾ ਦੀ ਹੈ। ਕੁਲਾਰ ਇੰਟਰਟੇਨਰ ਅਤੇ ਬਲਜਿੰਦਰ ਸੰਘਾ ਵੱਲੋਂ ਨਵੇਂ ਸਾਲ ਦੇ ਅਰੰਭ ਵਿਚ ਇਹ ਐਲਬਮ ਦੁਨੀਆਂ ਭਰ ਵਿਚ ਰੀਲੀਜ਼ ਕੀਤੀ ਜਾਵੇਗੀ। ਐਲਬੰਮ ਦੇ ਕਈ ਗੀਤਾਂ ਦੀ ਵੀਡੀਓ ਕੈਲਗਰੀ ਸ਼ਹਿਰ ਵਿਚ ਬਣ ਰਹੀ ਹੈ। ਇਸ ਐਲਬੰਮ ਦਾ ਪੋਸਟਰ ਕੈਲਗਰੀ ਵਿਚ ਲੇਖਕਾਂ ਅਤੇ ਮੀਡੀਆ ਹਸਤੀਆਂ ਦੀ ਹਾਜ਼ਰੀ ਵਿਚ ਰੀਲੀਜ਼ ਕੀਤਾ ਗਿਆ। ਗਾਇਕ ਚਰਨਜੀਤ ਵਿੱਕੀ ਨੇ ਜਿੱਥੇ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ ਉੱਥੇ ਇਸ ਐਲਬੰਮ ਦੇ ਇਕ ਗੀਤ ਦੀਆਂ ਸੱਤਰਾਂ ਵੀ ਸਾਂਝੀਆ ਕਰਦਿਆਂ ਸਭ ਨੂੰ ਇਕ ਦਸੰਬਰ ਨੂੰ ਵਾਈਟਹੋਰਨ ਹਾਲ ਕੈਲਗਰੀ ਵਿਚ ਠੀਕ ਦੋ ਵਜੇ ਪਹੁੰਚਣ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਇਸ ਦਿਨ ਟਾਇਟਲ ਗੀਤ ਦਾ ਲਾਈਵ ਅਖਾੜਾ ਫਿਲਮਾਇਆ ਜਾਵੇਗਾ । ਅਖੀਰ ਵਿਚ ਸਭ ਹਾਜ਼ਰੀਨ ਤੋਂ ਪਹਿਲਾ ਮਾਰਕੀਟ ਵਿਚ ਆ ਚੁੱਕੀਆਂ ਦੋ ਐਲਬੰਮਾਂ ਦੀ ਤਰ੍ਹਾਂ ਭਰਪੂਰ ਹੁੰਗਾਰੇ ਦੀ ਆਸ ਕੀਤੀ।