ਸੁਖਵੀਰ ਗਰੇਵਾਲ ਕੈਲਗਰੀ – ਕਨੇਡਾ ਦੇ ਵਰਕ ਕਲਚਰ ਦਾ ਇਕ ਦੁਖਦਾਈ ਪਹਿਲੂ ਇਹ ਵੀ ਹੈ ਕਿ ਪੰਜਾਬ ਤੋਂ ਆਕੇ ਇਸ ਮੁਲਕ ‘ਚ ਵਸੇ ਕਲਾ ਅਤੇ ਸਾਹਿਤ ਦੇ ਕਈ ਰਸੀਏ ਇਸ ਮੁਲਕ ਦੇ ਸਿਸਟਮ ‘ਚ ਅਜਿਹੇ ਫਸੇ ਕਿ ਆਪਣੇ ਸ਼ੋਕ ਤੋਂ ਵਿਰਵੇ ਹੋ ਗਏ। ਫਿਰ ਵੀ ਕਿਤੇ-ਕਿਤੇ ਅਜਿਹੀ ਮਿਸਾਲ ਮਿਲਦੀ
ਹੈ ਕਿ ਕੰਮਾਂ-ਕਾਰਾਂ ਦੇ ਬਾਵਜੂਦ ਕੁਝ ਲੋਕਾਂ ਨੇ ਸ਼ੌਕ ਨਹੀਂ ਮਰਨ ਦਿੱਤੇ। ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਕੇਨੇਡਾ ਵੱਲੋਂ 23 ਸਤੰਬਰ ਨੂੰ ਕਰਵਾਏ ਜਾ ਰਹੇ ਪੰਜਾਬੀ ਨਾਟ ਉਤਸਵ ਵਿਚ ਭਾਗ ਲੈ ਰਹੇ ਕਲਾਕਾਰਾਂ ਨੇ ਇਕ ਵੱਖਰੀ ਮਿਸਾਲ ਕਾਇਮ ਕੀਤੀ ਹੈ। ਇਸ ਉਸਤਵ ਵਿਚ ਇਹ ਲਹੂ ਕਿਸਦਾ ਹੈ ਅਤੇ ਮੈਂ ਫਿਰ ਆਵਾਗਾਂ ਵਰਗੇ ਉੱਘੇ ਪੰਜਾਬੀ ਨਾਟਕਾਂ ਦੀ ਪੇਸ਼ਕਾਰੀ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਦੀ ਘੋੜੀ ਦੇ ਅਧਾਰਿਤ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਜਾਵੇਗੀ। ਕਨੈਡਾ ਵਿਚ ਹੋਰ ਵੀ ਨਾਟਕ ਹੁੰਦੇ ਹਨ ਪਰ ਬਹੁਤੀ ਵਾਰ ਸਾਰੇ ਦੇ ਸਾਰੇ ਪਾਤਰ ਪੰਜਾਬ ਤੋਂ ਹੀ ਆਉਂਦੇ ਹਨ, 23 ਸਤੰਬਰ ਦੇ ਨਾਟਕਾਂ ਵਿਚ ਲੋਕ ਕਲਾ ਮੰਚ ਮੁੱਲਾਪੁਰ (ਲੁਧਿਆਣਾ) ਤੋਂ ਸੁਰੰਿਦਰ ਸ਼ਰਮਾਂ ਅਤੇ ਹਰਕੇਸ਼ ਚੌਧਰੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ । ਨਾਟਕਾ ਵਿਚ ਭਾਗ ਲੈਣ ਵਾਲੇ ਬਾਕੀ ਸਾਰੇ ਪਾਤਰ ਕਨੇਡਾ ਤੋਂ ਹਨ। ਦੋਵੇਂ ਨਾਟਕਾਂ ਦੀਆਂ ਰਿਹਰਸਲਾਂ ਮਾਸਟਰ ਭਜਨ ਸਿੰਘ ਗਿੱਲ ਦੇ ਘਰ ਵਿਚ ਪਿਛਲੇ ਕਈ ਦਿਨਾਂ ਤੋਂ ਚਲ ਰਹੀਆਂ ਹਨ। ਕਨੇਡਾ ‘ਚ ਆਮ ਵਿਆਕਤੀ ਦੀ ਕੰਮਕਾਜੀ ਜ਼ਿੰਦਗੀ ਐਨੀ ਕੁ ਸਖ਼ਤ ਹੈ ਕਿ ਸ਼ਾਮ ਨੂੰ ਵਿਆਕਤੀ ਥੱਕ-ਟੁੱਟਕੇ ਘਰ ਵੜਦਾ ਹੈ। ਪਰ ਇਹਨਾਂ ਨਾਟਕਾਂ ਦੇ ਪਾਤਰ ਦੇਰ ਰਾਤ ਤੱਕ ਨਾਟਕਾਂ ਦੀ ਰਿਹਰਸਲ ਕਰਦੇ ਹਨ। ਕਮਲਪ੍ਰੀਤ ਪੰਧੇਰ ਇਕ ਮਾਨਤਾ ਪ੍ਰਪਾਤ ਲੇਖਾ ਕਾਰ ਹੈ ਪਰ ਫਿਰ ਵੀ ਉਹ ਨਾਟਕ ਦੀ ਰਿਹਰਸਲ ਲਈ ਸਮਾਂ ਕੱਢ ਲੈਂਦੀ ਹੈ। ਸੁਖਜਿੰਦਰ ਸਿੰਘ ( ਹੈਪੀ ਦੀਵਾਲੀ), ਨਵਤੇਜ ਸਿੰਘ ਕੁੱਕੜਾਂ ਅਤੇ ਪ੍ਰਸ਼ੋਤਮ ਸਿੰਘ ਅਠੋਲੀ ਘਰਾਂ ਉੱਪਰ ਸਟੱਕੋ ਲਾਉਣ ਦਾ ਸਖ਼ਤ ਕੰਮ ਕਰਦੇ ਹਨ। ਇਹਨਾਂ ਤਿੰਨਾਂ ਦਾ ਕਹਿਣਾ ਹੈ ਕਿ ਭਾਵੇ ਸ਼ਾਮ ਤੱਕ ਉਹ ਸਰੀਰਕ ਤੌਰ ਤੇ ਪੂਰੀ ਤਰ੍ਹਾਂ ਥੱਕ ਜਾਂਦੇ ਹਨ, ਪਰ ਨਾਟਕ ਦੀ ਰਿਹਰਸਲ ਤੋਂ ਜਿਹੜਾ ਮਾਨਸਿਕ ਸਕੂਨ ਮਿਲਦਾ ਹੈ ਉਹ ਸਰੀਰਕ ਥਕਾਵਟ ਵੀ ਲਾਹ ਦਿੰਦਾ ਹੈ। ਇਕ ਹੋਰ ਪਾਤਰ ਜਸਵਿੰਦਰ ਕੌਰ ਨੌਕਰੀ ਤੋਂ ਬਾਅਦ ਪਰਿਵਾਰ ਦੀ ਦੇਖਭਾਲ ਦੇ ਬਾਵਜ਼ੂਦ ਰਿਹਰਸਲ ਤੋਂ ਨਹੀਂ ਖੁੰਝਦੀ। ਗੁਰਿੰਦਰ ਬਰਾੜ ਪੜ੍ਹਾਈ ਕਰ ਰਿਹਾ ਹੈ।ਇਸ ਤਰ੍ਹਾਂ ਇਹਨਾਂ ਪਾਤਰਾਂ ਦੀ ਪੰਜਾਬੀ ਥੀਏਟਰ ਪ੍ਰਤੀ ਸਮਰਪਿਤ ਭਾਵਨਾ ਤੋਂ ਸਪਸ਼ਟ ਹੈ ਕਿ ਕਨੇਡਾ ਵਰਗੇ ਮੁਲਕ ‘ਚ ਆਕੇ ਵੀ ਸ਼ੋਕ ਦਾ ਝੰਡਾ ਬੁਲੰਦ ਰੱਖਿਆ ਜਾ ਸਕਦਾ ਹੈ।