Get Adobe Flash player

ਸੁਖਵੀਰ ਗਰੇਵਾਲ- ਇੰਮੀਗਰੇਸ਼ਨ ਨਿਯਮਾਂ ਵਿਚ ਵੱਡੀ ਪੱਧਰ ਤੇ ਫੇਰਬਦਲ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਨੇ ਇੰਮੀਗਰੇਸ਼ਨ ਫਰਾਡਾਂ ਵਿਰੁੱਧ ਸਖਤੀ ਦੀ ਤਿਆਰੀ ਕਰ ਲਈ ਹੈ। ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਕਰੀਬ 11 ਹਜ਼ਾਰ ਲੋਕਾਂ ਨੇ ਝੂਠ ਬੋਲਕੇ ਜਾਂ ਗਲਤ ਦਸਤਾਵੇਜ਼ਾਂ ਦੇ ਆਧਾਰ ਤੇ ਕੈਨੇਡਾ ਦੀ ਨਾਗਰਿਕਤਾ ਹਾਸਲ ਕਰ ਲਈ ਹੈ ਅਤੇ ਇਹਨਾਂ ਵਿਚੋਂ ਬਹੁਤੇ ਅਜੇ ਵੀ ਬਤੌਰ ਪੀ ਆਰ ਕੈਨੇਡਾ ਵਿਚ ਰਹਿ ਰਹੇ ਹਨ। ਕੈਨੇਡਾ ਦੇ ਇੰਮੀਗਰੇਸ਼ਨ ਮੰਤਰੀ ਜੇਸਨ ਕੈਨੀ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਜਿਹੜੇ ਲੋਕਾਂ ਨੇ ਗਲਤ ਤਰੀਕੇ ਨਾਲ ਕੈਨੇਡੀਅਨ ਨਾਗਰਿਕਤਾ ਜਾਂ ਪੀ ਆਰ ਕਾਰਡ ਹਾਸਲ ਕੀਤਾ ਹੈ ਉਹਨਾਂ ਵਿਰੁੱਧ ਕੈਨੇਡਾ ਦੇ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ। ਕੈਨੇਡਾ ਦੇ ਇੰਮੀਗਰੇਸ਼ਨ ਵਿਭਾਗ ਨੇ ਪਿਛਲੇ ਸਾਲ ਇਸ ਘਪਲੇ ਦੀ ਜਾਂਚ ਸ਼ੁਰੂ ਕੀਤੀ ਸੀ। ਪਹਿਲੇ ਗੇੜ ਦੀ ਜਾਂਚ ਦੌਰਾਨ 3100 ਲੋਕਾਂ ਦੇ ਨਾਮ ਸਾਹਮਣੇ ਆਏ ਸਨ। ਕੈਨੇਡੀਅਨ ਬਾਰਡਰ ਸਰਵਿਸਜ਼ ਏਜੰਸੀ ਅਤੇ ਰਾਇਲ ਕੈਨੇਡੀਅਨ ਪੁਲੀਸ ਵੱਲੋਂ ਇੰਮੀਗਰੇਸ਼ਨ ਮੰਤਰਾਲੇ ਨਾਲ ਮਿਲਕੇ ਕੀਤੀ ਜਾ ਰਹੀ ਇਸ ਜਾਂਚ ਦੇ ਘੇਰੇ ਵਿਚ ਹੁਣ ਤੱਕ 11 ਹਜ਼ਾਰ ਲੋਕਾਂ ਦੇ ਨਾਮ ਸਾਹਮਣੇ ਆਏ ਹਨ ਅਤੇ ਇਹ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਕੈਨੇਡਾ ਸਰਕਾਰ ਵੱਲੋਂ ਪਹਿਲਾ ਉਹਨਾਂ ਪੰਜ ਹਜ਼ਾਰ ਲੋਕਾਂ ਵਿਰੁੱਧ ਕਾਰਵਾਈ ਦੀ ਸੰਭਾਵਨਾ ਹੈ ਜਿਹੜੇ ਅਜੇ ਕੈਨੇਡੀਅਨ ਨਾਗਰਿਕ ਨਹੀਂ ਹਨ। ਪਰ ਬਤੌਰ ਪੀ ਆਰ ਕੈਨੇਡਾ ਦੀ ਧਰਤੀ ਤੇ ਰਹਿ ਰਹੇ ਹਨ। ਨਿਯਮਾਂ ਅਨੁਸਾਰ ਬਾਹਰਲੇ ਦੇਸ਼ਾਂ ਤੋਂ ਕੇਨੇਡਾ ਆਕੇ ਵਸੇ ਲੋਕਾਂ ਲਈ ਪਹਿਲੇ ਪੰਜ ਸਾਲਾਂ ਵਿਚੋਂ ਕੁਝ ਸਾਲ ਕੈਨੇਡਾ ਠਹਿਰਨ ਦੀ ਸ਼ਰਤ ਹੈ। ਪਰ ਕੁਝ ਲੋਕ ਇੰਮੀਗਰੇਸ਼ਨ ਵਿਭਾਗ ਦੇ ਅੱਖੀ ਘੱਟਾ ਪਾਕੇ ਇਹ ਠਹਿਰ ਪੂਰੀ ਕਰਨ ਤੋਂ ਬਿਨਾਂ ਹੀ ਕੈਨੇਡੀਅਨ ਨਾਗਰਿਕਤਾ ਹਾਸਲ ਕਰ ਲੈਂਦੇ ਹਨ। ਇੰਮੀਗਰੇਸ਼ਨ ਮੰਤਰਾਲੇ ਦੁਆਰਾ ਹੁਣ ਤੱਕ 6 ਸੌ ਲੋਕਾਂ ਦੀ ਪੀ ਆਰ ਖ਼ਤਮ ਕੀਤੀ ਜਾ ਚੁੱਕੀ ਹੈ। ਪੰਜ ਸੌ ਬਿਨੈਕਾਰਾਂ ਨੂੰ ਕੈਨੇਡੀਅਨ ਨਾਗਰਿਕਤਾ ਤੋਂ ਨਾਂਹ ਕੀਤੀ ਹੈ ਅਤੇ ਇੰਮੀਗਰੇਸ਼ਨ ਵਿਭਾਗ 1800 ਲੋਕਾਂ ਦੁਆਰਾ ਕੀਤੇ ਘਪਲਿਆਂ ਦਾ ਫੈਸਲਾ ਕਰੀ ਬੈਠਾ ਹੈ। ਇੰਮੀਗਰੇਸ਼ਨ ਮੰਤਰੀ ਅਨੁਸਾਰ ਪਿਛਲੇ ਛੇ ਸਾਲਾਂ ਵਿਚ ਬਾਹਰਲੇ ਦੇਸ਼ਾਂ ਦੇ ਲੋਕਾਂ ਲਈ ਕੈਨੇਡਾ ਆਕੇ ਵਸਣਾ ਸਭ ਤੋਂ ਵੱਡੀ ਪਹਿਲ ਰਹੀ ਹੈ ਪਰ ਗਲਤ ਤਰੀਕੇ ਨਾਲ ਇਸ ਮੁਲਕ ਵਿਚ ਆ ਕੇ ਵਸਣ ਦੀ ਆਗਿਆ ਕਿਸੇ ਨੂੰ ਨਹੀਂ ਹੈ।