ਮਹਿੰਦਰਪਾਲ ਸਿੰਘ ਪਾਲ ਸਾਹਿਤਕ ਹਲਕਿਆਂ ਵਿਚ ਇਕ ਜਾਣਿਆ-ਪਛਾਣਿਆ ਨਾਮ ਹੈ। ਬਚਪਨ ਤੋਂ ਹੀ ਲਿਖਣ ਦਾ ਸ਼ੌਕ ਰੱਖਣ ਵਾਲਾ ਇਹ ਲੇਖਕ ਬਹੁਤ ਹੀ ਮਿਲਾਪੜਾ, ਨਿਮਰ ਅਤੇ ਇਨਸਾਨੀਅਤ ਦੀਆ ਡੂੰਘੀਆਂ ਕਦਰਾਂ-ਕੀਮਤਾ ਰੱਖਣ ਵਾਲ ਇਨਸਾਨ ਹੈ। ਉਸਦਾ ਪਿੰਡ ਹੇੜੀਆਂ ਜ਼ਿਲ੍ਹਾ ਨਵਾਂ ਸ਼ਹਿਰ ਵਿਚ ਹੈ। ਇਹਨਾਂ ਦੇ ਪਿਤਾ ਸਵæਬਿਸੰæਭਰ ਸਿੰਘ ਸਾਕੀ ਪੰਜਾਬੀ ਦੇ ਪ੍ਰਸਿੱਧ ਕਵੀ ਸਨ ਤੇ ਇਗਲੈਡ ਵਿਚ ਰਹਿੰਦੇ ਹੋਣ ਕਰਕੇ ਮਹਿੰਦਰਪਾਲ 1970 ਵਿਚ ਇਗਲੈਂਡ ਆ ਗਿਆ ਅਤੇ ਅਪਣੇ ਘਰ ਲੱਗਦੀਆਂ ਸ਼ਾਇਰਾਂ ਅਤੇ ਲੇਖਕਾਂ ਦੀਆਂ ਮਹਿਫਲਾ ਜਿਸ ਵਿਚ ਗੁਰਦਾਸ ਰਾਮ ਆਲਮ ਅਤੇ ਸ਼ਿਵ ਕੁਮਾਰ ਬਟਾਵਲੀ ਵੀ ਹਾਜ਼ਰ ਹੋਇਆ ਕਰਦੇ ਸਨ ਅਚੇਤ ਹੀ ਮਹਿੰਦਰਪਾਲ ਐਸ਼ ਪਾਲ ਨੂੰ ਲੇਖਣੀ ਦੇ ਗੁਣਾਂ ਦੀ ਪਰਪੱਕਤਾ ਬਖ਼ਸ਼ਦੀਆਂ ਗਈਆਂ। ਫਿਰ ਜਿੰæਦਗੀ ਦੇ ਸਫਰ ਤੇ ਚਲਦਿਆਂ 1982 ਵਿਚ ਕਨੇਡਾ ਨੂੰ ਆਪਣਾ ਦੇਸ਼ ਬਣਾ ਲਿਆ ਤੇ ਕੈਲਗਰੀ ਸ਼ਹਿਰ ਵਿਚ ਰਹਿੰਦਿਆਂ ਹੋਇਆ ਸਵ: ਇਕਬਾਲ ਅਰਪਨ ਜੀ ਦੀ ਅਗਵਾਈ ਹੇਠ 1999 ਵਿਚ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦਾ ਮੈਂਬਰ ਬਣ ਗਿਆ। ਇਸ ਸਭਾ ਵਿਚ ਪਹਿਲਾ ਖ਼ਜਾæਨਚੀ, ਫਿਰ ਜਨਰਲ ਸਕੱਤਰ ਅਤੇ ਸਾਲ 2012 ਤੋਂ ਚੁਣੀ ਗਈ ਨਵੀਂ ਕਮੇਟੀ ਦੇ ਪ੍ਰਧਾਨ ਦੀ ਸੇਵਾ ਨਿਭਾ ਰਹੇ ਮਹਿੰਦਰਪਾਲ ਐਸ਼ ਪਾਲ ਨੇ ਆਪਣਾ ਪਹਿਲਾ ਕਾਵਿ-ਸੰਗ੍ਰਹਿ ‘ਨਵੇਂ ਸਵੇਰੇ ਨਵੀਆਂ ਮਹਿਕਾਂ’ 2003 ਵਿਚ ਸਾਹਿਤ ਦੀ ਝੋਲੀ ਪਾਇਆ ਅਤੇ ਇਸਦੀ ਸਾਹਿਤਕ ਹਲਕਿਆਂ ਵਿਚ ਕਾਫੀ ਚਰਚਾ ਹੋਈ। ਫਿਰ ਦੂਸਰੀ ਕਿਤਾਬ ‘ਖਮੋਸ਼ੀਆਂ’ 2008 ਵਿਚ ਪ੍ਰਕਾਸ਼ਿਤ ਹੋਈ। ਆਓ ਮਹਿੰਦਰਪਾਲ ਸਿੰਘ ਪਾਲ ਨੂੰ ਹੋਰ ਜਾਨਣ ਲਈ ਉਹਨਾਂ ਦੀਆ ਰਚਨਾਵਾਂ ਰਾਹੀ ਮਿਲੀਏ :-
ਹਰ ਚਿਹਰੇ ਦੇ ਪਿੱਛੇ ਅਜਕਲ ਚਿਹਰਾ ਛੁਪਿਆ ਹੈ।
ਥੋੜਾ ਥੋੜਾ ਚਾਨਣ ਬਹੁਤ ਹਨੇਰਾ ਛੁਪਿਆ ਹੈ।
ਹਾਲੇ ਰੁੱਤਾਂ ਆਈਆਂ ਨਾਹੀਂ ਸਾਂਝਾਂ ਪਾਉਣ ਦੀਆਂ,
ਹਾਲੇ ਆਪਾਂ ਅੰਦਰ ਤੇਰਾ ਮੇਰਾ ਛੁਪਿਆ ਹੈ।
ਡਰ ਨਾ ਕਾਲੀ ਰਾਤ ਦੇ ਕੋਲੋਂ ਇਹ ਹੈ ਭਾਗਭਰੀ,
ਏਸੇ ਰਾਤ ਦੀ ਕੁੱਖ ‘ਚ ਇੱਕ ਸਵੇਰਾ ਛੁਪਿਆ ਹੈ।
ਪੱਥਰ ਦੇ ਵਿਚ ਅੱਗ ਤੇ ਅੱਗ ‘ਚ ਤਪਸ਼ ਜਿਵੇਂ ਵੱਸੇ,
ਮੇਰੇ ਸਾਹਾਂ ਅੰਦਰ ਪਿਆਰ ਇਹ ਤੇਰਾ ਛੁਪਿਆ ਹੈ।
ਹਾਕਾਂ ਮਾਰ ਕੇ ਕੌਣ ਬੁਲਾਵੇ ਮੈਨੂੰ ਏਥੇ ਵੀ,
ਕੀ ਪ੍ਰਦੇਸਾਂ ਅੰਦਰ ਵੀ ਕੋਈ ਮੇਰਾ ਛੁਪਿਆ ਹੈ।
ਉਹ ਹੀ ਜੰਗਲ ਵਿੱਚੋਂ ਭਾਲ ਲਿਆਵੇਗਾ ਚੰਦਨ,
ਧੁਰ ਜੰਗਲ ਵਿਚ ਜਾਣ ਦਾ ਜਿਸ ਵਿਚ ਜੇਰਾ ਛੁਪਿਆ ਹੈ।
‘ਪਾਲ’ ਨਾ ਦੇ ਤੂੰ ਸਾਡੇ ਦਿਲ ਨੂੰ ਜ਼ਖ਼ਮ ਨਵੇਂ ਯਾਰਾ,
ਪਹਿਲਾਂ ਹੀ ਇਸ ਦਿਲ ਵਿਚ ਦਰਦ ਬਥੇਰਾ ਛੁਪਿਆ ਹੈ।
੨
ਅਜਨਬੀ ਇਸ ਸ਼ਹਿਰ ਦੇ ਵਿਚ ਦੋਸਤੀ ਦੀ ਭਾਲ ਹੈ।
ਨੇਰ੍ਹਿਆਂ ਰਾਹਾਂ ਦੇ ਅੰਦਰ ਰੌਸ਼ਨੀ ਦੀ ਭਾਲ ਹੈ।
ਦੂਜਿਆਂ ਦੀ ਹਰ ਖੁਸ਼ੀ ਵਿਚ ਖੁਸ਼ ਤਾਂ ਰਹਿੰਦਾ ਹਾਂ ਮਗਰ,
ਜੋ ਖੁਸ਼ੀ ਆਪਣੀ ਹੀ ਹੋਵੇ ਉਸ ਖੁਸ਼ੀ ਦੀ ਭਾਲ ਹੈ।
ਗੀਤ ਹੋਵੇ, ਸੋਜ਼ ਹੋਵੇ, ਰਾਗ ਜਿਸ ਅੰਦਰ ਹੋਵੇ,
ਬੇਸੁਰੇ ਬਾਜ਼ਾਰ ਵਿਚ ਉਸ ਬਾਂਸਰੀ ਦੀ ਭਾਲ ਹੈ।
ਲਭ ਰਿਹਾ ਹੈ ਕੋਈ ਈਸਾ ਕੋਈ ਭਾਲੇ ਰਾਮ ਨੂੰ,
ਮੈਨੂੰ ਤਾਂ ਇਸ ਭੀੜ ਅੰਦਰ ਆਦਮੀ ਦੀ ਭਾਲ ਹੈ।
ਫੁੱਲ ਪੱਤੇ ਖਾਰ ਜਿੱਥੇ ਰਹਿਣ ਮਿਲ ਕੇ ਦੋਸਤੋ,
ਸ਼ਹਿਰ ਦੇ ਉਸ ਬਾਗ ਦੀ ਤੇ ਉਸ ਗਲ਼ੀ ਦੀ ਭਾਲ ਹੈ।
ਹੋਸ਼ ਅੰਦਰ ਜ਼ਖਮ ਸਾਰੇ ਨਾਲ ਮੇਰੇ ਜਾਗਦੇ,
‘ਪਾਲ’ ਸੌਂ ਸਭ ਦਰਦ ਜਾਵਣ ਬੇਖੁਦੀ ਦੀ ਭਾਲ ਹੈ।
੩
ਪੂੰਝ ਕੇ ਹੰਝੂ ਜ਼ਰਾ ਤੂੰ ਮੁਸਕਰਾ।
ਗ਼ਮ ਨੂੰ ਐਨਾਂ ਦੋਸਤਾ ਨਾ ਦਿਲ ਤੇ ਲਾ।
ਬੀਤ ਚੁੱਕੇ ਪਲ ਨਾ ਵਾਪਸ ਆਂਵਦੇ,
ਬੀਤ ਚੁੱਕੇ ਦੇ ਲਈ ਸੋਚੀ ਨਾ ਜਾ।
ਵਕਤ ਭਰ ਦਿੰਦਾ ਹੈ ਹਰ ਇਕ ਜ਼ਖਮ ਨੂੰ,
ਜ਼ਖਮ ਭਰਨੇ ਦਾ ਕੋਈ ਤੂੰ ਕਰ ਉਪਾ।
ਹੈ ਪਰਾਇਆ ਜਾਂ ਤੇਰਾ ਆਪਣਾ ਕੋਈ,
ਸਾਰਿਆਂ ਦੇ ਨਾਲ ਤੂੰ ਹੱਸ ਕੇ ਨਿਵਾ।
ਖੋਲ੍ਹ ਦੇ ਦਿਲ ਦੇ ਤੂੰ ਬੂਹੇ ਬਾਰੀਆਂ,
ਆਉਣ ਦੇ ਅੰਦਰ ਕੋਈ ਤਾਜ਼ੀ ਹਵਾ।
ਚਾਕ ਹੈ ਸੀਨਾ ਤਾਂ ਫਿਰ ਵੀ ਗ਼ਮ ਨਾ ਕਰ,
ਦੋਸਤੀ ਦੀ ਉਸ ਉਪਰ ਮਰਹਮ ਲਗਾ।
‘ਪਾਲ’ ਬਣ ਜਾ ਆਦਮੀ ਦਾ ਮੀਤ ਤੂੰ,
ਜ਼ਿੰਦਗੀ ਨੂੰ ਜੀਣ ਦਾ ਫਿਰ ਲੈ ਮਜ਼ਾ।
ਬੱਚਿਆਂ ਵਾਲੀਆਂ ਆਦਤਾਂ
ਕੱਲ੍ਹ ਇੱਕ
ਸਿਆਣਾ ਆਦਮੀ
ਬੁੱਧੀਜੀਵੀ, ਬੁੱਧੀਵਾਨ
ਕਹਿ ਰਿਹਾ ਸੀ
ਸਾਨੂੰ ਬੱਚਿਆਂ ਵਾਲੇ
ਨਿੱਕੇ ਨਿੱਕੇ ਵਿਤਕਰੇ
ਇੱਕ ਪਾਸੇ ਰੱਖ ਕੇ
ਇੱਕ ਦੂਜੇ ਵੱਲ
ਮਿੱਤਰਤਾ ਦਾ ਹੱਥ
ਵਧਾਣਾ ਚਾਹੀਦਾ ਹੈ
ਪਰ ਮੈਂ ਸੋਚਦਾ ਹਾਂ
ਬੱਚੇ ਤਾਂ ਕਦੀ
ਕਿਸੇ ਨਾਲ ਰੰਗ ਦਾ
ਵਿਤਕਰਾ ਨਹੀਂ ਕਰਦੇ
ਨਾਂ ਹੀ ਉਨਾਂ੍ਹ ਨੇ ਕਦੀ
ੱਿeੱਕ ਦੂਜੇ ਤੋਂ ਉਸ ਦਾ
ਧਰਮ ਪੱਛਿਆ ਹੈ
ਉਹ ਕਦੀ ਕਿਸੇ ਦੀ ਜਾਤ
ਜਾਂ ਅਮੀਰੀ ਗਰੀਬੀ ਵੇਖ ਕੇ
ਮਿੱਤਰਤਾ ਨਹੀਂ ਕਰਦੇ
ਅਗਰ ਇੱਕ ਪਲ
ਇੱਕ ਦੂਜੇ ਨਾਲ ਨਾਰਾਜ਼ ਹਨ
ਦੂਜੇ ਹੀ ਪਲ ਫਿਰ ਦੋਸਤ
ਬਣ ਜਾਂਦੇ ਹਨ
ਲੜਾਈ
ਸੁਣਿਆ ਕਲ ਮੰਡੀ ਦੇ ਵਿਚ, ਝੋਨੇ ਦੀ ਬੋਲੀ ਸੀ ਚਲਦੀ
ਇਕ ਦੋ ਛਿੱਲੜਾਂ ਦੀ ਹੀ ਖਾਤਿਰ ਮੰਡੀ ਵਿਚ ਵਿਪਾਰੀ ਲੜ ਪਏ।
ਗੁਰਬਤ ਮਾਰੇ ਥੱਕੇ ਹਾਰੇ, ਭੁੱਖ ਨੰਗ ਨਾਲ ਘੁਲਦੇ ਘੁਲਦੇ,
ਇੱਕ ਮੁੱਠੀ ਆਟੇ ਦੀ ਖਾਤਿਰ ਆਪੋ ਵਿਚ ਭਿਖਾਰੀ ਲੜ ਪਏ।
ਸਖਤ ਦਿਨ ਦੀ ਮਿਹਨਤ ਮਗਰੋਂ, ਸ਼ਾਮ ਜਦੋਂ ਉਹ ਘਰ ਨੂੰ ਆਏ,
ਜਸ਼ਨ ਮਨਾਂਦੇ, ਕੇਲੇ ਖਾਂਦੇ, ਬਾਂਦਰ ਅਤੇ ਮਦਾਰੀ ਲੜ ਪਏ।
ਨਿੱਤ ਖੇਡਦੇ ਸੀ ਉਹ ਕੱਠੇ, ਇਕ ਦੂਜੇ ਦੀ ਕਰਦੇ ਉਸਤਤ,
ਖੇਡ ਖੇਡਦੇ ਗਰਮੀ ਦੇ ਵਿਚ ਆਪੋ ਵਿਚ ਖਿਡਾਰੀ ਲੜ ਪਏ।
ਇੱਕ ਦਿਨ ਕਹਿੰਦੇ ਜੰਗਲ ਦੇ ਵਿਚ ਇੱਕੋ ਸਮੇਂ ਦੋ ਤੀਰ ਸੀ ਚੱਲੇ,
ਇੱਕ ਸ਼ਿਕਾਰ ਤੇ ਦੋ ਸ਼ਿਕਾਰੀ, ਜੰਗਲ ਵਿਚ ਸ਼ਿਕਾਰੀ ਲੜ ਪਏ।
ਮੋਹ ਮਾਇਆ ਤੋਂ ਬਚ ਕੇ ਰਹਿਣਾਂ, ਕਹਿਣ ਇਹ ਦੋਜ਼ਖ ਦਾ ਦਰਵਾਜ਼ਾ,
ਪਰ ਗੋਲਕ ਦੀ ਪੁੰਜੀ ਖਾਤਿਰ ਮੰਦਰ ਵਿਚ ਪੁਜਾਰੀ ਲੜ ਪਏ।
ਪਾਲ ਉਦੋਂ ਤਾਂ ਹੱਦ ਹੀ ਹੋ ਗਈ, ਪਰ ਨਾ ਜਾਣਾਂ ਕੀ ਹੋਇਆ ਸੀ,
ਲੋਕਾਂ ਨੂੰ ਰਾਹ ਦੱਸਦੇ ਦੱਸਦੇ ਆਪੋ ਵਿਚ ਲਿਖਾਰੀ ਲੜ ਪਏ।
ਜਿੱਦਾਂ ਦੋ ਵਿਪਾਰੀ ਲੜ ਪਏ, ਜਿੱਦਾਂ ਦੋ ਭਿਖਾਰੀ ਲੜ ਪਏ।
ਜਿੱਦਾਂ ਦੋ ਸ਼ਿਕਾਰੀ ਲੜ ਪਏ, ਜਿੱਦਾਂ ਦੋ ਪੁਜਾਰੀ ਲੜ ਪਏ