ਬਲਜਿੰਦਰ ਸੰਘਾ ਕੈਲਗਰੀ – ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਉੱਘੇ ਲੇਖਕ ਅਤੇ ਬੁੱਧੀਜਵੀ ਡਾ ਗੁਰਭਜਨ ਸਿੰਘ ਗਿੱਲ ਡਰੱਗ ਅਵੇਅਰਨੈਸ
ਫਾਉਡੇਸ਼ਨ ਕੈਲਗਰੀ ਅਤੇ ਲੇਖਕ ਸਭਾਵਾਂ ਦੇ ਸਹਿਯੋਗ ਨਾਲ ਵਾਈਟਰਹੌਰਨ ਕਮਿਊਨਟੀ ਹਾਲ ਕੈਲਗਰੀ ਵਿਚ ਸਰੋਤਿਆਂ ਦੇ ਰੂਬਰੂ ਹੋਏ। ਪ੍ਰਧਾਨਗੀਮੰਡਲ ਵਿਚ ਬਲਵਿੰਦਰ ਸਿੰਘ ਕਾਹਲੋਂ, ਡਾ ਗੁਰਭਜਨ ਸਿੰਘ ਗਿੱਲ ਅਤੇ ਭਜਨ ਸਿੰਘ ਬਾਜਵਾ ਸਾæਮਿਲ ਸਨ। ਸਟੇਜ ਦੀ ਜ਼ਿੰਮੇਵਾਰੀ ਜਸਪਾਲ ਸਿੰਘ ਨੇ ਨਿਭਾਈ। ਬੀਜਾ ਰਾਮ ਨੇ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸਤੋਂ ਬਾਅਦ ਤਰਲੋਚਨ ਸੈਂਭੀ ਨੇ ਗੁਰਭਜਨ ਗਿੱਲ ਦੇ ਗੀਤ ‘ਅੱਜ ਕੱਲ ਦਿੱਲੀਏ ਉਦਾਸ ਜਿਹੀ ਰਹਿਨੀ ਏ’ ਆਪਣੀ ਸੁਰੀਲੀ ਅਵਾਜ਼ ਵਿਚ ਸੁਣਾਇਆ, ਮਹਿੰਦਰਪਾਲ ਸਿੰਘ ਪਾਲ,
ਸੁਰਿੰਦਰ ਗੀਤ ਅਤੇ ਬਲਜਿੰਦਰ ਸੰਘਾ ਨੇ ਨਸ਼ਿਆਂ ਦੇ ਵਿਰੁੱਧ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਡਰੱਗ ਅਵੇਅਨੈਸ ਫਾਉਡੇਸ਼ਨ ਦੇ ਮੁੱਖ ਕਾਰਜਕਰਤਾ ਬਲਵਿੰਦਰ ਸਿੰਘ ਕਾਹਲੋਂ ਨੇ ਨਸ਼ਿਆ ਦੀ ਨਾਮੁਰਾਦ ਬੀਮਾਰੀ ਬਾਰੇ ਬੜੇ ਸੌਖੇ ਸ਼ਬਦਾ ਵਿਚ ਕਿਹਾ ਕਿ ਇਹ ਬਿਮਾਰੀ ਸਮਾਜ ਦੀ ਦੇਣ ਹੈ ਅਤੇ ਇਸਨੂੰ ਸਮਾਜ ਵਿਚ ਰਹਿੰਦਿਆਂ ਹੀ ਖ਼ਤਮ ਕੀਤਾ ਜਾ ਸਕਦਾ ਹੈ ਲੋੜ ਹੈ ਹਰ ਪਰਿਵਾਰ ਆਪਣੇ ਘਰ ਤੋਂ ਸ਼ੁਰੂ ਕਰੇ। ਸਾਡੀ ਫਾਉਡੇਸ਼ਨ ਦਾ ਮੁੱਖ ਮਕਸਦ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਲੋਕਾਂ ਨੁੰ ਜਾਗਰੁਕ ਕਰਨਾ ਹੈ। ਡਾ ਗੁਰਭਜਨ ਸਿੰਘ ਗਿੱਲ ਨੇ ਆਪਣੇ ਵਿਸਥਾਰਤ ਪਰ ਸੰਜੀਦਾ ਅਤੇ ਗਹਿਰ ਗੰਭੀਰ ਵਿਚਾਰ ਪੇਸ਼ ਕੀਤੇ ਜੋ ਲੇਖਣੀ ਤੋਂ ਸ਼ੁਰੂ ਹੋਕੇ ਨਸ਼ਿਆਂ ਦੇ ਸਮਾਜ ਉੱਤੇ ਪ੍ਰਭਾਵ ਤੱਕ ਫੈਲੇ ਹੋਏ ਸਨ। ਜਿਹਨਾਂ ਨੂੰ ਭਰੇ ਹਾਲ ਦੇ ਸਰੋਤਿਆਂ ਨੇ ਬੜੀ ਰੀਝ ਨਾਲ ਸੁਣਿਆ। ਉਹਨਾਂ ਕਿਹਾ ਕਿ ਘਰਾਂ ‘ਚੋ ਹੋ ਰਹੀ ਕਿਤਾਬਾਂ ਦੀ ਗੈਰਹਾਜ਼ਰੀ ਘਾਤਕ ਹੈ ਦੂਸਰੇ ਪਾਸੇ ਪੁਸਤਕ ਦੀ ਉਕਾਤ ਨਿੱਕੀ ਹੋਣ ਕਰਕੇ ਵੀ ਸਰੋਤਾ ਵਰਗ ਸੁੰਗੜ ਰਿਹਾ ਹੈ। ਨਸ਼ੇ ਮਨੁੱਖ ਦਾ ਸਵੈ-ਵਿਸ਼ਵਾਸ਼ ਅਤੇ ਉਸਾਰੂ ਗਤੀਵਿਧੀਆਂ ਖਾ ਜਾਂਦੇ ਹਨ। ਉਹਨਾਂ ਡਰੱਗ ਅਵੇਅਨੈਸ ਫਾਊਡੇਸ਼ਨ ਦੇ ਕੀਤੇ ਜਾ ਰਹੇ ਕੰਮ ਨੂੰ ਆਸ ਦੀ ਕਿਰਨ ਆਖਿਆ। ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਨੇ ਪੰਜਾਬੀ ਲਿਖ਼ਾਰੀ ਸਭਾ ਵੱਲੋਂ ਡਾ ਗੁਰਭਜਨ ਸਿੰਘ ਗਿੱਲ ਨੂੰ ਆਪਣੀ ਇਕ ਖੂਬਸੂਰਤ ਪੇਟਿੰਗ ਭੇਂਟ ਕੀਤੀ।