ਕਿਤਾਬ ਦਾ ਨਾਮ : ਬੇਗ਼ਮ ਅਤੇ ਗੁਲਾਮ
ਲੇਖਕ : ਦਵਿੰਦਰ ਸਿੰਘ ਮਲਹਾਂਸ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ
ਮੁੱਲ : 100 ਰੁਪਏ (10ḙ ਕਨੇਡੀਅਨ)
ਚਰਚਾ ਕਰਤਾ : ਬਲਜਿੰਦਰ ਸੰਘਾ (ਫੋਨ 1403-680-3212)
ਪਰਵਾਸੀ ਕਹਾਣੀ ਲੇਖਕ ਪੰਜਾਬੀ ਕਹਾਣੀ ਸੰਸਾਰ ਦਾ ਦਾਇਰਾ ਹੋਰ ਵਿਸ਼ਾਲ ਕਰ ਰਹੇ ਹਨ ਤੇ ਪਰਵਾਸ ਨੂੰ ਹਕੀਕਤ ਵਿਚ ਹੰਢਾਉਣ ਕਰਕੇ ਉਹ ਪਿਆਰ,ਸਮਾਜਿਕ,ਆਰਥਿਕ ,ਰਾਜਨੀਤਕ ਵਿਸ਼ੇ ਜਿਹਨਾਂ ਤੇ ਬਹੁਤ ਲੰਬੇ ਸਮੇਂ ਤੋਂ ਕਹਾਣੀਆਂ ਲਿਖੀਆਂ ਜਾਂ ਰਹੀਆਂ ਹਨ, ਨਵੇਂ ਐਗਲ ਤੋਂ ਪਾਠਕਾਂ ਤੱਕ ਪਹੁੰਚਾ ਰਹੇ ਹਨ। ਇਹਨਾਂ ਪਰਵਾਸੀ ਕਹਾਣੀਕਾਰਾਂ ਵਿਚ ਹੀ ਇਕ ਨਾਂ ਦਵਿੰਦਰ ਸਿੰਘ ਮਲਹਾਂਸ ਦਾ ਜੁੜ ਗਿਆ ਹੈ ਤੇ ਉਸਦਾ ਇਹ ਪਹਿਲਾਂ ਕਹਾਣੀ ਸੰਗ੍ਰਹਿ ‘ਬੇਗ਼ਮ ਅਤੇ ਗੁਲਾਮ’ ਅਨਜੋੜ ਰਿਸ਼ਤਿਆਂ ਕਾਰਨ ਜ਼ਿੰਦਗੀ ਦੇ ਦਿਲ ਵਿਚ ਹਰ ਸਮੇਂ ਉੱਠਦੀ ਹੂਕ ਤੋਂ ਲੈਕੇ ਵਿਦੇਸ਼ਾਂ ਵਿਚ ਸਮਾਜਿਕ ਰਿਸ਼ਤਿਆਂ ਦੀ ਗਿਰਾਵਟ ਤੇ ਏਜੰਟਾਂ ਰਾਹੀ ਵਿਦੇਸ਼ਾਂ ਵਿਚ ਰੁਲਦੀ ਜਵਾਨੀ ਦੇ ਪੱਕੇ ਹੋਣ ਲਈ ਆਪਣੇ-ਆਪ ਤੇ ਸਮਾਜ ਨਾਲ ਕੀਤੇ ਸਮਝੋਤੇ ਅਤੇ ਦਾਅ ਤੇ ਲਾਈ ਜਵਾਨੀ ਦਾ ਦਰਦ ਹੈ,ਇਸ ਤਰ੍ਹਾਂ ਇਸ ਕਾਹਣੀ ਸੰਗ੍ਰਹਿ ਦੇ ਵਿਸ਼ੇ ਸਾਰੇ ਸੰਸਾਰ ਵਿਚ ਫੈਲੇ ਪੰਜਾਬ ਦੇ ਸਰੋਕਾਰਾਂ ਨੂੰ ਆਪਣੀ ਬੁੱਕਲ ਵਿਚ ਲੈਂਦੇ ਜਾਪਦੇ ਹਨ ਤੇ ਉਹਨਾਂ ਦਾ ਇਕ ਹੁਣ ਤੱਕ ਲੁਕਿਆ ਤੇ ਨਾ ਕਿਹਾ ਜਾਣ ਵਾਲਾ ਰੂਪ ਸਾਹਮਣੇ ਲੈਕੇ ਆਉਦੇਂ ਹਨ ,ਇਸ ਕਹਾਣੀ ਸੰਗ੍ਰਹਿ ਵਿਚ ਕੁੱਲ ਬਾਰਾਂ ਕਹਾਣੀਆਂ ਹਨ।
ਸਭ ਤੋਂ ਪਹਿਲੀ ਕਹਾਣੀ ‘ਮੋਚਨਾ’ ਹੈ ਜੋ ਇਹ ਗੱਲ ਬੜੀ ਸਹਿਜ ਤੇ ਸਰਲ ਭਾਸ਼ਾਂ ਵਿਚ ਬਿਆਨ ਕਰਦੀ ਹੈ ਕਿ ਵਿਦੇਸ਼ਾਂ ਵਿਚ ਵਸਣ ਲਈ ਕਿਸ ਤਰ੍ਹਾਂ ਮਾਪੇ ਆਪਣੀਆਂ ਧੀਆਂ ਦੇ ਅਨਜੋੜ ਰਿਸ਼ਤੇ ਕਰਦੇ ਹਨ ਤੇ ਇਹ ਅਨਜੋੜ ਰਿਸ਼ਤੇ ਕਿਵੇ ਅੱਗੇ ਹੋਰ ਅਨਜੋੜ ਰਿਸ਼ਤਿਆਂ ਨੂੰ ਜਨਮ ਦਿੰਦੇ ਹਨ ‘ਜਿਸ ਤਰ੍ਹਾ ਕਹਾਣੀ ਦੀ ਪਾਤਰ ਰਾਜਦੀਪ ਇਕ ਅਜੋੜ ਰਿਸ਼ਤੇ ਤੋਂ ਬਗਾਵਤ ਕਰਕੇ ਆਪਣਾ ਹਾਣ ਲੱਭਦੀ ਹੈ ਪਰ ਉਸਦਾ ਇਹ ਹਾਣ ਕਿਸੇ ਹੋਰ ਦਾ ਘਰ ਬਰਬਾਦ ਕਰ ਦਿੰਦਾ ਹੈ,ਇਸ ਤੋਂ ਇਲਾਵਾ ਇਹ ਮਨੁੱਖੀ ਮਨ ਦੀਆਂ ਹੋਰ ਪਰਤਾਂ ਵੀ ਉਧੜੇਦੀ ਹੈ,ਜਿਸ ਵਿਚੋਂ ਲੰਘਦੀ ਜਾਂਦੀ ਜਵਾਨੀ ਦਾ ਅਹਿਸਾਸ ਜਦੋਂ ਦਿਲ ਤੇ ਭਾਰੂ ਹੋ ਜਾਂਦਾ ਹੈ ਤਾਂ ਇਕ ਜਵਾਨ ਦਿਲ ਵਿਆਹ ਵਰਗੇ ਸਮਾਜਿਕ ਰਿਸ਼ਤੇ ਦਾ ਵੀ ਬਾਈਕਾਟ ਕਰਨਾ ਚਾਹੁੰਦਾ ਹੈ ਤੇ ਕੀ-ਕੀ ਉਧੇੜ-ਬੁਣ ਦਿਲ ਵਿਚ ਹੁੰਦੀ ਹੈ ਉਸਨੂੰ ਬੜੀ ਬਾਖੂਬੀ ਨਾਲ ਚਿਤਰਿਆ ਗਿਆ ਹੈ, ਜਿਵੇ ਜਵਾਨੀ ਬਾਰੇ ਕਿਹਾ ਗਿਆ ਹੈ ‘ਇਹ ਆਉਣ ਲੱਗੀ ਕਿਹੜਾ ਡੋਰ ਨੌਕ ਕਰਦੀ ਹੈ ਤੇ ਜਾਣ ਲੱਗੀ ਨੇ ਕਿਹੜਾ ਵੀਜ਼ਾ ਲੈਣਾ ਹੈ’ ।
ਕਹਾਣੀ ‘ਕੈਲਗਰੀ ਦਾ ਲੈਬ’ ਵਡੇਰੀ ਉਮਰ ਵਿਚ ਪਰਵਾਸੀ ਹੋਏ ਉਹਨਾਂ ਲੋਕਾਂ ਦਾ ਦਰਦ ਬਿਆਨ ਕਰਦੀ ਜੋ ਉਹ ਸਭ ਮਾਨ-ਸਨਮਾਨ ਖੋਹ ਦਿੰਦੇ ਹਨ ਜੋ ਉਹਨਾਂ ਨੇ ਆਪਣੀ ਜਨਮ ਭੂਮੀ ਤੇ ਸਾਰੀ ਉਮਰ ਵਿਚ ਕਮਾਏ ਹੁੰਦੇ ਹਨ ‘ਜਿਸ ਤਰ੍ਹਾਂ ਇਸ ਕਹਾਣੀ ਦਾ ਪਾਤਰ ਬਖਤੋਰ ਸਿੰਘ ਲੰਬੜਦਾਰ ਕੈਨੇਡਾ ਵਿਚ ਆਕੇ ਲੈਬ ਬਣਕੇ ਰਹਿ ਜਾਂਦਾ ਹੈ ਤੇ ਪਰ ਉਸਦਾ ਕੋਈ ਵੱਸ ਨਹੀਂ ਚੱਲਦਾ ਤੇ ਦਿਲ ਤੇ ਪੱਥਰ ਰੱਖਕੇ ਤੇ ਆਪਣਾ ਜ਼ਮੀਰ ਮਾਰਕੇ ਸਾਫ-ਸਫਾਈ ਦੇ ਕੰਮ ਵਿੱਚ ਜੁਟ ਜਾਂਦਾ ਹੈ,ਇਸ ਤੋਂ ਇਲਾਵਾ ਇਹ ਕਹਾਣੀ ਰਿਸ਼ਤੇਦਾਰੀਆਂ ਦੀ ਸ਼ਰਮ ਦੀ ਜੋ ਧੂਹ-ਘੜੀਸ ਵਿਦੇਸ਼ਾਂ ਵਿਚ ਹੁੰਦੀ ਹੈ ਉਸਨੂੰ ਵੀ ਬਿਆਨ ਕਰਦੀ ਹੈ,ਜਵਾਈ ਸਹੁਰੇ ਕੋਲ ਨੋਕਰੀ ਕਰਦਾ ਹੈ ਕੁੜਮ ਇਕੱਠੇ ਮਿਲਕੇ ਕਲੀਨ-ਅੱਪ ਕਰਨ ਜਾਂਦੇ ਹਨ,ਸਾਲੀਆਂ ਜੀਜੇ ਦੇ ਰੈਸਟੋਰੈਂਟ ਵਿਚ ਭਾਂਡੇ ਮਾਜਦੀਆਂ ਹਨ ਆਦਿ ਤੇ ਇਸੇ ਕਰਕੇ ਬਖਤਾਵਰ ਆਪਣੀ ਧੀ ਨੂੰ ਕਹਿੰਦਾ ਹੈ ‘ਕੁੜਮਚਾਰੇ ਵਿਚ ਚੰਗੇ ਨੀਂ ਲੰਗਦੇ ਕੰਮ ਕਰਦੇ,ਉੱਨੀ-ਇੱਕੀ ਦਾ ਪਰਦਾ ਹੁੰਦਾ ਹੈ ।ਇੱਜ਼ਤ ਨਹੀਂ ਰਹਿੰਦੀ ਰਿਸ਼ਤੇਦਰਾਂ ਵਿਚ’ ਇਹ ਕਹਾਣੀ ਕੈਨੇਡਾ ਦਾ ਪਾਸਪੋਰਟ ਹੋਣ ਕਾਰਨ ਵਿਆਹ ਵਿਚ ਲਏ ਪੱਚੀ-ਪੱਚੀ ਲੱਖ ਤੇ ਫਿਰ ਘਰ ਵਿਚ ਹੁੰਦੇ ਕਲੇਸ਼ ਤੇ ਦਿਨੋ-ਦਿਨ ਗਿਰ ਰਹੇ ਨੈਤਿਕ ਆਚਰਣ ਦਾ ਡਰੋਣਾ ਰੂਪ ਪੇਸ਼ ਕਰਦੀ ਹੈ।
ਕਹਾਣੀ ‘ਬੇਗ਼ਮ ਤੇ ਗੁਲਾਮ’ ਇਕ ਵੱਖਰੀ ਤਰ੍ਹਾਂ ਦੀ ਕਹਾਣੀ ਹੈ ਜੋ ਵਿਅੰਗ ਭਰੇ ਖੱਟੇ-ਮਿੱਠੇ ਬੋਲਾਂ ਨਾਲ ਤਾਸ਼ ਦੀ ਖੇਡ ਸੀਪ ਰਾਹੀ ਬੜੀਆਂ ਗੁੱਝੀਆਂ ਸੱਟਾਂ ਮਾਰਦੀ ਹੈ ਤੇ ਇਸਦੇ ਪਾਤਰ ਹਨ ਦੋਹਤਿਆਂ ਪੋਤਿਆਂ ਵਾਲੇ ਪਰਵਾਸੀ ਬਜ਼ੁਰਗ ਤੇ ਇਕ ਬਜ਼ੁਰਗ ਪਾਤਰ ਮਾਰਟਰ ਜੀ ਦੀ ਤੀਹਾਂ ਸਾਲਾਂ ਤੋਂ ਨਿੱਕੀ ਉਮਰ ਦੀ ਪਤਨੀ ਜੋ ਸਿੱਧੇ ਤੌਰ ਤੇ ਹਾਜ਼ਰ-ਨਾਜ਼ਰ ਪਾਤਰ ਤਾਂ ਨਹੀਂ ਪਰ ਕਹਾਣੀ ਦਾ ਕੇਂਦਰੀ ਧੁਰਾ ਉਹ ਹੀ ਹੈ ਤੇ ਇਸਨੂੰ ਮਾਸਟਰ ਜੀ ਨੇ ਕੈਨੇਡਾ ਦੇ ਪਾਸਪੋਰਟ ਦੇ ਦਮ ਤੇ ਹੀ ਵਿਆਹ ਲਈ ਸੀ, ਇਹ ਕਹਾਣੀ ਵੀ ਵਿਦੇਸ਼ਾਂ ਨੂੰ ਜਾਣ ਦੀ ਲਾਲਸਾ ਕਰਕੇ ਧੀਆਂ ਦੇ ਅਨਜੋੜ ਰਿਸ਼ਤੇ ਕਰਨ ਦੀ ਦਾਸਤਾਨ ਹੈ ਪਰ ਨਾਲ ਹੀ ਇਹ ਵੀ ਮੈਸਿਜ ਦਿੰਦੀ ਹੈ ਕਿ ਆਖਿਰ ਬਜੁæਰਗ ਅਜਿਹਾ ਕਰਦੇ ਕਿਉ ਨੇ ਜਿਸ ਤਰ੍ਹਾਂ ਮਾਸਟਰ ਕਹਿੰਦਾ ਹੈ’ਘਰੇ ਮੇਰੀ ਕੁੱਤੇ ਵਾਲੀ ਸਿਆਣ ਨੀ ਸੀ ਮੈਂ ਸੋਚਿਆ ਮਨਾਂ ਏਦਾਂ ਤਾਂ ਮੈ ਮਰਨ ਤੋਂ ਪਹਿਲਾ ਹੀ ਮਰਜੂ…’
‘ਪੱਕੀ ਫਸਲ’ ਕਹਾਣੀ ਉਹਨਾਂ ਮਾਪਿਆਂ ਦਾ ਦਰਦ ਹੈ ਜੋ ਕੈਨੇਡਾ ਵਰਗੇ ਦੇਸਾਂ ਵਿਚ ਸਾਰੀ ਉਮਰ ਮਿੱਲਾਂ ਤੇ ਫੈਕਟਰੀਆਂ ਵਿਚ ਹੱਡ ਭੰਨਵੀ ਮਿਹਨਤ ਕਰਦੇ ਹਨ ਪਰ ਬੱਚੇ ਨਸ਼ਿਆ ਵਿਚ ਪੈਕੇ ਗੈਂਗਵਾਦ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਇਸ ਹਲਾਤ ਵਿਚ ਮਾਪੇ ਕਈ ਤਰਾਂ ਦੇ ਡਰ ਜਿਵੇ ਔਲਾਦ ਦੇ ਜੁਆਨ ਉਮਰ ਵਿਚ ਕਿਸੇ ਹੋਰ ਗਂੈਗ ਹੱਥੋਂ ਮਾਰੇ ਜਾਣ ਦਾ ਡਰ, ਬੜੀ ਮਿਹਨਤ ਨਾਲ ਬਣਾਈ ਸਮਾਜਿਕ ਇੱਜ਼ਤ ਤੇ ਆਉਣ ਵਾਲੇ ਕਲੰਕ ਦਾ ਡਰ ਤੇ ਹੋਰ ਕਿੰਨੇ ਹੀ ਡਰ ਅਪਣੇ ਨਿੱਤ ਦੇ ਜੀਵਨ ਦਾ ਹਿੱਸਾ ਬਣਾ ਲੈਂਦੇ ਹਨ ਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਇਸੇ ਕਰਕੇ ਇਸ ਕਹਾਣੀ ਦਾ ਪਾਤਰ ਗੁਰਦੇਵ ਗੁਆਂਢੀ ਚੀਨੇ ਦੇ ਕਿਸੇ ਵਿਰੋਧੀ ਗਂੈਗ ਹੱਥੋਂ ਮਾਰੇ ਜਾਣ ਤੇ Aੁੱਚੀ-ਉੱਚੀ ਰੋਂਦਾ ਹੈ ਤੇ ਉਸਨੂੰ ਇੰਝ ਲੱਗਦਾ ਜਿਵੇ ਉਸਦਾ ਪੁੱਤਰ ਵੀ ਇਕ ਦਿਨ ਇਸੇ ਤਰ੍ਹਾਂ ਜੁਆਨ ਉਮਰ ਵਿਚ ਮਾਰਿਆ ਜਵੇਗਾ,ਕਹਾਣੀ ਦਾ ਨਾਂ ‘ਪੱਕੀ ਫਸਲ’ ਪੂਰੀ ਤਰ੍ਹਾਂ ਢੁੱਕਦਾ ਹੈ। ਕਹਾਣੀ ‘ਕਾਲਾ ਤੇ ਸੱਪ ਕਿਰਲੀਆਂ’ ਵਿਚ ਦਿਨੋ-ਦਿਨ ਗਰਕ ਰਹੇ ਸਮਾਜਿਕ ਰਿਸ਼ਤੇ,ਸ਼ਰੀਫ ਪਰਵਾਸੀਆਂ ਦੀ ਜ਼ਿੰਦਗੀ ਅਤੇ ਔਰਤ ਤੇ ਮਰਦ ਦੇ ਚਰਿੱਤਰ ਦੇ ਘਟੀਆਪਣ ਨੂੰ ਬਰਾਬਰ ਰੱਖਕੇ ਨੰਗਾ ਕੀਤਾ ਗਿਆ ਹੈ। ਹੋਰ ਕਹਾਣੀਆਂ ‘ਡੌਂਕਰ ਦੀ ਉਡੀਕ’ ਮਾਈਂਡ ਨਾ ਕਰੀ’ ‘ਜਨਮ ਦਿਨ ਮੁਬਾਰਕ’ ਮੁੱਖ ਰੂਪ ਵਿਚ ਏਜੰਟਾਂ ਰਾਹੀ ਲੱਖਾਂ ਰੁਪਏ ਖਰਚ ਕੇ ਵਿਦੇਸ਼ਾਂ ਵਿਚ ਰੁਲ ਰਹੀ ਜਵਾਨੀ ਦੀ ਤਸਵੀਰ ਹਨ ਤੇ ਨਾਲ ਹੀ ਖੂਨ ਦੇ ਰਿਸ਼ਤਿਆਂ ਦੇ ਬਦਲ ਰਹੇ ਰੰਗਾਂ ਦੀ ਦਾਸਤਾਨ ਹਨ ਤੇ ਬੜੀ ਸਰਲ ਭਾਸ਼ਾਂ ਵਿਚ ਉਹ ਗੱਲਾਂ ਕਹੀਆਂ ਗਈਆਂ ਹਨ ਜੋ ਕਈ ਸੀਰੀਅਸ ਵਿਸ਼ੇ ਛੂੰਹਦੀਆਂ ਹਨ, ‘ਵਿਸ਼ਵਾਂ ਮਿੱਤਰ’ ਕਹਾਣੀ ਵੀ ਇਕ ਪ੍ਰਦੇਸੀ ਨੌਜਵਾਨ ਰਾਹੀ ਇਹ ਸੰਦੇਸ਼ ਦਿੰਦੀ ਹੈ ਕਿ ਅਸਲ ਵਿਚ ਪਿਆਰ ਹੁਣ ਇਕ ਖਿਡੋਣੇ ਦਾ ਹੀ ਨਾਮ ਹੈ ਪਰ ਜੋ ਮਨੁੱਖ ਇਸ ਨੂੰ ਦਿਲ ਤੇ ਲਗਾ ਲੈਂਦੇ ਹਨ ਉਹ ਦਿਲ ਦੇ ਦਿਲ ਤੱਕ ਸੱਟ ਖਾ ਲੈਂਦੇ ਹਨ ਤੇ ਦੂਸਰੇ ਪਾਸੇ ਇਹ ਕਹਾਣੀ ਇਹ ਵੀ ਬਿਆਨ ਕਰਦੀ ਹੈ ਕਿ ਕਿਸੇ ਦੇਸ਼ ਵਿਚ ਵਸੇ ਪੱਕੇ ਪਰਵਾਸੀ ਆਪਣੀਆਂ ਲੜਕੀਆਂ ਦੇ ਰਿਸ਼ਤੇ ਕਿਸੇ ਕੱਚੇ ਲੜਕੇ ਨਾਲ ਕਰਨ ਨੂੰ ਗਲਤ ਸਮਝਦੇ ਹਨ ਕਿਉਂਕਿ ਉਹਨਾਂ ਦੇ ਪੱਕਾਂ ਹੋਣ ਤੇ ਰਿਸ਼ਤੇ ਟੁੱਟਣ ਦਾ ਡਰ ਹਮੇਸ਼ਾਂ ਰਹਿੰਦਾ ਹੈ ।
ਇਹਨਾਂ ਤੋਂ ਅਗਲੀ ਕਹਾਣੀ ‘ਸ਼ਨਾਖ਼ਤ’ ਹੈ ਜੋ ਪਹਿਲੀਆ ਕਹਾਣੀਆਂ ਤੋਂ ਵੱਖਰੀ ਹੈ ਤੇ ਉਸ ਦੌਰ ਦੀ ਕਹਾਣੀ ਹੈ ਜਦੋਂ ਪੰਜਾਬ ਦਹਿਸ਼ਤ ਦੀ ਹਵਾ ਨਾਲ ਘਿਰਿਆ ਹੋਇਆ ਸੀ ਤੇ ਉਸ ਸਮੇਂ ਪੁਲਸ ਦੇ ਰੋਲ ਦੀ ਦਾਸਤਾਨ ਹੈ, ਜੋ ਦੋਸ਼ੀ ਤੇ ਨਿਰਦੋਸ਼ ਦਾ ਫਰਕ ਭੁੱਲ ਗਈ ਸੀ ਪਰ ਜਦ ਉਹਨਾਂ ਨੂੰ ਰਿਸ਼ਵਤ ਦਿੱਤੀ ਜਾਂਦੀ ਸੀ ਤਾਂ ਦੋਸ਼ੀ ਵੀ ਨਿਰਦੋਸ਼ ਬਣ ਜਾਂਦਾ ਸੀ ਜੇ ਉਸਦੇ ਘਰ ਦੇ ਕੋਈ ਹੀਲਾ-ਵਸੀਲਾ ਨਹੀਂ ਕਰਦੇ ਸਨ ਤਾਂ ਉਸਦਾ ਝੂਠਾ ਪੁਲਸ ਮੁਕਾਬਲਾ ਬਣਾ ਦਿੱਤਾ ਜਾਂਦਾ ਸੀ, ਪੁਲਿਸ ਦੇ ਤਸ਼ੱਦਦ ਦੇ ਸਤਾਏ ਹੋਏ ਲੋਕ ਕਿਵੇ ਆਪਣੇ ਖੂਨ ਦੇ ਰਿਸ਼ਤੇ ਵੀ ਭੁੱਲਣ ਲਈ ਮਜ਼ਬੂਰ ਸਨ ਇਹ ਇਸ ਕਹਾਣੀ ਦਾ ਮੁੱਖ ਵਿਸ਼ਾਂ ਹੈ ਤੇ ਕਹਾਣੀ ਦਿਲਾਂ ਨੂੰ ਝੰਜੋੜਨ ਦੀ ਸਮੱਰਥਾ ਰੱਖਦੀ ਹੈ।
‘ਰੌਣਕੀ ਦੀ ਲੱਛਮੀ’ ਕਹਾਣੀ ਚਾਹੇ ਰੌਕਣੀ ਦੇ ਦੁਆਲੇ ਘੁੰਮਦੀ ਹੈ ਪਰ ਅਸਲ ਵਿਚ ਇਹ ਮਿਹਨਤ ਮੁੱਕਸ਼ਤ ਕਰਨ ਵਾਲੇ ਉਹਨਾਂ ਸਾਰੇ ਲੋਕਾਂ ਦੀ ਕਥਾ ਬਿਆਨ ਕਰਦੀ ਹੈ ਜੋ ਕਿਸੇ ਨਾ ਕਿਸੇ ਰੂਪ ਵਿਚ ਜ਼ਿੰਦਗੀ ਦੇ ਹਰ ਮੋੜ ਤੇ ਸਮਝੋਤੇ ਕਰਦੇ ਹਨ ਤੇ ਸਾਰੀ ਉਮਰ ਗੁਰਬਤ ਦੀ ਜਿੰæਦਗੀ ਜਿਉਂਦੇ ਹਨ ਤੇ ਸੰਤ ਰਾਮ ਉਦਾਸੀ ਵਾਲਾ ਸੂਰਜ ਇਹਨਾਂ ਦੇ ਵਿਹੜੇ ਕਦੇ ਨਹੀਂ ਮੱਘਦਾ, ‘ਖ਼ਤ ਬਿਨ ਸਿਰਨਾਵਿਊਂ’ ਕਹਾਣੀ ਉਸ ਪਿਆਰ ਦੀ ਕਹਾਣੀ ਹੈ ਜੋ ਜਵਾਨੀ ਦੇ ਚੜ੍ਹਨ ਨਾਲ ਹੀ ਜਨਮ ਲੈ ਲੈਦਾਂ ਹੈ ਤੇ ਅਸਫਲ ਹੋਕੇ ਵੀ ਸਫਲ ਹੁੰਦਾ ਹੈ ਤੇ ਸਾਰੀ ਉਮਰ ਇਕ ਮਿੱਠਾ ਦਰਦ ਦਿੰਦਾ ਹੈ ਮਨੁੱਖ ਇਸ ਪਿਅਰ ਦੀਆ ਨਿਸ਼ਾਨੀਆਂ ਸਾਂਭਦਾ ਕਈ ਵਾਰ ਮੁਸਬੀਤ ਵਿਚ ਫਸ ਜਾਂਦਾ ਹੈ, ਪਰ ਫਿਰ ਵੀ ਇਹਨਾਂ ਨੂੰ ਗਵਾਉਣਾ ਨਹੀਂ ਚਾਹੁੰਦਾ। ਅਸਲ ਵਿਚ ਹਰ ਇਕ ਕਹਾਣੀ ਦੇ ਅੱਗੇ ਕਈ-ਕਈ ਸੰਜੀਦਾ ਅਰਥ ਹਨ। ਜੋ ਪਾਠਕ ਸੋਚਦਾ ਹੈ ਕਹਾਣੀਆਂ ਉਸਤੋਂ ਅਲੱਗ ਤੇ ਨਵਾਂ ਮੋੜ ਕੱਟਕੇ ਆਪਣੇ ਅਖੀਰ ਵੱਲ ਪਹੁੰਚਦੀਆਂ ਹਨ ।ਜਿਵੇ ਕਿ ਕਹਾਣੀ ‘ਪੱਕੀ ਫਸਲ ਪੜ੍ਹਦੇ ਸਮੇਂ ਲੱਗਦਾ ਹੈ ਕਿ ਜਰੂਰ ਗੁਰਦੇਵ ਦਾ ਪੁੱਤਰ ਕਿਸੇ ਗੈਂਗ ਹੱਥੋਂ ਮਾਰਿਆ ਗਿਆ ਹੋਵੇਗਾ ਪਰ ਅਖੀਰ ਵਿਚ ਅਜਿਹਾ ਨਹੀਂ ਹੁੰਦਾ । ਇਸ ਤੋਂ ਇਲਾਵਾ ਕਹਾਣੀਆਂ ਵਿਚ ਕਟਾਕਸ਼ ਦਾ ਰੰਗ ਸਲਾਹੁਣਯੋਗ ਹੈ ਜਿਵੇ ਕਹਾਣੀ ਮੋਚਨਾ ਵਿਚ ‘ਖਾ-ਖਾ ਕੇ ਦੋਜ਼ੀਆਂ ਦੀ ਕੱਟੀ ਵਾਂਗ ਪਲੀ ਪਈ ਆ’ ਕੈਲਗਰੀ ਦਾ ਲੈਬ ਵਿਚ ‘ ਲੰਬੜਦਾਰਾਂ ਅਜੇ ਵੀ ਤੇਰੀ ਕਿਸਮਤ ਚੰਗੀ ਹੈ ਜਿਹੜਾ ਤੈਨੂੰ ਸਫਾਈ ਦਾ ਕੰਮ ਮਿਲ ਗਿਆ’ ਆਦਿ । ਪੁਸਤਕ ਵਿਚ ਲਿਖਾਈ ਦੀਆ ਕੁਝ ਕੁ ਗਲਤੀਆਂ ਹਨ, ‘ਮੋਚਨਾ’ ਕਹਾਣੀ ਦੇ ਮੁੱਖ ਪਾਤਰ ਦਾ ਕੋਈ ਨਾਮ ਸਾਹਮਣੇ ਨਹੀਂ ਆਉਂਦਾ ਜੋ ਕਿ ਬੜੀ ਅਸਾਨੀ ਨਾਲ ਲਿਆਇਆ ਜਾ ਸਕਦਾ ਸੀ,ਇਸੇ ਤਰ੍ਹਾਂ ਕਹਾਣੀ ‘ ਖ਼ਤ ਬਿਨ ਸਿਰਨਾਵਿਊਂ’ ਵਿਚ ਵੀ ਮੁੱਖ ਪਾਤਰ ਦਾ ਨਾਮ ਕਲੀਅਰ ਨਹੀਂ ਹੈ ਬੇਸ਼ਕ ਇਕ ਜਗ੍ਹਾਂ ਜੀਤਿਆ ਸ਼ਬਦ ਆਉਂਦਾ ਹੈ ਪਰ ਕੋਈ ਅਸਲੀ ਤਸਵੀਰ ਨਹੀਂ ਬਣਦੀ, ਇਹ ਇਸ ਕਰਕੇ ਜਰੂਰੀ ਹੁੰਦਾ ਹੈ ਕਿ ਜਿਸ ਪਾਤਰ ਦੇ ਦੁਆਲੇ ਕਹਾਣੀ ਘੁੰਮਦੀ ਹੈ ਜੇ ਉਸਦਾ ਕੋਈ ਨਾਂ ਰੱਖਿਆ ਗਿਆ ਹੋਵੇ ਤਾਂ ਪਾਠਕ ਉਸ ਨੂੰ ਜ਼ਿਆਦਾ ਡੁੰਘਾਈ ਨਾਲ ਆਪਣੇ ਮਨ ਵਿਚ ਚਿੱਤਰ ਸਕਦਾ ਹੈ ਤੇ ਜ਼ਿਆਦਾਂ ਅਨੰਦ ਮਾਣਦਾ ਹੈ । ਅਖੀਰ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਇਸ ਕਿਤਾਬ ਦੀਆਂ ਕਹਾਣੀਆਂ ਪਾਠਕ ਨੂੰ ਬੋਰ ਨਹੀਂ ਕਰਦੀਆਂ ਬਲਕਿ ਪੂਰੀ ਤਰਾ ਰੌਚਕ ਹਨ । ਸਰਲ ਭਾਸ਼ਾਂ ਦੀ ਵਰਤੋਂ, ਸੀਮਤ ਅਕਾਰ ਤੇ ਪਾਣੀ ਵਰਗਾ ਵਹਾ ਹੋਣ ਕਰਕੇ ਦਿਲ ਨਹੀਂ ਅੱਕਦਾ, ਕੁੱਲ ਮਿਲਾਕੇ ਇਹ ਇਕ ਆਪਣੀ ਕਿਸਮ ਦਾ ਸਫਲ ਕਹਾਣੀ ਸੰਗ੍ਰਹਿ ਹੈ। ਮੈਂ ਇਸਨੂੰ ਸਹਿਤ ਜਗਤ ਵਿਚ ਜੀ ਆਇਆ ਕਹਿੰਦਾ ਹਾਂ ਤੇ ਦਵਿੰਦਰ ਸਿੰਘ ਮਲਹਾਂਸ ਤੋਂ ਆਸ ਕਰਦਾ ਹਾਂ ਕਿ ਉਹ ਹੋਰ ਕਹਾਣੀਆਂ ਪਰਵਾਸੀ ਜ਼ਿੰਦਗੀ ਬਾਰੇ ਲਿਖਦਾ ਰਹੇ ਤੇ ਸਮਾਜ ਨੂੰ ਸੁਧਾਰਨ ਵਾਲੇ ਨਵੇ-ਨਵੇ ਵਿਸ਼ੇ ਉਸਦੀ ਕਲਮ ਛੂੰਹਦੀ ਰਹੇ।